ਘਰ ਦੇ ਵੇਹੜੇ 'ਚ
ਬਿਰਖ ਹੇਠ
ਕੁਰਸੀ ਤੇ ਲੱਤਾਂ ਲਮਕਾ ਬਹਿ ਜਾਣਾ
ਨਿਲਾਂਬਰ ਨੂੰ ਤੱਕਣਾ
ਤੱਕਦੇ ਹੀ ਰਹਿਣਾ...
ਤੇ ਮਾਂ ਵੱਲ ਵੇਖ ਮੁਸਕੁਰਾਉਣਾ
ਕਹਿਣਾ ਕੁਝ ਨਾ..
ਅਗਲੀ ਸਵੇਰ-
ਮਾਂ ਦਾ ਬਿਰਖ ਹੇਠ
ਸਾਰੇ ਕੰਮ ਛੱਡ ਕੁਰਸੀ ਤੇ ਬੈਠਣਾ
ਚਾਹ ਪੀਣਾ..
ਤੇ ਨੀਲਾਂਬਰ ਤੱਕਣਾ
ਤੱਕਦੇ ਹੀ ਰਹਿਣਾ..
ਪਿਤਾਜੀ ਵੱਲ
ਚਮਕਦੇ ਚਿਹਰੇ ਨਾਲ ਹੱਸ ਕੇ ਤੱਕਣਾ..
ਤੇ ਦੋਵਾਂ ਦਾ
ਇਕ ਦੂਜੇ ਵੱਲ ਵੇਖ ਮੁਸਕੁਰਾਉਣਾ..
ਘਰ ਦੇ ਵੇਹੜੇ 'ਚ
ਬੁੱਧ ਹੋ ਜਾਨਾਂ ਮੈਂ .. |
-----------------
2.
ਲਫਜ਼ ਹਵਾ 'ਚ ਤੈਰਦੇ
ਸਿਲ੍ਹੇ ਜਿਹੇ ਹੋ ਜਾਂਦੇ..
ਜ਼ਮੀਨ ਤੇ ਬੈਠਦੇ
ਹੰਝੂ ਕੇਰਦੇ
ਵਰਕੇ ਤੱਕ ਆਉਂਦਿਆਂ
ਹਸੀਨ ਤਸਬੀ ਬਣ ਜਾਂਦੇ..
ਐ ਖੁਦਾ
ਕਿਂਨੀ ਸੋਹਣੀ ਸ਼ੈ ਹੈ..
ਵਿਛੋੜਾ
-----------------
3.
ਮੈਂ ਚੁੰਨੀ ਦੀ ਗੰਢ ਖੋਲੀ
ਪਿਆਰ ਝੜ ਉਠਿਆ..
ਹਥੇਲੀ ਵੱਲ ਗਹੁ ਨਾਲ ਤੱਕਿਆ
ਲਕੀਰਾਂ ਨੇ ਰੂਪ ਬਦਲਿਆ
ਤੇਰਾ ਚਹਿਰਾ ਬਣ ਗਿਆ..
ਸ਼ੀਸ਼ਾ ਤਕਿਆ
ਤੇਰੀ ਰੌਣਕ
ਮੇਰੇ ਚਹਿਰੇ ਦੀ ਲਾਲੀ ਬਣ ਗਈ..
ਰਾਤ 'ਚ ਨੀਂਦ ਨਹੀਂ
ਤੇਰੇ ਨਾਮ ਦਾ ਜਾਪ ਗੂੰਜਦੈ..
ਪਹਿਲਾ ਪਹਿਰ
ਤੇਰੇ ਨਾਂ ਦੀ ਚੌਂਕੜੀ
....ਪਰ
ਓ ਸਾਹਿਬ !!
ਤੂੰ ਕਿੱਥੇ ਹੈਂ ?
-----------------
4.
ਮੈਂ ਫਰੇਮ ਖਾਲੀ ਕਰਦੀ ਹਾਂ
ਅਗਲੇ ਹੀ ਪਲ
ਮਾਰ ਚੌਂਕੜੀ
ਉਸ ਵਿੱਚ ਬਹਿ ਜਾਨੈਂ..
ਵੇਖ ..ਭੈੜੀ ਗੱਲ ਏ..
ਮੈਂ ਕੁਝ ਸੋਚਾਂ
ਤੂੰ ਸੁਣ ਲੈਂਦੈਂ
ਵੇਖ ਹੱਟ ਜਾ..
ਤੇਰਾ ਪਰਛਾਵਾਂ
ਮੇਰੇ ਨਾਲ-ਨਾਲ ਤੇ
ਖੌਰੇ ਕਿਉਂ..
ਇੱਕ ਦਿਨ ਕਿਸੇ ਨੇ
ਬੱਦਲਾਂ ਦੇ ਹੱਥ ਇਹ
ਸੁਨੇਹਾ ਘੱਲਿਐ
...ਤੂੰ ਨਹੀਂ ਆਉਣਾ...
ਭੈੜੀ ਗੱਲ ਏ..
..ਤੂੰ ਨਹੀਂ ਆਉਣਾ..
ਭੈੜੀ ਗੱਲ ਏ.. !!
No comments:
Post a Comment