Wednesday, July 16, 2014

Harjot /Punjab










ਹਾਂ
ਹੁਣ ਤਾਂ ਕੁੜੀਆਂ
ਅੱਗੇ ਵਧ ਗਈਆਂ ਨੇ
ਆਵਾਜ਼ ਚੁੱਕ ਸਕਦੀਆਂ ਨੇ
ਲੜ ਵੀ ਸਕਦੀਆਂ ਨੇ |

ਪਰ ਕਿਉਂ ਤੁਹਾਡੀਆਂ ਨਜ਼ਰਾਂ
ਅੱਗੇ ਨਹੀਂ ਵਧ ਸਕੀਆਂ ?
ਕਿਉਂ ਤੁਹਾਡੀ ਜ਼ਮੀਰ ਨੇ ਹਾਲੇ ਤੱਕ
ਆਵਾਜ਼ ਨਹੀਂ ਚੁੱਕੀ |
ਕਿਉਂ ਤੁਸੀਂ ਹਾਲੇ ਤੱਕ
ਆਪਣੀ ਸੋਚ ਨਾਲ ਲੜਨ ਦੇ ਕਾਬਿਲ ਨਹੀਂ ਹੋ ਸਕੇ?

ਕੌਣ ਦਿੰਦੈ ਹੱਕ ਤੁਹਾਨੂੰ
ਭੀੜ ਭਰੀਆਂ ਬੱਸਾਂ ਦੇ ਵਿੱਚ
ਕੁੜੀਆਂ ਕੋਲੇ ਖੜਨ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਭੀੜ ਦਾ ਬਹਾਨਾ ਬਣਾ
ਜਾਣ-ਬੁੱਝ ਕੇ
ਕਿਸੇ ਕੁੜੀ ਤੇ ਡਿੱਗਣ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਰਾਹ ਜਾਂਦੀ ਕੁੜੀ ਨੂੰ
ਓਦੋਂ ਤੱਕ ਘੂਰੀ ਜਾਣ ਦਾ
ਜਦੋਂ ਤੱਕ ਓਹ ਅੱਖੋਂ ਓਹਲੇ ਨਹੀਂ ਹੋ ਜਾਂਦੀ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਕੁੜੀ ਦੇ ਕੱਪੜਿਆ ਦੇ ਅਧਾਰ ਤੇ
ਓਹਦਾ ਚਰਿੱਤਰ ਦੱਸਣ ਦਾ?

ਕੌਣ ਦਿੰਦੈ ਹੱਕ ਤੁਹਾਨੂੰ
ਕਿਸੇ ਕੁੜੀ ਨੂੰ
ਆਪਣੀਆਂ ਹਰਕਤਾਂ ਨਾਲ ਮਜਬੂਰ ਕਰਨ ਦਾ
ਕਿ ਓਹ ਵਿਚਾਰੀ 8ਵਜੇ ਤੋਂ ਬਾਅਦ
ਘਰੋਂ ਬਾਹਰ ਨਿਕਲਣਾ ਮੁਨਾਸਿਬ ਹੀ ਨਾ ਸਮਝੇ?

ਹਾਂ
ਕੁੜੀਆਂ ਨੇ ਤਾਂ ਅੱਗੇ ਵਧਣਾ ਸਿੱਖ ਲਿਐ
ਪਰ ਤੁਸੀਂ ਇਹ ਕਦੋਂ ਸਮਝਣਾ
ਕਿ ਰਾਹ ਵਿੱਚ
ਬੱਸ ਵਿੱਚ
ਕਿਸੇ ਪਾਰਟੀ ਤੇ
ਸਕੂਲ- ਕਾਲਜ

ਜਾਂ ਕਿਤੇ ਵੀ ਹੋਰ
ਕਿਸੇ ਵੀ ਹਾਲਤ ਦੇ ਵਿੱਚ
ਕੋਈ ਵੀ ਕੁੜੀ
ਬਲਾਤਕਾਰ ਦਾ ਸੱਦਾ-ਪੱਤਰ ਨਹੀਂ ਹੁੰਦੀ |




2 comments: