Saturday, March 8, 2014

Surjeet Kalsey

ਅੰਤ੍ਰਰਾਸ਼ਟਰੀ ਨਾਰੀ ਦਿਵਸ 8 ਮਾਰਚ ਨੂੰ ਸਮਰਪਿਤ ਸੁਰਜੀਤ ਕਲਸੀ ਦੀਆਂ ਕਵਿਤਾਵਾਂ
(ਕੇਨੇਡਾ ਦੀ ਧਰਤੀ ਤੇ ਪਿਛਲੇ ਚਾਲੀ ਸਾਲ ਤੋਂ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੀ  ਸ਼ਾਇਰਾ ਸੁਰਜੀਤ ਕਲਸੀ ਦੀਆਂ ਇਹ ਕਵਿਤਾਵਾਂ ਉਸ ਦੀ ਸਜੱਰੀ ਕਾਵਿ-ਪੁਸਤਕ “ਰੰਗ-ਮੰਡਲ ਤੇ ਔਰਤ-ਕਾਵਿ” ਵਿਚੋਂ ਹਨ ਜੋ ਅੰਤ੍ਰਰਾਸ਼ਟਰੀ ਨਾਰੀ ਦਿਵਸ 8 ਮਾਰਚ ਵਾਲੇ ਦਿਨ  ਚੰਡੀਗੜ੍ਹ ਵਿਚ ਰੀਲੀਜ਼ ਕੀਤੀ ਜਾ ਰਹੀ ਹੈ।)





ਸੰਘਰਸ਼ ਦੀ ਇਕ ਸਦੀ!

ਸਦੀਆਂ ਤੋਂ ਸੰਘਰਸ਼ ਜਾਰੀ ਹੈ!
ਬੰਦ ਘਰਾਂ ਦੇ ਦਰਵਾਜ਼ਿਆਂ ਤੇ ਖਿੜਕੀਆਂ ਦੇ ਅੰਦਰ
ਬਰਾਬਰੀ, ਸਤਿਕਾਰ ਤੇ ਮਾਨੁੱਖੀ ਸਮਝੇ ਜਾਣ ਦੇ
ਹੱਕ ਦੀ ਯੁਗਾਂ ਤੋਂ ਉਠਦੀ ਆਵਾਜ਼ ਦੀ ਗੂੰਜ ਜਾਰੀ ਹੈ
ਆਪਣੇ ਆਪ ਤੇ ਹੋਰਾਂ ਲਈ ਇਕ ਸੰਘਰਸ਼ ਜਾਰੀ ਹੈ।

ਸੌ ਸਾਲ ਤੋਂ ਸੰਘਰਸ਼ ਸਰਗਰਮੀ ਨਾਲ ਜਾਰੀ ਹੈ
ਘਰਾਂ ਤੋਂ ਦਰਾਂ ਤੋਂ ਬਾਹਰ ਆ ਮੁਸ਼ਕੱਤ ਕਰ ਰਹੀ
ਹੱਡ-ਭੰਨਵੀਂ ਮਿਹਨਤ ਦੇ ਮੁਆਵਜ਼ੇ ਲਈ ਲੜ ਰਹੀ
ਬਰਾਬਰੀ, ਸਤਿਕਾਰ ਤੇ ਮਾਨੁੱਖੀ ਸਮਝੇ ਜਾਣ ਲਈ
ਕਦੀ ਇੱਕਲੀ ਤੇ ਕਦੀ ਗਰੁੱਪਾਂ `ਚ ਸੰਘਰਸ਼ ਕਰ ਰਹੀ।

