Tuesday, October 15, 2013

ਇਕ ਮੁਠ ਮਿੱਟੀ


ਮਨ ਉਖੜਿਆ ਹੋਇਆ ਹੈ...
ਸ਼ਾਂਤ ਮਹਾਂਸਾਗਰ ਦੀ ਖਾੜੀ ਦੇ ਕੰਢੇ ਕੰਢੇ ਤੁਰ ਰਹੀ ਹਾਂ...
ਬੇਅ ਏਰੀਏ (ਸਾਂਨਫਰਾਂਸਸਿਕੋ) ਦੀ ਠੰਡੀ ਹਵਾ ਵਗ ਰਹੀ ਹੈ...
ਪਰ ਮੈਨੂੰ ਠੰਡ ਨਹੀਂ ਲਗ ਰਹੀ...
ਬਹੁਤ ਸਾਰੇ ਲੋਕ ਸਮੁੰਦਰ ਕੰਢੇ ਸੈਰ ਕਰ ਰਹੇ ਹਨ- ਹਸਦੇ ਖੇਲਦੇ...
ਮੈਂ ਗੁੰਮਸੁੰਮ ਆਪਣੇ ਵਿਚ ਖੋਈ ਤੁਰੀ ਜਾ ਰਹੀ ਹਾਂ...
ਅਚਾਨਕ ਸਮੁੰਦਰ ਦੀਆਂ ਲਹਿਰਾਂ ਵਲ ਮੇਰਾ ਧਿਆਨ ਜਾਂਦਾ ਹੈ...
ਮੈਨੂੰ ਲਗਦੈ ਇਹ ਮੇਰੇ ਵਲ ਭੱਜੀਆਂ ਆ ਰਹੀਆਂ ਹਨ...
ਇਹ ਮੇਰੇ ਲਈ ਕੋਈ ਸੁਨੇਹਾ ਲਿਆ ਰਹੀਆਂ ਹਨ...
ਕੀ ਕਹਿੰਦੀਆਂ ਹੋਣਗੀਆਂ ਇਹ? ਇਹੀ ਕਿ ਦਿਸਦੇ ਦੇ ਹੇਠਾਂ ਕੁਛ ਅਣਦਿਸਦਾ ਵੀ ਹੈ, ਸਾਡੇ ਤੇ ਸਵਾਰ ਹੋ- ਤੈਨੂੰ ਉਥੇ ਲੈ ਚੱਲੀਏ...
ਕਿੱਥੇ ਲਿਜਾਉਗੀਆਂ ? ਮੈਂ ਪੁੱਛਿਆ...
ਸਮੁੰਦਰ ਕੰਢੇ ਪੱਥਰਾਂ ਤੇ ਬੈਠ ਜਾਂਦੀ ਹਾਂ...
ਲਹਿਰਾਂ ਨੂੰ ਟਿਕਟਿਕੀ ਲਗਾ ਕੇ ਵੇਖਦੀ ਹਾਂ...
ਮੈਂ ਕੰਬ ਜਾਂਦੀ ਹਾਂ..
ਉਫ ! ਇਹ ਲਹਿਰਾਂ ਤਾਂ ਮੇਰੇ ਪੈਰਾਂ ਹੇਠ ਪਏ ਪੱਥਰਾਂ ਨਾਲ ਟਕਰਾ ਟਕਰਾ ਕੇ ਮਰ ਰਹੀਆਂ ਨੇ...
ਮੈਂ ਸੁੰਨ ਹੋ ਜਾਂਦੀ ਹਾਂ...
ਮੈਨੂੰ ਜਾਪਦੈ ਮੇਰੀ ਕਾਇਆ ਹੌਲੀ ਹੌਲੀ ਪਿਘਲ ਰਹੀ ਹੈ...
ਮੈਂ ਪੱਥਰਾਂ ਨਾਲ ਪੱਥਰ ਹੋ ਗਈ ਹਾਂ...
ਮੇਰੇ ਸਾਹ ਠੰਡੀ ਹਵਾ 'ਚ ਰਲ ਗਏ ਨੇ...
ਮੇਰਾ ਲਹੂ ਪਾਣੀ 'ਚ ਘੁਲ ਸਮੁੰਦਰ ਵਿਚ ਫੈਲ ਗਿਆ ਹੈ...
ਮੇਰੀ ਕੋਈ ਹੋਂਦ ਨਹੀਂ...
ਕੀ ਇਹੀ ਸੱਚ ਨਹੀਂ? ਕੀ ਹਸਤੀ ਹੈ ਸਾਡੀ? ਇਥੇ ਸਾਡਾ ਹੈ ਕੀ ?
ਮੇਰੇ ਅੰਦਰੋਂ ਸਵਾਲ ਉਠਦੇ ਹਨ, ਜੇ ਇਹ ਸੱਚ ਹੈ ਤਾਂ ਮੈਂ ਪਾਗਲਾਂ ਵਾਂਗ ਭੱਜੀ ਕਿਉਂ ਫਿਰਦੀ ਹਾਂ...
ਕਿਹੜੇ ਕੰਮਾਂ ਤੋਂ ਮੈਨੂੰ ਵਿਹਲ ਨਹੀਂ ਮਿਲਦੀ ? ਮੈਂ ਠਹਿਰ ਕਿਉਂ ਨਹੀਂ ਜਾਂਦੀ? ਹਰ ਪਲ ਜੀਵਨ ਬਿਨਸ ਰਿਹੈ...
ਸਾਹਮਣੇ ਵੱਡਾ ਸਾਰਾ ਪਰਬਤ ਹੈ...
ਪਾਣੀ ਪਰਬਤ ਨੂੰ ਲਗਾਤਾਰ ਖੋਰ ਰਿਹੈ...
ਮਿੱਟੀ ਨੂੰ ਹਵਾ ਉਡਾ ਰਹੀ ਹੈ...
ਚੱਟਾਣਾਂ ਹੌਲੀ ਹੌਲੀ ਪੱਥਰ ਬਣ ਰਹੀਆਂ ਹਨ...
ਪੱਥਰ ਹੌਲੀ ਹੌਲੀ ਰੇਤ ਬਣ ਰਹੇ ਨੇ...
ਮਿੱਟੀ ਵਿਚੋਂ ਬਨਸਪਤੀ ਦਾ ਜਨਮ ਹੁੰਦੈ...
ਬਨਸਪਤੀ ਤੇ ਮਨੁੱਖ ਨਿਰਭਰ ਕਰਦਾ ਹੈ...
ਕੁਛ ਵਰ੍ਹੇ ਜੀਵਨ ਹੰਢਾਉਂਦਾ ਹੈ...
ਫਿਰ ਮਿੱਟੀ ਬਣ ਜਾਂਦੈ...
ਮਿੱਟੀ+ਮਨੁਖ=ਮਿੱਟੀ !!
ਹਰ ਸ਼ੈਅ ਮਿਟੀ 'ਚੋਂ ਜੰਮਦੀ, ਮਿੱਟੀ 'ਚ ਮਿਲ ਜਾਂਦੀ ਹੈ...
ਕਿਹਾ ਸੋਹਣਾ ਕਿਹਾ ਸੀ ਫਰੀਦ ਜੀ ਨੇ- 'ਜੀਉਂਦਿਆਂ ਪੈਰਾਂ ਥੱਲੇ, ਮੋਇਆਂ ਉਪਰ ਹੋਏ ! ਇਸ ਮਿੱਟੀ ਦੀ ਕਾਇਆ ਦਾ ਕੀ ਮਾਣ ਕਰਾਂ !
ਸਮੁੰਦਰ ਕੰਢੇ ਬੈਠੀ-ਮੈਂ ਇਕ ਮੁਠ ਮਿੱਟੀ !

No comments:

Post a Comment