Sunday, October 20, 2013

ਡਾ. ਸਵਰਨਜੀਤ ਕੌਰ ਗਰੇਵਾਲ / ਲੁਧਿਆਣਾ

੧. ਚੁੱਪ ਦਾ ਸ਼ੋਰ...

ਮੇਰੇ ਚਾਰ ਚੁਫ਼ੇਰੇ ਚੁੱਪ ਦਾ ਸ਼ੋਰ ਹੈ
 ਜਿਸ ਬੁੱਲ੍ਹਾਂ 'ਤੇ ਮੇਰੇ
ਜਮਾ ਦਿੱਤੀ ਹੈ ਪੇਪੜੀ ਜਿਹੀ|


ਇਸ ਚੁੱਪ ਦੀਆਂ
 ਗਹਿਰੀਆਂ ਨੇ ਸੱਟਾਂ
ਜਿਉਂ ਵੱਜਦੀਆਂ ਨੇ ਵਦਾਣ ਵਾਂਗ
ਸਿਰ ਵਿਚ ਮੇਰੇ|


ਕਿਸੇ ਅਣਜੰਮੀ ਬਾਲੜੀ ਦੀ ਚੀਕ ਹੈ
 ਜੋ ਸਿਸਕ ਸਿਸਕ ਕੇ ਆਖ ਰਹੀ...
ਬਚਾ ਲਓ ਵਜੂਦ ਮੇਰਾ.....
ਮਾਪਿਆਂ ਦੇ ਬੁਢਾਪੇ ਦੀ ਡੰਗੋਰੀ
ਬਣਨਾ ਪਏ ਵੀਰ ਦੀ ਥਾਂ ਸ਼ਾਇਦ ਮੈਨੂੰ ਹੀ|


ਓਧਰ ਇਸ ਚੁੱਪ ਵਿਚ
ਹਾਉਕਾ ਹੈ ਕਿਸੇ ਅਬਲਾ ਦਾ
ਜਿਸਦਾ ਗਰੀਬ ਬਾਪ
ਜੁਟਾ ਨਹੀਂ ਸਕਿਆ
ਜ਼ਿੰਦਗੀ ਭਰ ਦੀ ਮਿਹਨਤ ਵਿਚੋਂ
ਉਸ ਲਈ ਭਰਿਆ ਪੂਰਾ ਦਾਜ
ਭਾਵੇਂ ਪੜ੍ਹਾ ਕੇ ਧੀ ਨੂੰ ਉਸਨੇ
ਬਣਾ ਦਿੱਤਾ ਹੈ ਗੁਣਵਤੀ|
ਚੁੱਪ ਓਸਦੀ ਕੰਨਾਂ 'ਚ ਚੀਕਦੀ ਹੈ ਮੇਰੇ
ਸਮਝਾਓ ਤਾਂ ਇਸ ਸਮਾਜ ਨੂੰ
ਗੁਣਾਂ ਦੀ ਗੁਥਲੀ ਨੂੰਹ ਤਾਂ
ਹੁੰਦੀ ਹੈ ਉਮਰ ਭਰ ਦਾ ਦਾਜ|