ਨਾ ਮਿਲੀ ਬਰਾਬਰੀ ਤੇ ਨਾ ਸਤਿਕਾਰ ਦੇ ਬੋਲ
ਸਫਰ ਔਜੜ ਤੇ ਲੰਮੇਰਾ ਮੰਜ਼ਿਲ ਅਜੇ ਬਹੁਤ ਦੂਰ ਹੈ
ਰਸਤਾ ਕੰਡਿਆਲਾ ਤੇ ਥਾਂ ਥਾਂ ਪੱਥਰਾਂ ਦੀ ਭਰਮਾਰ ਹੈ
ਪੈਂਡਾ ਕਰਦਾ ਲਹੂ-ਲੁਹਾਨ ਪੈਰ ਤੇ ਹੌਸਲਾ ਚੂਰ ਚੂਰ ਹੈ।

ਉਹ ਵਕਤ ਅਜਿਹਾ ਨਹੀਂ ਆਇਆ ਅਜੇ ਇਥੇ
ਜਿਸ ਸਵੇਰ ਹਰ ਔਰਤ ਦੇ ਚਿਹਰੇ ਤੇ ਖੇੜਾ ਹੋਵੇਗਾ
ਸੰਘਰਸ਼ ਦੇ ਪਰਚਮ ਦਾ ਰੰਗ ਲਾਲ ਹੈ ਅਜੇ
ਪਤਾ ਨਹੀਂ ਅਜੇ ਕਦੋਂ ਇਹ ਸੰਧੂਰੀ ਹੋਵੇਗਾ।

ਦੁੱਖਦੇ ਦਿਲਾਂ ਤੇ ਪੈਰਾਂ ਵਿਚ ਛਾਲੇ ਲੈ ਕੇ ਚਲਣਾ ਹੈ
ਅਜੇ ਤਾਂ ਚਲਦੇ ਰਹਿਣਾ ਹੈ ਅਜੇ ਤਾਂ ਮੰਜ਼ਿਲ ਦੂਰ ਹੈ।
ਸਮਾਜ ਦੀ ਸੋਚ ਦਾ ਹਨੇਰਾ ਅਜੇ ਨਹੀਂ ਹੋਣਾ ਦੂਰ ਹੈ!
ਸੰਘਰਸ਼ ਜਾਰੀ ਹੈ, ਜਾਰੀ ਰੱਖਣਾ ਹੈ, ਚਲਦੇ ਚਲੋ!
ਸੌ ਸਾਲ ਤਾ ਕੀ ਸਦੀਆਂ ਤੋ ਹੀ ਰਿਹਾ ਇਹ ਦਸਤੂਰ ਹੈ!
·


ਬੇਆਵਾਜ਼ ਔਰਤਾਂ

ਹਾਂ! ਬੈਠੀਆਂ ਨੇ ਅਜੇ ਵੀ
ਚੁੱਪ ਚਾਪ ਉਡੀਕ ਕਰ ਰਹੀਆਂ
ਕਿ ਕੋਈ ਆਵੇਗਾ
ਜਾਂ ਕੋਈ ਆਵੇਗ ਅੰਦਰੋਂ ਛਲਕ ਜਾਏਗਾ।
ਗਲੀ ਵਿਚ ਬੈਠੀਆਂ ਨੇ
ਬਿਨਾਂ ਫਰਸ਼ ਤੋਂ ਬਿਨਾਂ ਦਰਵਾਜ਼ੇ ਤੋਂ
ਇਕ ਘਰ ਖੜੋਤਾ ਹੈ
ਜਿਸ ਦੀਆਂ ਦੀਵਾਰਾਂ ਉਸੇ ਤਰ੍ਹਾਂ ਹਨ
ਬਿਨਾਂ ਦਰਵਾਜ਼ੇ ਦੇ ਇਸ ਘਰ ਵਿਚ
ਬੇਆਵਾਜ਼ ਔਰਤਾਂ
ਕੁਝ ਕਹਿੰਦੀਆਂ ਹਨ, ਪਰ
ਅਣਡਿੱਠ ਅਣਸੁਣੀਆਂ ਅਣਬੋਲੀਆਂ
ਰਹਿ ਜਾਂਦੀਆਂ ਹਨ
ਚੁੱਪ-ਚਾਪ ਉਡੀਕ ਕਰਦੀਆਂ
ਕਿ ਕੋਈ ਆਏਗਾ
ਉਹਨਾਂ ਦੇ ਪੈਰਾਂ ਥਲੇ
ਕੋਈ ਧਰਤੀ ਵਿਛਾ ਜਾਏਗਾ
ਸਿਰ ਤੇ ਆਸਮਾਨ ਟਾਂਕ ਜਾਏਗਾ
ਤਰਿਆਂ ਦੀ ਚੁੰਨੀ ਪਹਿਨਾਏਗਾ
ਸ਼ਾਇਦ ਘਾਹ ਦੀ ਤਿੜ ਦਾ ਤਿਣਕਾ
ਵੀ ਕਾਨੀ ਬਣ ਜਾਏਗਾ
ਤੇ ਉਹਨਾਂ ਦੇ ਦੁੱਖ ਦੀ ਤਵਾਰੀਖ਼ ਦੀ
ਇਕ ਲੰਮੀ ਦਾਸਤਾਨ ਲਿਖ ਜਾਏਗਾ
ਜਦ ਕੋਈ ਆਏਗਾ!

