Friday, August 23, 2013

ਗ਼ਜ਼ਲ - ਬਲਜੀਤ ਸੈਣੀ / ਮੁਕੇਰੀਆਂ, ਪੰਜਾਬ



ਡੁਬ ਨਾ ਜਾਵੇ ਦਿਲ ਨੂੰ ਏਨਾ ਰਾਸ ਕਰੀਂ ।
ਅਪਣੇ ਆਪੇ ਤੇ ਥੋੜਾ ਵਿਸ਼ਵਾਸ ਕਰੀਂ ।


ਰੇਤ ਬਣੇ ਦਰਿਆਵਾਂ ਕੋਲੋਂ ਕੀ ਮਿਲਣੈਂ,
ਐਵੇਂ ਨਾ ਤੂੰ ਤੀਬਰ ਅਪਣੀ ਪਿਆਸ ਕਰੀਂ ।


ਦੋਸ਼ ਬਿਗਾਨੇ ਵਿਹੜੇ ਨੂੰ ਹੀ ਦੇਵੀਂ ਨਾ ,
ਆਪਣਿਆਂ ਐਬਾਂ ਦਾ ਵੀ ਅਹਿਸਾਸ ਕਰੀਂ ।


ਅਮਲਾਂ ਦੀ ਦਰਗਾਹ ਵਿਚ ਲੇਖਾ ਦੇਣੈ ਜਦ ,
ਝੁਕ ਨਾ ਜਾਵਣ ਨਜ਼ਰਾਂ ਇਹ ਅਰਦਾਸ ਕਰੀਂ ।


ਔਖੇ ਵੇਲ਼ੇ ਪਰਛਾਵਾਂ ਤਕ ਛਡ ਦਿੰਦੈ ,
ਦੁਨੀਆਂ ਤੋਂ ਨਾ ਬਹੁਤੀ ਕੋਈ ਆਸ ਕਰੀਂ


ਤਕ਼ਦੀਰਾਂ ਦੀ ਹੋਣੀ ਹੈ ਤਦਬੀਰਾਂ ਵਿਚ ,
ਲਿਖਿਆਂ ਲੇਖਾਂ ਤੇ ਹੀ ਨਾ ਭਰਵਾਸ ਕਰੀਂ ।


ਨੱਕੋਂ ਅੱਗੇ ਵੇਖਣ ਦੀ ਨਾ ਸੂਝ ਰਹੇ ,
ਹਉਮੈਂ ਨੂੰ ਨਾ ਏਨਾ ਅਪਣੇ ਪਾਸ ਕਰੀਂ ।

੨.

ਧੁੱਪ ਤੇ ਪਰਛਾਂਵਿਆਂ ਦਾ ਸਿਲਸਿਲਾ ਬਣਿਆਂ ਰਹੇ ।
ਇਸਤਰਾਂ ਇਕ ਦੂਸਰੇ ਦਾ ਆਸਰਾ ਬਣਿਆਂ ਰਹੇ ।

ਦੁਸ਼ਮਣਾਂ ਦੇ ਵਾਂਗ ਤੂੰ ਹੋਵੀ ਨਾ ਮੇਰੇ ਰੂਬਰੂ ,
ਰਹਿਣਦੇ ਇਕ ਭਰਮ ਮੇਰਾ ਸਾਬਤਾ ਬਣਿਆਂ ਰਹੇ ।

ਕੀ ਪਤਾ,ਕਿਸ ਵਕਤ, ਕਿੱਥੋਂ,ਮਿਲ ਪਵੇ ਉਹ ਹਾਦਸਾ .
ਉਮਰ ਭਰ ਫਿਰ ਨਾਲ ਜਿਸਦੇ ਵਾਸਤਾ ਬਣਿਆਂ ਰਹੇ ।

ਇਹ ਅਵੱਲੀ ਭਟਕਣਾ ਤਾਂ ਦੇਣ ਹੈ ਹਾਲਾਤ ਦੀ ,
ਦਿਲ ਕਦੋਂ ਚਾਹੁੰਦੈ ਕਿ ਜੀਵਨ ਕਰਬਲਾ ਬਣਿਆਂ ਰਹੇ ।

ਸਬਰ ਪੈਰਾਂ ਦਾ ਜਰਾ ਤੂੰ ਆਜ਼ਮਾ ਕੇ ਵੇਖ ਲੈ ,
ਇਹ ਨਾ ਹੋਵੇ ਰਸਤਿਆਂ ਤੇ ਫਿਰ ਗਿਲਾ ਬਣਿਆਂ ਰਹੇ ।

No comments:

Post a Comment