Showing posts with label ਜਸਲੀਨ ਕੌਰ. Show all posts
Showing posts with label ਜਸਲੀਨ ਕੌਰ. Show all posts

Saturday, January 15, 2011

ਜਸਲੀਨ ਕੌਰ- ਇੰਗਲੈਂਡ


ਮੌਡਰਨ ਬੁੱਧ

ਹੁਣ ਬੁੱਧ ਹੌਲੀ ਹੌਲੀ ਹੱਸਦਾ ਹੈ
ਕਲ ਮੈਂ ਤਸਵੀਰ ਵੇਖੀ
ਬੁੱਧ ਦੀ
ਢਿੱਲੀ ਨਕਟਾਈ
ਨਾਨਕ ਵਾਂਗ ਸਰੂਰੀ ਅੱਖਾਂ


ਬੀਜ

ਮੇਰੇ ਕੋਲ ਸਿਰਹਾਣਾ ਨਹੀਂ ਮੁਹੱਬਤ ਵਾਲਾ
ਇਸੇ ਕਰਕੇ ਕਮਰੇ 'ਚ ਕੀਟ ਪਤੰਗੇ ਨੇ

ਮੇਰਾ ਗਰਭ ਬੰਜਰ ਨਹੀਂ
ਇਹ ਬੀਜ ਲਈ ਤਰਸਦਾ

ਸਿਰਜਣਾ
ਹਰਿਆ ਭਰਿਆ ਗਰਭ ਐ
ਤੇ ਮੈਂ ਵੱਤਰ
ਹਰ ਰੋਜ਼ ਮੇਰੀ ਕਵਿਤਾ ਦਾ ਗਰਭ-ਪਾਤ ਹੁੰਦਾ

ਚਲਾਕ ਲੂੰਮੜੀ ਵਾਂਗ ਉਹ ਮੇਰੇ ਦਰ ਤੇ ਆਉਂਦੀ ਏ
ਘੁੱਪ ਹਨੇਰੇ 'ਚ
ਕਵਿਤਾ ਦਰ ਤੇ ਖੜੀ ਪ੍ਰਸ਼ਨ-ਚਿੰਨ੍ਹ ਉਲਾਰਦੀ ਏ

ਬੀਜ ਧਰਤੀ ਦੀ ਹਿੱਕ 'ਤੇ ਡਿੱਗਦਾ
ਧਰਤੀ ਸੁੰਘ ਪਰਤ ਜਾਂਦਾ

ਬ੍ਰਹਮਾਂ ਅਸੁਰਾਂ ਹੱਥ ਬ੍ਰਹਮ ਅਸਤਰ ਘਲਦਾ
ਬੀਜ ਦੇ ਕਤਲ ਲਈ
ਤੇ ਮੈਂ ਸੌਣ ਤੋਂ ਤਰਸਦੀ ਹਾਂ

ਗੁਰੂ

ਮੇਰੀਆਂ ਦੁਬਿਧਾਵਾਂ ਲੈ ਲੈ
ਲਫ਼ਜ਼ ਮੋੜ ਦੇ

ਭਾਵਨਾਵਾਂ ਸ਼ਬਦਾਂ 'ਚ ਤਬਦੀਲ ਹੋ ਜਾਣ

ਬਹੁਤ ਵਾਰ ਦਿਲ ਕਰਦੈ
ਤੇਰੇ ਲਈ
ਇਕ ਪੈਸਾ ਘੜਾਂ
ਹੱਥ ਦੀ ਤਲੀ ਦੇ ਐਨ ਵਿਚਕਾਰ
ਤ੍ਰੇਲ ਤੁਪਕੇ ਵਾਂਗ ਚਮਕਣ ਵਾਲਾ

ਸੁਪਨਾ ਖੁਲ੍ਹਦਾ ਤਾਂ
ਨਾ ਪ੍ਰਤੱਖ ਗੁਰੂ

ਨਾ ਤ੍ਰੇਲ ਤੁਪਕਾ

ਮੰਡੀ 'ਚ ਉਹ ਸਿੱਕਾ
ਹੁਣ ਦੇ ਠੇਕੇਦਾਰ
ਖੇਹ 'ਚ ਰੋਲਦੇ ਨੇ

ਪਲਟ ਕੇ ਜੁਆਬ ਦੇਣ ਲਗਿਆਂ
ਜੀਭ ਦੇ ਨਾਚ ਦੇ
ਅਨੰਤ ਹੋਣ ਦੇ ਡਰ ਤੋਂ
ਮੈਂ ਥਮ ਜਾਂਦੀ ਆਂ

ਦਿਲ ਕਦੇ ਭਰ ਆਏ ਤਾਂ ਆਵਾਜ਼ ਦੇਈਂ

ਮੈਂ ਚਿੜੀ ਦੀ ਸਵਾਰੀ ਕਰ
ਪੈਰ
ਜ਼ਮੀਨ 'ਤੇ ਧਰ ਲਵਾਂਗੀ
`````````````````।


ਧੰਨਵਾਦ ਸਹਿਤ 'ਫਿ਼ਲਹਾਲ', ਪੁਸਤਕ ਲੜੀ 8 ਵਿਚੋਂ
ਸੰਪਾਦਕ ਗੁਰਬਚਨ