ਉਹ ਦਾਸਤਾਨ ਜੋ ਕਹਿਣੀ ਹੈ
ਉਹ ਉਡੀਕ ਵਿਚ ਬੁੱਢੀ ਹੋ ਚੁੱਕੀ ਹੈ!
ਜਮੂਦ ਵਿਚ ਹੈ ਸਮਾਂ
ਉਸੇ ਹੀ ਸਮੇਂ ਦੇ
ਉਸ ਪਲ ਵਿਚ ਰੁਕ ਗਈ ਹੈ
ਜਾਂ ਉਹਨਾਂ ਦੀ ਵਿਥਿਆ
ਕਿਸੇ ਨੂੰ ਸੁਣਾਈ ਨਹੀਂ ਦਿੰਦੀ
ਤੇ ਜੋੋ ਸੁਣ ਸਕਦੇ ਹਨ
ਉਹਨਾਂ ਨੇ ਔਰਤ ਦੀ ਵਿਥਿਆ ਤੇ
ਆਪਣੇ ਜ਼ਿਹਨ ਦਾ ਮੁਲੱਮਾ ਚਾੜ੍ਹ ਦਿੱਤਾ ਹੈ,
ਉਸ ਵਿਚਲੀ ਸੁੱਚਮ ਨੂੰ ਗੰਦਲਾ ਦਿੱਤਾ ਹੈ,
ਸੱਚ ਗੰਵਾ ਦਿੱਤਾ ਹੈ।

ਆਪਣੇ ਝੁਰੜੀਆਂ ਭਰੇ ਚਿਹਰਿਆਂ ਉਤੇ
ਦੀਵਿਆਂ ਵਾਂਗ ਬਲਦੀਆਂ ਅੱਖਾਂ ਨਾਲ
ਉਡੀਕ ਕਰਦੀਆਂ ਹਨ
ਕਿ ਕੋਈ ਆਵੇਗਾ
ਜਾਂ ਉਹ ਆਪਣੀ ਕਹਾਣੀ
ਆਪਣੀ ਦੇਹੀ ਤੇ ਲਿਖ ਕੇ
ਆਪਣੇ ਸੰਗ ਲੈ ਜਾਣਗੀਆਂ
ਜਾਂ ਘਾਹ ਦੀ ਤਿੜ ਦਾ
ਕੋਈ ਤਿਣਕਾ ਕਾਨੀ ਬਣ ਜਾਏਗਾ।
ਜਾਂ ਫਿਰ ਉਹ
ਇਸ ਯੁਗ ਵਿਚ ਵੀ
ਬੇਆਵਾਜ਼ ਰਹਿ ਜਾਣਗੀਆਂ।
·

ਭਰੀ-ਭਰਾਈ

ਭਰੀ ਭਰਾਈ ਰੱਬ ਦੀ ਜਾਈ
ਸਗਲ ਸਬੂਤੀ ਸਾਰੀ ਦੀ ਸਾਰੀ
ਨੰਗੇ ਪੈਰੀਂ ਤੁਰ ਕੇ ਆਈ
ਮੁੱਠੀ ਦੀਆਂ ਵਿਰਲਾਂ ਥਾਣੀ
ਕਿਣਕਾ ਕਿਣਕਾ ਕਰਕੇ
ਪਲ ਪਲ ਕਿਰਦੀ ਜਾਂਦੀ!
ਦਿਲ ਦੀ ਵੇਦਨ, ਸਬਰ ਸਬੂਰੀ
ਦੇਹ ਤੇ ਮਨ ਦੀਆਂ ਹੱਦਾਂ ਵਿਚੋਂ
ਕਤਰਾ ਕਤਰਾ ਸਿੰਮਦੀ ਜਾਂਦੀ
ਬੂੰਦ ਬੂੰਦ ਕਰ ਛਲਕੀ ਜਾਂਦੀ
ਦਿਲ ਨੂੰ ਚੀਰ ਖੁਆ ਦਿੰਦੀ
ਸਾਰਾ ਪਿਆਰ ਪਿਲਾ ਜਾਂਦੀ
ਮੁਹੱਬਤਾਂ ਦਾ ਅਣਮੁੱਕ ਖ਼ਜ਼ਾਨਾ
ਰੱਤੀ ਰੱਤੀ ਕਰ ਲੁਟਾ ਦਿੰਦੀ
ਮਨਫ਼ੀ ਹੁੰਦੀ ਖਰਚ ਹੋ ਜਾਂਦੀ।
ਪਤਾ ਹੀ ਨਾ ਲਗਦਾ ਕਦੋਂ
ਜਦ ਸਾਰੀ ਦੀ ਸਾਰੀ ਔਰਤ
ਖੁਰ ਜਾਂਦੀ ਮੁੱਕ ਜਾਂਦੀ!

ਦਿਲ ਵਿਚ ਸੁਰਾਖ਼

ਇਹ ਔਰਤ ਦਾ ਹੀ ਦਿਲ ਹੈ
ਕੋਮਲ ਫੁੱਲ ਫੌਲਾਦ ਜਿਹਾ
ਪੀੜ੍ਹੀ ਦਰ ਪੀੜ੍ਹੀ ਵਰਸੋਇਆ ਹੈ
ਔਰਤ ਦੇ ਦਿਲ ਵਿਚ ਇਕ ਸੁਰਾਖ਼!

ਦਿਲ ਸੋਚਦਾ ਹੈ, ਔਰਤ ਦਾ
ਮਸਤਕ ਹੈ ਸੰਵੇਦਨਸ਼ੀਲ ਵਿਵੇਕ
ਕੁਦਰਤ ਦੇ ਕਾਦਰ ਦਾ ਕ੍ਰਿਸ਼ਮਾ:
ਕੱਚੀ ਕਲੀ ਬਹਾਰ ਦੀ ਖਿੜ ਜਾਂਦੀ
ਮਹਿਕਣ ਟਹਿਕਣ ਲੱਗ ਜਾਂਦੀ
ਜਦ ਤੱਕ ਕੋਈ ਵਹਿਸ਼ਤ ਉਸ ਨੂੰ
ਆਪਣੇ ਪੈਰਾਂ ਹੇਠ ਮਸਲ ਨਾ ਦੇਂਦੀ
ਜਦ ਤੱਕ ਉਹ ਆਪਣਿਆਂ ਤੋਂ ਤੋੜ
ਇਕੱਲੀ ਕਰ ਦਿੱਤੀ ਨਾ ਜਾਂਦੀ!
ਜਦ ਤੱਕ ਪਰੰਪਰਾ ਦੀ ਆਵਾਜ਼
ਉਹਨੂੰ ਇਹ ਚੇਤਾ ਕਰਾ ਨਾ ਦੇਂਦੀ
ਕਿ ਔਰਤ ਦੇ ਦਿਲ ਵਿਚ ਹੈ ਇਕ ਸੁਰਾਖ਼!

