ਹਾਂ....
ਮੈਨੂੰ ਪਤਾ
ਮੈਂ ਬਹੁਤੀ ਸੋਹਣੀ
ਨਹੀ ਆਂ.....
ਪਰ ਮੇਰੇ ਚਿਹਰੇ ਉੱਤੇ
ਮਾਪਿਆਂ ਦੇ ਦਿੱਤੇ
ਸੰਸਕਾਰਾਂ ਦਾ ਨੂਰ
ਜ਼ਰੂਰ ਡੁੱਲ ਡੁੱਲ ਪੈਂਦਾਂ ਏ...
ਹਾਂ... ਮੇਰਾ ਕੱਦ
ਆਮ ਜਿਹਾ ਹੀ ਹੈ
ਪਰ ਮੇਰੇ ਕਾਰਨ
ਘਰਦੇ ਜੀਆਂ ਦੇ
ਚਿਹਰੇ ਤੇ ਆਈ ਤੱਸਲੀ
ਮੇਰੇ ਕੱਦ ਨੂੰ ਗਿੱਠ ਉੱਚਿਆਂ
ਜ਼ਰੂਰ ਕਰ ਦਿੰਦੀ ਏ...
ਹਾਂ ...ਮੇਰੀ ਚਾਲ
ਮਿਰਗਾਂ ਜਿਹੀ ਨਹੀਂ ਹੈ
ਪਰ ਮੇਰੇ ਕਾਰਣ
ਪਿੰਡ ਦੀ ਸੱਥ ਵਿੱਚ
ਮੇਰੇ ਵੀਰ ਦੀ ਚਾਲ
ਜ਼ਰੂਰ ਮਾਣਮੱਤੀ ਹੋ ਜਾਂਦੀ ਏ ...
ਹਾਂ.... ਮੈਂਨੂੰ
ਅੱਜ ਦੇ ਮਾਹੌਲ ਵਾਂਗ
ਸਜਣਾਂ ਫੱਬਣਾ
ਨਹੀਂ ਆਉਂਦਾ
ਪਰ ਮੈਂ ਮਾਂ ਦੇ ਦੁੱਪਟੇ ਦੀ
ਸੁੱਚਮਤਾ ਨੂੰ ਸਾਂਭਣਾਂ
ਜ਼ਰੂਰ ਸਿੱਖਿਆ ਏ...
ਹਾਂ... ਮੇਰਾ ਰੰਗ
ਆਮ ਜਿਹਾ ਹੈ
ਪਰ ਘਰ ਦੇ
ਆਹਰ ਕਰਦਿਆਂ
ਮੱਥੇ ਉੱਤੇ ਆਇਆ ਪਸੀਨਾ
ਜਦ ਮੇਰੇ ਸਾਂਵਲੇ ਜਿਹੇ
ਰੰਗ ਦੇ ਸਾਹੀਂ ਘੁੱਲਦਾ ਏ
ਤਾਂ ਗੁਲਾਬਾਂ ਦੇ ਰੰਗ
ਜ਼ਰੂਰ ਫਿੱਕੇ ਪੈ ਜਾਂਦੇ ਨੇ...
ਹਾਂ ...ਮੈਂ
ਆਮ ਜਿਹੀ ਕੁੜੀ ਆ
ਸ਼ਾਇਦ ਇਸੇ ਲਈ
ਤੇਰੀ ਤੇ ਮੇਰੀ ਨਜ਼ਰ 'ਚ
ਸੁਹੱਪਣ ਦੇ ਅਰਥ ਵੀ
ਕੁੱਝ ਵੱਖਰੇ ਜਿਹੇ ਨੇ...
ਪਰ ਮੈਨੂੰ ਮਾਣ ਏ
ਉਨਾਂ ਰਿਸ਼ਤਿਆਂ
ਦੀ ਸੁੱਚਮਤਾ 'ਤੇ
ਜਿਹੜੇ ਸੂਰਤ ਨੂੰ ਨਹੀਂ
ਸੀਰਤ ਨੂੰ ਮੁੱਹਬਤ ਕਰਦੇ ਨੇ
No comments:
Post a Comment