੧.
ਤੇਰੇ ਨੈਣੀਂ ਕੇਹੀ ਸੁੰਞ!
ਵੇ ਗੀਤਾ ਮੇਰਿਆ!
ਕੋਈ ਬਲ਼ਦਾ ਅੱਖਰ ਚੁੰਮ
ਵੇ ਗੀਤਾ ਮੇਰਿਆ!
ਕਿਸ ਹਉਕੇ ਦੇ ਜੰਗਲ ਅੰਦਰ
ਤੇਰੀ ਮਹਿਕ ਗੁਆਚੀ
ਕੇਸ ਤਸ਼ੱਦਦ ਦੇ ਥਲ ਗੁੰਮੀ
ਤਸ਼ਬੀਹਾਂ ਦੀ ਡਾਚੀ
ਕਿਹੜੀਆਂ ਚੀਸਾਂ ਅੰਦਰ ਤੇਰਾ
ਛੰਦ ਗਿਆ ਏ ਗੁੰਮ
ਵੇ ਗੀਤਾ ਮੇਰਿਆ!
ਕਿਹੜੇ ਕਾਰਨ ਜਾਂ ਬੈਠਾ ਏਂ
ਸੋਗੀ ਚੁੱਪ ਦੀ ਛਾਵੇਂ
ਕਿਹੜੇ ਉੱਜੜੇ ਖੂਹ 'ਚੋਂ ਅੜਿਆ
ਤੱਕ ਲਏ ਤੂੰ ਪਰਛਾਵੇਂ
ਕਿਹੜੀ ਵਰਜਿਤ ਤਾਂਘ ਦੇ ਕਾਲ਼ੇ
ਦੇਸੋਂ ਆਇਐਂ ਘੁੰਮ
ਵੇ ਗੀਤਾ ਮੇਰਿਆ!
ਕਿਸ ਹਾਵੇ ਦੀ ਮਦਿਰਾ ਪੀ ਲਈ
ਤੇਰੇ ਸੌਂਫ਼ੀਂ ਅੱਖਰਾਂ
ਕਿਹੜੇ ਦੁੱਖ ਦੇ ਡਾਢੇ ਜੋਗੀ
ਕੀਲੀਆਂ ਤੇਰੀਆਂ ਸਤਰਾਂ
'ਵਾ ਨਾਲੋਂ ਕਿਉਂ ਚੰਗਾ ਲੱਗੇ
ਸਾਹ ਤੇਰੇ ਨੂੰ ਹੁੰਮ
ਵੇ ਗੀਤਾ ਮੇਰਿਆ!
ਦੱਸ ਵੇ ਸ਼ਬਦਾਂ ਬਾਝੋਂ ਕਿਹੜਾ
ਰੂਹ ਵਿਚ ਲਹਿ ਕੇ ਵੇਖੇ
ਸਿਆਹੀ ਬਾਝੋਂ ਕਿਹੜਾ ਕਾਲ਼ੇ
ਲੇਖ ਨੂੰ ਮੱਥਾ ਟੇਕੇ
ਸਫ਼ਿਆਂ ਬਾਝੋਂ ਕਿਹੜਾ ਸਾਂਭੇ
ਮਨ ਦੀ ਸੁੰਞ ਮਸੁੰਞ
ਵੇ ਗੀਤਾ ਮੇਰਿਆ!
ਕੋਈ ਬਲ਼ਦਾ ਅੱਖਰ ਚੁੰਮ
ਵੇ ਗੀਤਾ ਮੇਰਿਆ
੨.
ਦੁਨੀਆਂ ਸਾਹਵੇਂ ਹਾਸੇ ਛਲਕਣ, ਭਰਵੀਂ ਮਹਿਫ਼ਿਲ ਵਾਂਗੂੰ।
ਮਗਰੋਂ ਰਹਿ ਜਾਵੇ ਤਨਹਾਈ, ਖ਼ਾਲੀ ਬੋਤਲ ਵਾਂਗੂੰ।
ਅੱਖਾਂ ਮੂਹਰੇ ਡੁੱਬ ਜਾਂਦੀ ਏ, ਹਰ ਹਸਰਤ ਦੀ ਬੇੜੀ,
ਬੰਦਾ ਤੱਕਦਾ ਰਹਿ ਜਾਂਦਾ ਏ, ਗੂੰਗੇ ਸਾਹਿਲ ਵਾਂਗੂੰ।
ਅਕਸਰ ਇਉਂ ਹੁੰਦੈ ਕਿ ਓਹੀ, ਪੈੜ ਨਹੀਂ ਇੱਕ ਮਿਲਦੀ,
ਜਿਸਦਾ ਰਾਹ ਤੱਕਦੇ ਹੋ ਜਾਂਦੇ ਹਾਂ ਖ਼ੁਦ ਸਰਦਲ ਵਾਂਗੂੰ।
ਉਸਦੇ ਅੰਦਰ ਵੀ ਸ਼ਾਇਦ ਇਕ, ਘਰ ਦੀ ਖ਼ਾਹਿਸ਼ ਹੋਵੇ,
ਭਟਕ ਰਹੀ ਹੈ ਜੰਗਲ ਦੇ ਵਿਚ, ਪੌਣ ਜੋ ਪਾਗਲ ਵਾਂਗੂੰ।
ਅਪਣੇ ਪਿਆਰ ਦੀ ਬੇੜੀ ਤੂੰ ਨਾ, ਮੇਰੇ ਦਿਲ ਵਿਚ ਠੇਲ੍ਹੀਂ,
ਹੁੰਦਾ ਸੀ ਇਹ ਦਿਲ ਦਰਿਆ, ਹੁਣ ਹੈ ਮਾਰੂਥਲ ਵਾਂਗੂੰ।
No comments:
Post a Comment