ਜਨਮ ਵੇਲੇ ਮਾਂ ਨੇ ਦਿੱਤਾ ਇਹ ਸੁਰਾਖ਼
ਦਿਲ ਵਿਚੋਂ ਖੁੱਭਿਆ ਕਿੱਲ ਖਿੱਚ ਦਿੱਤਾ
ਜਦ ਪਹਿਲੀ ਵਾਰ ਚਾਨਣ ਡਿੱਠਾ
ਕੁੱਖ ਤੋਂ ਬਾਹਰ ਤੇ ਬੋਲ ਸੁਣੇ
ਗੁੜ੍ਹਤੀ ਦੇ ਨਾਲ: "ਵਾਰਸ ਨਹੀਂ,
ਪੱਥਰ ਡਿੱਗ ਪਿਆ
ਸਾਡੇ ਘਰ ਫਿਰ ਇਸ ਵਾਰ!"

ਹਰ ਨਵ-ਜਨਮੀ ਬੱਚੀ ਦੀ
ਨਿਕਲ ਜਾਂਦੀ ਬੜੀ ਮਾਰਮਿਕ ਚੀਖ਼
ਕਿੱਲ ਖਿੱਚਣ ਨਾਲ ਜੋ ਬਣ ਜਾਂਦਾ
ਦਿਲ ਵਿਚ ਜੰਮਦੇ ਸਾਰ ਸੁਰਾਖ਼!

ਪਰੰਪਰਾ ਨੇ ਦਿੱਤਾ ਦਿਲ ਦਾ ਸੁਰਾਖ਼
ਹੱਸਦੀ ਹੱਸਦੀ ਕਹਿੰਦੀ ਸੀ ਮਾਂ
ਕਿ ਉਹਦੇ ਦਿਲ ਵਿਚ ਵੀ ਸੀ ਇਕ ਸੁਰਾਖ਼
ਉਹਦੀ ਮਾਂ ਦੇ ਦਿਲ ਵਿਚ ਵੀ
ਤੇ ਉਹਦੀ ਮਾਂ ਦੀ ਮਾਂ ਦੇ ਦਿਲ ਵਿਚ ਵੀ
ਤੇ ਉਹਦੀ ਮਾਂ ਦੀ ਮਾਂ ਦੇ ਦਿਲ ਵਿਚ ਵੀ
ਸੀ ਇਕ ਸੁਰਾਖ਼!

ਗੁੜ੍ਹਤੀ ਦੇ ਨਾਲ ਮੌਹਰਾ ਚੱਟਦੀ
ਨ੍ਹਰੇ ਜ਼ਿਹਨਾਂ ਦੀ ਕਾਲਖ਼ ਹਰਦੀ
ਪੀ ਪੀ ਅੱਗ ਭਰਮਾਂ ਵਹਿਮਾਂ ਦੀ
ਹਰ ਦੁੱਖੜਾ ਸੀਨੇ ਵਿਚ ਜਰਦੀ
ਕਿਸੇ ਤਰਾਂ੍ਹ ਉਹ ਮਰਦੀ ਭਰਦੀ
ਆਪਣੀ ਕੁੱਖ ਦੀ ਧਰਤੀ ਨੂੰ
ਸਦੀਆਂ ਤੋਂ ਜ਼ਰਖ਼ੇਜ਼ ਹੈ ਕਰਦੀ!
ਇਹ ਔਰਤ ਦਾ ਹੀ ਦਿਲ ਹੈ
ਕੋਮਲ ਫੁੱਲ ਫੌਲਾਦ ਜਿਹਾ
ਕੀ ਹੋਇਆ ਜੇ ਪੀੜੀ੍ਹ ਦਰ ਪੀੜੀ੍ਹ
ਔਰਤ ਦੇ ਦਿਲ ਵਿਚ
ਕੀਤਾ ਜਾਂਦਾ ਹੈ ਇਕ ਸੁਰਾਖ਼!
·

