Sunday, July 10, 2011
ਸ਼ਸ਼ੀ ਸਮੁੰਦਰਾ- ਅਮਰੀਕਾ
ਮੋਹ
ਮੈਨੂੰ ਮੋਹ ਨਹੀਂ ਆਉਂਦਾ ਉਹ ਘਰ ਛੱਡਣ ਦਾ
ਜਿੱਥੇ ਮੇਰੇ ਲਈ ਸਿਰਫ ਕੰਧਾਂ ਸਨ, ਤਸੀਹੇ ਸਨ ।
ਮੈਨੂੰ ਮੋਹ ਨਹੀਂ ਆਉਂਦਾ ਉਹ ਗਲੀਆਂ ਛੱਡਣ ਦਾ
ਜਿੱਥੇ ਮੇਰੇ ਲਈ ਸਿਰਫ ਗਾਲਾਂ ਸਨ, ਮਸ਼ਕਰੀਆਂ ਸਨ ।
ਮੈਨੂੰ ਮੋਹ ਨਹੀਂ ਆਉਂਦਾ ਉਹ ਪਿੰਡ ਛੱਡਣ ਦਾ
ਜਿੱਥੇ ਮੇਰੇ ਲਈ ਸਿਰਫ ਨਫਰਤ ਸੀ, ਬਦਨਾਮੀ ਸੀ ।
ਮੈਨੂੰ ਮੋਹ ਨਹੀਂ ਆਉਂਦਾ ਉਹ ਦੇਸ਼ ਛੱਡਣ ਦਾ
ਜਿੱਥੇ ਮੇਰੀ ਕੋਈ ਆਵਾਜ਼ ਨਹੀਂ ਸੀ, ਪਛਾਣ ਨਹੀਂ ਸੀ ।
ਪਰ ਮੈਨੂੰ ਮੋਹ ਆਉਂਦਾ ਹੈ:
ਤੂਤਾਂ ਦੀ ਛਾਂ ਦਾ,
ਅੰਬਾਂ ਦੀ ਖੁਸ਼ਬੂ ਦਾ,
ਕੋਇਲ ਦੀ ਕੂਹੂ ਦਾ,
ਮੋਰਾਂ ਦੀਆਂ ਪੈਲਾਂ ਦਾ,
ਮਾਹੀਏ ਦੇ ਟੱਪਿਆਂ ਦਾ,
ਵੱਜਦੇ ਤਵਿਆਂ ਦਾ,
ਤੇ ਸੀਤੋ ਦੀਆਂ ਗੱਲਾਂ ਦਾ ।
ਪਰ ਇਹ ਤਾਂ ਇਕ ਜਜ਼ਬਾਤੀ ਰਿਸ਼ਤਾ ਹੈ
ਜੋ ਮੇਰੇ ਸਾਹਾਂ ਵਿਚ ਮਿਲਿਆ ਹੈ,
ਧੜਕਣ ਵਿਚ ਮਿਲਿਆ ਹੈ,
ਸੋਚਾਂ ਵਿਚ ਮਿਲਿਆ ਹੈ ।
ਇਸ ਰਿਸ਼ਤੇ ਦਾ ਹਉਕਾ ਹੈ
ਜੋ ਕਦੇ ਕਦੇ ਸੁਚੇਤ ਹੋ ਜਾਂਦਾ ਹੈ
ਪਰ ਖਾਮੋਸ਼ ਰਹਿੰਦੀ ਹਾਂ ਇਸ ਬਾਰੇ ।
Subscribe to:
Post Comments (Atom)
No comments:
Post a Comment