ਏਧਰੋਂ ਰਤਾ ਮੂੰਹ ਮੁੜਿਆ ਏ
ਤਾਂ ਚੁੱਪ 'ਚ ਇਕ ਹੋਰ
ਕੰਨ ਪਾੜਵੀਂ ਆਵਾਜ਼ ਆਈ ......
ਲਿਖਦੀ ਏਂ ਤੂੰ ਜ਼ਰੂਰ
ਔਰਤ-ਮਰਦ ਦੇ ਹੱਕ ਬਰਾਬਰ ਨੇ
 ਪਰ ਦੱਸ ਤਾਂ ਜ਼ਰਾ ਮੈਨੂੰ
ਕਿੱਥੇ ਅਮਲ ਹੁੰਦਾ ਹੈ ਇਸ 'ਤੇ?
ਪੜ੍ਹੀ-ਲਿਖੀ ਹਾਂ ਮੈ...
ਪਤੀ ਦੇ ਬਰਾਬਰ ਕਰਦੀ ਹਾਂ ਕੰਮ ਵੀ
 ਤੇ ਫਿਰ ਪਿਸਦੀ ਹਾਂ ਗ੍ਰਹਿਸਥੀ ਦੀ ਚੱਕੀ 'ਚ|
ਪਰ ਪਤੀ ............?
ਮਜ਼ਾਲ ਏ ਕਦੀ
ਇਕ ਕੱਪ ਚਾਹ ਵੀ ਬਣਾ ਲਵੇ ਆਪ|
ਜਾਂ ਫਿਰ........
ਕਦੀ ਦੇਰ-ਸਵੇਰ ......
'ਹੋਮ-ਵਰਕ' ਹੀ ਕਰਵਾ ਦੇਵੇ
ਬੱਚਿਆਂ ਨੂੰ?
ਕਿਹੋ ਜਿਹੀ ਬਰਾਬਰੀ ਹੈ ਇਹ?
ਮੋਢੇ ਨਾਲ ਮੋਢਾ ਡਾਹ ਕੇ
ਕੰਮ ਕਰਨ ਦੇ ਇਵਜ਼
ਦੂਹਰੀ ਮਾਰ ਝੱਲ ਰਹੀ ਹਾਂ ਮੈ|


ਅਜੇ ਗੱਲ ਪੂਰੀ ਵੀ ਨਹੀਂ ਹੋਈ ਉਸਦੀ
 ਕਿ ਇਕ ਹੋਰ ਆਵਾਜ਼
ਇਸ ਚੁੱਪ 'ਚੋਂ ਉੱਭਰੀ ਏ.....
ਜੇ ਬਰਾਬਰ ਨੇ ਨਰ-ਨਾਰੀ ....?
ਤਾਂ ਦੱਸ ਖਾਂ ਜ਼ਰਾ ਮੈਨੂੰ ਵੀ !
ਨਾਰੀ-ਦੇਹ ਹੀ ਕਿਉਂ
ਹੁੰਦੀ ਨੀਲਾਮ ਹੈ ਸ਼ਰ੍ਹੇ-ਬਾਜ਼ਾਰ?
ਕਿਉਂ ਨਹੀਂ ਨਰ-ਦੇਹੀ ਦਾ
ਇੰਝ ਹੀ ਹੁੰਦਾ
ਘਿਨਾਉਣਾ ਵਪਾਰ...?
ਕਿੰਝ ਮੰਨੀਏ?
ਬਰਾਬਰ ਹਾਂ ਅਸੀਂ ਵੀ
ਜਦੋਂ ਕਿ.........
ਭੋਗਦਾ ਹੈ ਉਹ ਸਾਨੂੰ
ਇਕ ਬੇਜਾਨ ਸ਼ੈਅ ਵਾਂਗ|


ਇਸ ਚੁੱਪ ਵਿਚ
ਇਹਨਾਂ ਆਵਾਜ਼ਾਂ ਦੇ ਘੇਰੇ 'ਚੋਂ
 ਇਕ ਹੋਰ ਮੱਧਮ ਜੇਹਾ
 ਸੁਣਦੀ ਹਾਂ ਬੋਲ ਮੈਂ
"ਧੀਆਂ ਨੂੰ ਪਰਾਇਆ ਮੰਨ
ਦੁਤਕਾਰਦੀ ਰਹੀ ਹਾਂ
 ਪੁੱਤ ਚਹੁੰ ਭੈਣਾਂ ਦਾ ਇਕ ਭਾਈ ਸੀ
ਲੈਂਦੀ ਰਹੀ ਬਲਾਵਾਂ
ਹਰ ਐਸ਼ ਕਰਵਾਈ ਮੈਂ ਉਸਨੂੰ
ਪਰ ਅੱਜ............!
ਸੁੱਟ ਗਿਆ ਏ ਮੈਨੂੰ
ਇਕ ਬਿਰਧ ਆਸ਼ਰਮ ਦੇ ਬੂਹੇ ਅੱਗੇ .....|
ਆਖਦਾ ਹੈ ਉਹ..........
'ਖਊਂ ਖਊਂ ਕਰਕੇ ਮੇਰੀ ਕੋਠੀ 'ਚ
 ਪਾਉਂਦੀ ਏ ਗੰਦ ਇਹ ਬੁੱਢੀ
ਤੇ ਫ਼ਾਲਤੂ ਜਿਹਾ ਬੋਝ
ਮੈਂ ਹੋਰ ਝੱਲ ਸਕਦਾ ਨਹੀਂ|'
ਸਮਝਾ ਕੁਝ ਏਸ ਨੂੰ ਵੀ ਧੀਏ !
 ਪਾ ਦੇ ਕੰਨਾਂ 'ਚ ਏਹਦੇ
ਮਾਂ ਤਾਂ ਦੂਜਾ ਰੱਬ ਹੁੰਦੀ ਏ|"