ਲਿਖ ਤੁਮ ਅਗੇ ਸਖੀ

ਤੂੰ ਗ਼ਮ ਨਾ ਕਰ ਸਖੀ
ਹਰ ਔਰਤ ਦਾ ਆਪਣਾ
ਇਕ ਅੰਬਰ ਹੁੰਦਾ ਹੈ
ਆਪਣੇ ਹੀ ਚੰਦ, ਸੂਰਜ ਤਾਰੇ
ਪੈਰਾਂ ਹੇਠਾਂ ਆਪਣੀ ਧਰਤੀ
ਤੇ ਆਪਣੀ ਰੂਹ ਦੇ ਸਹਾਰੇ।

ਹੇ ਸਖੀ, ਜਿਹਨਾਂ ਦੇ ਹੱਥਾਂ ਵਿਚ ਹਮੇਸ਼ਾ
ਪਾੜੋ ਤੇ ਰਾਜ ਕਰੋ ਦੀ ਛੁਰੀ ਫੜ੍ਹੀ ਹੁੰਦੀ ਹੈ
ਉਹਨਾਂ ਦੀ ਬੋਲਾਂ ਦੀ ਤਲਵਾਰ ਨਾ ਸਿਰਫ
ਦੋਸਤੀਆਂ ਨੂੰ ਚੀਰਨ ਜਾਣਦੀ ਹੈ ਸਗੋਂ
ਰਿਸ਼ਤੇ ਨਾਤੇ ਤੇ ਮਾਂ ਦੇ ਦੁੱਧ ਨੂੰ ਵੀ
ਆਪਣੀ ਗਰਜ਼ ਹਿੱਤ ਵਿਹੁਲਾ ਕਰਕੇ
ਬੇਰਹਿਮੀ ਨਾਲ ਲੱਥ-ਪੱਥ ਕਰ ਜਾਂਦੇ।

ਮੁਨਸਫ ਦੀ ਕਲਮ ਇਨਸਾਫ ਲਿਖਣ ਸਮੇਂ
ਮਜ਼ਲੂਮ ਦੇ ਲਹੂ ਵਿਚੋਂ ਡੋਬਾ ਲੈ ਕੇ
ਸਦਾ ਅਨਿਆਂ ਲਿਖ ਜਾਂਦੀ ਹੈ!
ਨਿਮਰਤਾ ਤੇ ਦੀਨਤਾ ਦੇ ਮਖੋੌਟੇ ਹੇਠ
ਲੁਕੇ ਘਿਨਾਉਣੇ ਚਿਹਰੇ ਕਦੀ ਨਾ ਕਦੀ
ਆਪਣੇ ਆਪ ਨਿਰਵਸਤਰ ਹੋ ਜਾਂਦੇ
ਅਪਮਾਨ ਤੇ ਤਿਰਸਕਾਰ ਦੇ ਜ਼ਹਿਰੀ ਬੋਲੇ
ਚੁਰਾਹੇ ਵਿਚ ਫੁੱਟ ਸ਼ਰਮਸਾਰ ਹੋ ਜਾਂਦੇ।

ਦਮਗਜ਼ੇ ਮਾਰਦਾ ਸੀ ਉਹ ਬੰਦਾ, ਜਿਸ ਨੇ
ਹਾਉਮੈ, ਫਰੇਬ ਤੇ ਦੰਭ ਦਾ
ਇਕ ਵੱਡਾ ਮਹਿਲ ਉਸਾਰਿਆ ਸੀ

ਭੁੱਲ ਗਿਆ ਸੀ ਕਿ ਸਾਹ ਮੁਕਣ ਸਾਰ ਹੀ
ਵੈਰ ਵਿਰੋਧ ਦਾ ਝੱਗੜਾ ਮੁੱਕ ਜਾਂਦਾ ਹੈ!
ਇਨਸਾਫ਼ ਤਾਂ ਦਰਗਾਹੋਂ ਆਉਂਦਾ ਹੈ!

