Sunday, December 4, 2011

ਹਾਇਕੂ -ਸੰਦੀਪ ਸੀਤਲ ਚੌਹਾਨ - ਅਮਰੀਕਾ










ਸਰਦ ਰੁੱਤ --
ਸਰਕੰਡਿਆਂ ਦੀ ਛੱਤ
ਟਿੱਪ ਟਿੱਪ ਟਿੱਪ
---

ਸਿਆਹ ਰਾਤ --
ਇੱਕ ਪਲ ਰੁਕਿਆ
ਪਿੱਪਲ ਉੱਤੇ ਚੰਨ
---

ਅਸਥ ਘਾਟ --
ਮੁੱਕਿਆ ਸਫਰ
ਵਹਿ ਰਹੀ ਨਦੀ ਅਜੇ ਵੀ
---

ਸ਼ਮਸ਼ਾਨ ਘਾਟ --
ਨੌਂ ਮਣ ਲੱਕੜਾਂ
ਇੱਕ ਚੰਗਿਆੜੀ
---

ਵੀਰਾਨ ਘਰ --
ਵਿਹੜੇ ਵਿਚ ਮੌਲ ਰਿਹਾ
ਖ਼ੁਰਮਾਨੀ ਦਾ ਰੁੱਖ
----

ਪਹੁ-ਫੁਟਾਲਾ
ਸਾਵੇ ਪੱਤਿਆਂ 'ਤੇ ਲਰਜ਼ੇ
ਕਤਰਾ ਕਤਰਾ ਸ਼ਬਨਮ
--

ਰੁਮਕਦੀ ਵਾ --
ਕੱਚੀ ਕੰਧ 'ਤੇ ਲਹਿਰਾਈ
ਬੋਗਨਵਿਲੀਆ ਦੀ ਟਹਿਣੀ
---

ਪੈਰਾਂ 'ਚ ਡਿੱਗੀ ਕਿਤਾਬ
ਦੁਇ ਹਥਾਂ ਨਾਲ ਚੁੱਕੀ
ਦੁਇ ਨੈਣਾਂ ਨੂੰ ਛੁਹਾਈ
--

ਨਦੀ ਸਮਾਈ
ਸਾਗਰ ਵਿਚ
ਲਹਿਰਾਂ ਦਾ ਨਾਦ
---

ਸਿਆਲੂ ਧੁੱਪ --
ਭੁਰਭੁਰੇ ਪੱਤਿਆਂ ਉੱਤੇ
ਬੁੜ੍ਹਕੇ ਖਿੱਦੋ ਖੇਹਨੂੰ
---

ਰੁੱਖ ਤੋਂ ਝੜਿਆ
ਪਰਛਾਵੇਂ ਤੇ ਡਿਗਿਆ
ਇੱਕ ਪੀਲਾ ਪੱਤਾ
---

ਹਵਾ ਦਾ ਬੁੱਲਾ --
ਗੁਲਮੋਹਰ 'ਚੋ ਫੁੱਲ ਕਿਰੇ
ਨਾਲੇ ਕਿਰੀਆਂ ਕਣੀਆਂ
---

ਸਤੰਬਰ ਗਿਆਰਾਂ --
ਗਰਾਉਂਡ ਜ਼ੀਰੋ ਉੱਤੇ ਡਿੱਗੀਆਂ
ਵਰਖਾ ਦੀਆਂ ਬੂੰਦਾਂ
----

ਆਥਣ ਵੇਲਾ--
ਕੁਮਲਾਏ ਫੁੱਲਾਂ ਵਿੱਚ
ਇੱਕ ਕੱਛੂਕੁੰਮਾ
---

ਸਾਉਣ ਦੀ ਝੜੀ --
ਇੱਕ ਟਹਿਣੀ ਤੋਂ ਦੂਜੀ ਟਹਿਣੀ
ਟਿੱਪ-ਟਿੱਪ ਬੂੰਦਾਂ
---

ਮੋਹਲੇਧਾਰ ਵਰਖਾ --
ਪਾਣੀ 'ਚ ਘੁਲੀ ਪਗਡੰਡੀ
ਐਪਰ ਤੁਰਦੀ ਜਾਵਾਂ
---

ਪੁਰਜ਼ੋਰ ਹਵਾ --
ਗੁਲਾਬ ਦੇ ਗੁੱਛੇ 'ਚ ਅਟਕਿਆ
ਸੂਹੀ ਚੁੰਨੀ ਦਾ ਲੜ
---

ਪੱਤਝੜ --
ਰੁੱਖ ਚੀਲ ਦਾ, ਅਜੇ ਵੀ
ਹਰਿਆ ਭਰਿਆ
---

ਸਾਵੇ ਬਿਰਖ ਹੇਠ
ਲੱਕੜਾਂ ਦਾ ਢੇਰ --
ਸਿਆਲ ਦੀ ਉਡੀਕ
---

ਬਲਦਾ ਸਿਵਾ --
ਅੱਗ ਦੇ ਭਾਂਬੜ 'ਚੋਂ
ਉਭਰਿਆ ਇੱਕ ਅਕਸ
---

ਆਖਰੀ ਪਤਝੜ --
ਮਿੱਟੀ ‘ਚ ਸਮਾਇਆ
ਸਾਵਾ ਪੱਤਾ
---

ਸਰਘੀ ਵੇਲਾ--
ਲਲਾਰੀ ਦੇ ਮਟਕੇ 'ਚੋਂ
ਡੁਲ੍ਹਿਆ ਸੰਧੂਰੀ ਰੰਗ
---

ਤੇਰੇ ਜਾਣ ਮਗਰੋਂ --
ਕਿਆਰੀ ਵਿਚ ਖਿੜਿਆ
ਇੱਕ ਕਿਰਮਚੀ ਗੁਲਾਬ
---

ਪੁਸਤਕਾਲਾ -
ਬੱਚੇ ਦੇ ਮੋਢੇ 'ਤੇ ਬਸਤਾ
ਸਿਰ ਉਪਰ ਸੂਰਜ
----

ਸਬਜ਼ ਰੁੱਖ
ਮੌਲੀ ਨਾਲ ਬਨ੍ਹੀਆਂ
ਲਾਲ ਥੈਲੀਆਂ
---

ਚੰਨ ਚਾਨਣੀ -
ਰੇਸ਼ਮੀ ਚਾਦਰ ਤੇ ਪਾਵਾਂ
ਤੇਰੇ ਨਾਉਂ ਦਾ ਫੁੱਲ
---

ਵਲੇਵੇਂਦਾਰ ਪਗਡੰਡੀ --
ਸੁੱਕੇ ਪੱਤਿਆਂ ਤੋਂ ਲੰਘੀ
ਲਾਹ ਕੇ ਚੱਪਲਾਂ
---

ਅਗਨ-ਕੁੰਡ
ਉੱਡ ਰਹੇ ਕਾਗ
ਨੀਵੇਂ ਨੀਵੇਂ

1 comment:

  1. ਸਾਰੇ ਦੇ ਸਾਰੇ ਹਾਇਕੂ ਇਕ ਦੂਜੇ ਤੋ ਵਧ ਖੂਬਸੂਰਤ ਨੇ !!!!! ਬਹੁਤ ਵਧੀਆ ਸੰਦੀਪ ਦੀਦੀ ਜੀ .......

    ReplyDelete