ਸੁਣ ਸੁਣ ਕੇ ਚੁੱਪ ਵਿਚੋਂ
ਹਨ੍ਹੇਰੀ ਵਾਂਗ ਸ਼ੂਕਦਾ ਇਹ ਸ਼ੋਰ...
ਬੇਚੈਨ ਹਾਂ ਮੈਂ.......
ਕਿਵੇਂ ਲੱਗ ਚੁੱਕਾ ਏ ਘੁਣ
ਮੇਰੇ ਏਸ ਸਮਾਜ ਨੂੰ ......?


ਸੋਚਦੀ ਹਾਂ ਮੈਂ
ਕਿਉਂ ਨਹੀਂ ਬੁੱਤ-ਸ਼ਿਕਨ ਵਾਂਗ
ਘਾੜੇ ਸਮਾਜ ਦੇ
ਘੜਦੇ ਕੋਈ ਨਵਾਂ ਸਮਾਜ
ਜਿੱਥੇ ਨਰ-ਨਾਰੀ ਵਿਚਲਾ
ਮਿਟ ਜਾਵੇ ਹਰ ਅੰਤਰ
ਤੇ ਹੋਵੇ ਨਵੀਂ ਪੈਦਾਇਸ਼
ਇਕ ਸੱਭਿਅ ਸੁੱਚੇ ਸਮਾਜ ਦੀ !
ਇਕ ਸੱਭਿਅ ਸੁੱਚੇ ਸਮਾਜ ਦੀ !!
ਇਕ ਸੱਭਿਅ ਸੁੱਚੇ ਸਮਾਜ ਦੀ !!!
..................

੨.
ਆਖ਼ਿਰ ਕਿਉਂ .......??????

ਦੁਨੀਆ ਇਕ ਮੰਡੀ ਹੈ 
ਜਿਸਮਾਂ ਦੀ ਨੁਮਾਇਸ਼ ਹੈ 
ਹੁਸਨਾਂ ਦੀ ਤਿਜਾਰਤ ਹੈ |
ਮੰਡੀ ਵਿਚ ਵਿਕਣ ਵਾਲਾ ਮਾਲ ਹੈ............
ਇਹ ਔਰਤ, ਜੋ ਕਿ
ਵਿਕਦੀ ਹੈ ਸ਼ਰ੍ਹੇਆਮ
ਪਰ...............
ਕਿਸੇ ਨੂੰ ਗਿਲਾ ਨਹੀਂ ਕੋਈ|

ਹੈਰਾਨੀ ਤਾਂ ਇਹ ਹੈ ਕਿ
ਇਹ ਬਣਦੀ ਏ ਆਪ ਹੀ
ਇਕ ਵਿਕਾਊ ਸ਼ੈਅ|
ਕੋਈ ਵੀ ਵਿਗਿਆਪਨ ਦੇਖ ਲਓ
ਸ਼ਰਾਬ ਸਿਗਰਟ ਤੇ ਬੀੜੀ ਤੱਕ ਦੀ
ਮਸ਼ਹੂਰੀ ਹੁੰਦੀ ਹੈ..................
ਔਰਤ ਦੀ ਨਗਨ ਦੇਹ ਦੀ
ਬੇਸ਼ਰਮ ਨੁਮਾਇਸ਼ ਨਾਲ|