ਹੇ ਸਖੀ! ਤੂੰ ਗ਼ਮ ਨਾ ਕਰ
ਜਿਸ ਨੇ ਤੇਰੇ ਚੰਨ ਤਾਰਿਆਂ ਨੂੰ
ਧਰਤੀ ਤੇ ਲਿਆਕੇ ਕੁਚਲਨਾ ਚਾਹਿਆ
ਉਹ ਬੁਜ਼ਦਿਲ ਬੇਵਫ਼ਾ ਹੋ ਗਿਆ!
ਆਪਣੇ ਈਮਾਨ ਤੋਂ ਡਿੱਗ ਗਿਆ!
ਆਪਣੇ ਆਪ ਨੂੰ ਰੱਬ ਸਮਝਣ ਵਾਲਾ
ਆਪਣੇ ਹੀ ਜ਼ਿਹਨ ਦੇ ਜ਼ਹਿਰ ਨਾਲ
ਸਹਿਕ ਸਹਿਕ ਦਮ ਤੋੜ ਗਿਆ।

ਆਖ਼ਰ ਕਦੋਂ ਤੱਕ?

ਕਦੀ ਉੱਚੇ ਸਾਹ ਨਾ ਭਰਦੀ
ਪਿੰਡੇ ਹੰਡਾਅ ਕੇ ਅਨੇਕ ਜ਼ਖ਼ਮ
ਸੀਨੇ ਤੇ ਖਾਕੇ ਹਜ਼ਾਰ ਗ਼ਮ
ਫਿਰ ਵੀ ਮਰਦੀ ਭਰਦੀ
ਆਪਣੀ ਵੱਤਰ ਜ਼ਮੀਨ ‘ਚੋਂ
ਜ਼ਿੰਦਗ਼ੀ ਪੈਦਾ ਕਰਦੀ!

ਕਦੋਂ ਤੱਕ ਇਹ ਸਾਡਾ ਸਮਾਜ
ਉਸ ਨੂੰ ਦੂਜੇ ਦਰਜੇ ਦੀ ਸਮਝ
ਬਰਾਬਰੀ ਮਾਣ ਤੇ ਸਤਿਕਾਰ ਤੋਂ
ਵਾਂਝਿਆ ਰੱਖੇਗਾ? ਆਖ਼ਰ ਕਦੋਂ ਤੱਕ
ਉਸ ਦੇ ਹੱਕਾਂ ਤੋਂ ਮੁਨਕਰ ਰਹੇਗਾ?

ਔਰਤ ਦੇ ਕੁਝ ਕਹਿਣ ਤੋਂ ਪਹਿਲਾਂ ਹੀ
ਉਸ ਦੇ ਕੰਬਦੇ ਹੋਠਾਂ ਨੂੰ ਤੱਕ
ਤੁਸੀਂ ਤਾਂ ਕੰਨ ਬੰਦ ਕਰ ਲੈਂਦੇ ਹੋ
ਰੀਤਾਂ ਦੇ ਅਖਾੜੇ ਦੇ ਦੰਗਲ ਵਿਚ
ਬਰਾਬਰੀ ਤੋਂ ਮੁਨਕਰ ਹੋ ਜਾਂਦੇ ਹੋ
ਔਰਤ ਲਈ ਜੂਝਣ ਦਾ ਦਮ ਭਰਦੇ,
ਔਰਤ ਨੂੰ ਹੀ ਮਨਫ਼ੀ ਕਰ ਦਿੰਦੇ ਹੋ।

