Wednesday, January 4, 2012
ਡਾ. ਜਸਬੀਰ ਕੌਰ - ਦਿੱਲੀ
ਬਹੁਤ ਪਿਆਰ ਕਰਦਾ ਹੈ ਉਹ...
ਸ਼ਬਦਾਂ ਦੇ ਦਾਣਿਆਂ ਵਿਚ
ਛੱਲੀ ਵਾਂਗ ਭੁੰਨਦਾ..
ਬਹੁਤ ਪਿਆਰ ਕਰਦਾ ਹੈ, ਉਹ ਮੈਨੂੰ
ਅੱਖ ਦੀ ਕਿਸੇ ਕਿਰਕ 'ਤੇ
ਕਿਸੇ ਉਧਲ ਗਈ ਧੀ ਵੇਖ
ਤੋਤਾ-ਮੈਨਾ ਦੇ ਕਿੱਸੇ ਚਲਣ 'ਤੇ
ਪਿਆਰ, ਵਿਆਹ, ਕਸ਼ਿਸ਼
ਸਾਰੇ ਦਰਵਾਜਿਆਂ ਤੋਂ ਪਹਿਲਾਂ ਹੀ
ਜਵਾਨੀ ਨੂੰ ਲਾਹਨਤ ਬਣਾ
ਅੱਥਰੂਆਂ ਦੇ ਖਾਰੇ ਪਾਣੀਆਂ ਦਾ ਤਾਰੂ
ਬਹੁਤ ਪਿਆਰ ਕਰਦਾ ਹੈ ਮੈਨੂੰ
ਉਸਦਾ ਅੰਸ਼ ਜੋ ਹਾਂ ਮੈਂ...
ਗੁੱਟ ਦੇ ਧਾਗੇ ਤੋਂ ਵੱਡੇ ਰਿਸ਼ਤੇ ਨੂੰ
ਰੁਪਏ ਵਿਚ ਸਮਾ
ਪਿਆਰ-ਦੁਲਾਰ ਲੈਂਦਾ
ਕਦੀ ਮਾਂ ਸਮਝ
ਭਰਾ/ਦੋਸਤ ਬਣ ਲਡ਼ਦਾ
ਭੈਣ ਦਾ ਫ਼ਰਜ਼ ਯਾਦ ਕਰਵਾਉਂਦਾ
ਆਕਡ਼ਦਾ
ਪੇਕੇ ਘਰ ਦੇ ਬਾਕੀ ਬਚਣ ਵਾਲੇ ਮਿਜ਼ਰਾਬ ਵਾਂਗ
ਹੇਠਾਂ-ਉਪਰ ਹੁੰਦਾ
ਹੱਕ/ਫ਼ਰਜ਼ ਦਾ ਤਰਾਜੂ
ਬੰਨ ਦਿੰਦਾ ਪਿਆਰ
ਪਰ ਫਿਰ ਵੀ ਬਹੁਤ ਕਰਦੈ ਪਿਆਰ ਮੈਨੂੰ, ਉਹ
ਪਿਆਰ ਦੇ ਕੁੰਡਿਆਂ ਨਾਲ
ਲਫ਼ਜਾਂ ਦੇ ਜਾਲ ਉਣਦਾ
ਫਸਣ 'ਤੇ...
ਚਿਣਗਾਂ ਦੇ ਹਾਰ ਵਿਚ ਬੰਨ
ਬਹੁਤ ਪਿਆਰ ਕਰਦਾ ਹੈ ਉਹ
ਜਿਸਮ ਦੇ ਪਾਰ ਤੋਂ ਸ਼ੁਰੂ ਹੋਈ ਕਹਾਣੀ
ਖਿਲਰ ਜਾਂਦੀ
ਸਿਖਰ ਤੋਂ ਅਣਭਿੱਜ
ਜਿਸਮ ਦੇ ਕਾਗ਼ਜ਼ 'ਤੇ ਉਭਰਦੇ
ਕੁਝ ਪੱਲ
ਹੋਸ਼ ਦੇ ਦਰ ਖੁਲੱਣ ਤੋਂ ਪਹਿਲਾਂ
ਬਹੁਤ ਪਿਆਰ ਕਰਦਾ ਹੈ ਮੈਨੂੰ
ਮੇਰੇ ਹੀ ਖੂਨ/ਮਾਸ ਦੀ ਗੰਢ
ਵੱਡੀ ਹੁੰਦੀ
ਅਜਾਦੀ ਨਾਲ...
ਅੱਡ ਕਰਦੀ – ਕੱਢਦੀ
ਖੂਨ 'ਚੋਂ ਦੁੱਧ
ਖੂਨ ਦੀ ਤਪਸ਼
ਦੁੱਧ ਦੇ ਕੋਸੇਪਨ ਤੋਂ ਬਾਹਰ
ਜਿੰਦਗੀ ਦੇ ਲਕੀਰੀ ਘੇਰੇ 'ਚ
ਦੌਡ਼ਦਾ/ਡਿਗਦਾ/ਉਠਦਾ
ਰਾਹ ਦੱਸਣ 'ਤੇ
ਜਿੰਦਗੀ ਦੀ ਅੰਦਰਲੀ ਪਰਤ ਮਿੱਧ
ਗੁੱਸੇ ਨੂੰ ਵਗਾਟੀ ਸੁੱਟਦਾ
ਬਹੁਤ ਪਿਆਰ ਕਰਦਾ ਹੈ ਮੈਨੂੰ
ਹਰ ਕਦਮ ਤੇ ਮੇਰਾ 'ਭਲਾ'
ਹਰ 'ਵਾਰ' ਮੈਨੂੰ ਬਚਾਉਣ ਲਈ
ਹਰ ਅਵਾਜ਼ 'ਰਾਹ' ਦਿਖਾਣ ਲਈ
ਹਰ ਗ਼ਲਤੀ ਮੈਨੂੰ 'ਮਨਵਾਉਣ' ਲਈ
ਬਹੁਤ ਪਿਆਰ ਕਰਦੇ ਨੇ ਮੈਨੂੰ
ਆਪੋ-ਆਪਣੇ ਅੰਦਾਜ਼ 'ਚ ਉਹ।
---------------
ਸਾਹਿਬਾਂ...ਪੰਜਾਬੀ ਲੇਖਿਕਾਵਾਂ ਦਾ ਹਸਤਾਖਰ: ਫ਼ੈਮਿਨਿਜ਼ਮ
saahiban.blogspot.com
Subscribe to:
Post Comments (Atom)
No comments:
Post a Comment