ਮਾਡਲਿੰਗ ਦੇ ਨਾਂ ਹੇਠ
ਵਿਕਦਾ ਹੈ ਔਰਤ ਦਾ ਨਗਨ ਜਿਸਮ|
ਕਿਧਰੇ ਲੱਗਦੀ ਹੈ ਪ੍ਰਦਰਸ਼ਨੀ
'ਮਿਸ ਵਰਲਡ' ਜਾਂ 'ਮਿਸ ਯੂਨੀਵਰਸ' ਦੇ
ਖ਼ਿਤਾਬਾਂ ਲਈ ਤੇ....................
ਮਹਿੰਗੇ ਫ਼ੈਸ਼ਨ-ਸ਼ੋਅ ਕਰਵਾਕੇ
ਨਗਨਤਾ ਦੇ ਆਸ਼ਿਕ
ਇਹ ਮਰਦ ਵਪਾਰੀ
ਖਾ ਜਾਣ ਵਾਲੀ ਤੱਕਣੀ ਰਾਹੀਂ ਘੋਖਦੇ ਹਨ
ਔਰਤ-ਦੇਹੀ ਦੇ ਹਰੇਕ ਅੰਗ ਨੂੰ|

ਭੁੱਲ ਜਾਂਦਾ ਏ ਉਦੋਂ ਮਰਦ
ਕਿ ਏਹੋ ਔਰਤ ਮਾਂ ਵੀ ਹੈ
ਭੈਣ ਵੀ ਤੇ ਪਵਿੱਤ੍ਰ ਰੂਹ ਵਾਲੀ
ਰੱਬ ਦਾ ਰੂਪ ਪ੍ਰੇਮਿਕਾ ਵੀ|
ਗੁਰੂਆਂ ਦੇ ਕਹੇ ਸ਼ਬਦ
'ਸੋ ਕਿਉ ਮੰਦਾ ਆਖੀਐ
ਜਿਤੁ ਜੰਮੈ ਰਾਜਾਨ...........'
ਗੁੰਮ ਕੇ ਰਹਿ ਜਾਂਦੇ ਹਨ
ਬੇਸ਼ਰਮ ਤਾੜੀਆਂ ਦੇ ਸ਼ੋਰ ਵਿਚ|

ਬਹਿਕਾਵੇ 'ਚ ਆ ਜਾਂਦੀ ਏ
ਔਰਤ ਵੀ ਝੱਬਦੇ
ਬੜਾ ਚੰਗਾ ਲੱਗਦਾ ਹੈ ਉਸਨੂੰ
ਪਹਿਨਣਾ ਸ਼ੋਹਰਤ ਦਾ ਤਾਜ ਸਿਰ 'ਤੇ|
ਪਰ ਭੁੱਲ ਜਾਂਦੀ ਏ ਉਹ..........
ਕਿ ਇਹ ਵੀ ਇਕ ਸੋਸ਼ਣ ਹੈ ਉਸਦਾ|

ਬੱਸ ਫ਼ਰਕ਼ ਤਾਂ ਹੈ ਸਿਰਫ਼ ਏਨਾ
ਕਿ ਦ੍ਰੋਪਦੀ ਦਾ ਚੀਰਹਰਨ
ਕੀਤਾ ਗਿਆ ਸੀ ਸ਼ਰ੍ਹੇਆਮ
ਨਫ਼ਰਤ ਸੰਗ ਪਰੋਇਆ|
ਪਰ ਏਥੇ ਤਾਂ ਖ਼ੁਦ ਹੀ ਔਰਤ
ਸਰਮਾਏਦਾਰੀ ਦੀ ਬਿਸਾਤ ਬਣੀ
ਕਰਦੀ ਹੈ ਦਿਖਾਵਾ
ਕਾਮੁਕ ਅਦਾਵਾਂ ਨਾਲ
ਆਪਣੀ ਹੀ ਇੱਜ਼ਤ ਦੀ ਸ਼ਤਰੰਜ ਦਾ
.........ਤੇ ਬਣਦੀ ਹੈ
ਸਰਮਾਏਦਾਰਾਂ ਦੀ ਲੁੱਟ-ਖਸੁੱਟ ਦਾ ਇਕ ਮੋਹਰਾ|