ਕੰਨਾਂ ਵਿਚ ਅਜੇ ਵੀ ਹੈ ਸਿੱਕਾ ਢਲਿਆ
ਕਿਤੇ ਕੰਨਾਂ ਵਿਚ ਸੁਲਗਦੇ ਬੋਲ ਪੈ ਜਾਣ
ਸ਼ਾਇਦ ਕੁਝ ਸਹੀ ਸੁਣਾਈ ਦੇਣ ਲਗ ਪਵੇ
ਧਾਰਨਾਵਾਂ ਨਾਲ ਘੜੀ ਘੜਾਈ ਔਰਤ ਦੀ--
ਝੂਠ ਫਰੇਬ ਕੁਫਰ ਭਰੀ ਕਥਾ ਸ਼ਰਮਸਾਰ ਹੋ ਜਾਏੇ
ਤੇ ਪੁਰਾਣੀ ਸੋਚ ਨੂੰ ਨਵੀਂ ਜਾਗ ਲਾ ਦੇਵੇ।
ਇਹ ਕਿਸ ਤਰਾਂ੍ਹ ਦਾ ਤਹਈਆ ਕਰਦੇ ਹੋ
ਕਿ ਕੁਝ ਨਾ ਕਰਨ ਦਾ ਹਰ ਵਾਰ
ਕੋਈ ਨਾ ਕੋਈ ਬਹਾਨਾ ਲਭ ਲੈਂਦੇ ਹੋ!

ਆਖਰ ਕਦੋਂ ਬੰਦ ਹੋਵੇਗਾ ਜ਼ੁਲਮ ਤੇ ਜਬਰ
ਕਦੋਂ ਪੁਰਾਣੀ ਕੋਝੀਆਂ ਧਾਰਨਾਵਾਂ ਦੀ ਸੋਚ
ਸਮਾਜ਼ ਦੇ ਜ਼ਿਹਨਾਂ `ਚੋਂ ਖੁਰਚ ਕੇ ਉਤਰੇਗੀ
ਕਦੋਂ ਰਾਹ ਰੋਸ਼ਨ ਹੋਣਗੇ ਕਦ ਮਾਹੌਲ ਬਦਲੇਗਾ
ਜ਼ੁਲਮ ਰਹਿਤ ਹਵਾ ਦਾ ਝੋਕਾਂ ਕਦ ਆਏਗਾ?
ਜਿਸ ਵਿਚ ਔਰਤ ਸਾਹ ਲੈ ਸਕੇ
ਆਪਣੇ ਆਪ ਨੂੰ ਮਹਿਫੂਜ਼ ਕਰ ਸਕੇ
ਆਪਣੇ ਕਿਰਦਾਰ ਨਿਭਾਉਂਦੀ ਹੱਸ ਸਕੇ
ਕੰਮ ਕਰਦੀ, ਪੜ੍ਹਦੀ, ਘਰੋਂ ਬਾਹਰ ਜਾਂਦੀ
ਸਭ ਨੂੰ ਸੁੱਖ ਸ਼ਾਂਤੀ ਦੇਂਦੀ ਮਾਂ, ਭੈਣ, ਧੀ
ਮਹਿਫੂਜ਼ ਹੋ ਸੁਖਾਂਵੀਂ ਜਿੰਦਗੀ ਜੀਓਂ ਸਕੇ?
ਆਖ਼ਿਰ ਹੋਰ ਕਦੋਂ ਤੱਕ? ਕਦੋਂ ਤੱਕ?



(ਸੁਰਜੀਤ ਕਲਸੀ ਦੀ ਸਜੱਰੀ ਕਾਵਿ ਪੁਸਤਕ “ਰੰਗ-ਮੰਡਲ ਤੇ ਔਰਤ-ਕਾਵਿ” ਵਿਚੋਂ )




No comments:

Post a Comment