ਚਿਰਾਂ ਤੋਂ ਵੇਸਵਾਗਮਨੀ ਦਾ
ਨੰਗਾ ਨਾਚ............
ਜਿਸਮ ਤੇ ਹੰਢਾਉਂਦੀ ਔਰਤ
ਥੱਕ ਗਈ ਏ, ਉਕਤਾ ਗਈ ਏ
ਤਾਂ ਕੀ ਹੋਇਆ ?
ਮਰਦ ਨੇ ਇਕ ਨਵਾਂ ਢੰਗ
ਲੱਭ ਲਿਆ ਹੈ
ਆਪਣੀ ਸਵਾਰਥ-ਪੂਰਤੀ ਦਾ
ਤੇ ਖੁਸ਼ ਹੈ ਔਰਤ ਵੀ
ਕਿ ਉਹ ਹੁਣ ਵੇਸਵਾ ਨਹੀਂ|

........ਤੇ ਕਾਗਜ਼ੀ ਕਾਨੂੰਨਾਂ 'ਚ
ਗ਼ਲਤ ਸਿੱਧ ਹੋ ਕੇ ਵੀ
ਇਹ ਵੇਸਵਾ-ਬਿਰਤੀ
ਕਾਇਮ-ਦਾਇਮ ਹੈ
ਆਪਣੇ ਨਵੇਂ-ਨਵੇਲੇ ਰੂਪ 'ਚ |
ਅਤੇ ਔਰਤ ਚੁੱਪ ਹੈ|
ਪਤਾ ਨਹੀਂ ਕਿਉਂ.............?
ਜਾਂ ਫਿਰ....................
ਕਮੀ ਹੈ ਅਜੇ ਦੂਰ-ਦ੍ਰਿਸ਼ਟੀ ਦੀ ?
ਸੋਚੋ ਤਾਂ ਜ਼ਰਾ !
ਸਾਡੀ ਸਭਿਅਤਾ, ਸਾਡੀ ਸੰਸਕ੍ਰਿਤੀ
ਕਦੋਂ ਨੰਗੇ ਜਿਸਮਾਂ ਦੀ
ਨੁਮਾਇਸ਼ ਦੀ ਭਰਦੀ ਹੈ ਹਾਮੀ ?

ਰਹਿੰਦੀ ਕਸਰ ਪੂਰੀ ਕਰ ਰਹੀ ਹੈ
ਸਾਡੀ ਇਹ ਫਿਲਮੀ ਤੇ ਮੀਡੀਆਈ ਦੁਨੀਆ
ਘਰ 'ਚ ਪਰਿਵਾਰ ਸੰਗ ਬੈਠ ਕੇ
ਝਿਜਕਦੇ ਹਾਂ ਅਸੀਂ
ਕੋਈ ਵੀ ਟੀ.ਵੀ. ਦਾ
ਫ਼ਿਲਮੀ ਪ੍ਰੋਗਰਾਮ ਵੇਖਣ ਤੋਂ|
ਬਾਪ ਧੀ ਤੋਂ ਚੁਰਾਉਂਦਾ ਹੈ ਅੱਖ
ਤੇ ਮਾਂ ਬੇਟੇ ਸੰਗ ਬੈਠਣ ਤੋਂ ਹੈ ਤ੍ਰਹਿੰਦੀ|

ਇਹ ਫਿਲਮਾਂ ਤੇ ਟੀ.ਵੀ. ਦੇ ਕਲਾਕਾਰ
ਤਬਦੀਲੀ ਦੇ ਨਾਂ 'ਤੇ
ਕਰ ਰਹੇ ਨੇ ਨਕਲ
ਅੰਨ੍ਹੇ ਪੱਛਮੀਕਰਨ ਦੀ|
ਤੇ ਇਸਦੀ ਭੇਟਾ ਚੜ੍ਹ ਗਿਐ
ਸਾਡਾ ਸਮੁੱਚਾ ਸਭਿਆਚਾਰ|
ਗ਼ਰਕ਼ ਹੋ ਰਹੇ ਹਾਂ ਅਸੀਂ
ਯੂਰਪੀ ਸਭਿਅਤਾ ਦੇ ਹਨ੍ਹੇਰੇ ਖੂਹ ਵਿਚ
ਆਖ਼ਿਰ ਕਿਉਂ................?
ਆਖ਼ਿਰ ਕਿਉਂ................??
ਆਖ਼ਿਰ ਕਿਉਂ................???


No comments:

Post a Comment