Tuesday, August 27, 2013

Amarjit Virk

ਕੁੜੀਆਂ ਤਾਂ ਚਿੜੀਆਂ ਦਾ ਚੰਬਾ

ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ,
ਬਚਪਨ ਦੇ ਵਿੱਚ ਲਾਡ ਲਡਾਇਆ,
ਮਾਂ ਬਾਪ ਤੇ ਭੈਣ ਭਰਾਵਾਂ,
ਮਾਂ ਦੀ ਲਾਡਲੀ
ਮਾਂ ਦੇ ਨੇੜੇ ਹੋ ਹੋ ਬਹਿੰਦੀ,
ਮਾਂ ਦੀ ਸਿੱਖਿਆ
ਧੀਆਂ ਧਨ ਪਰਾਇਆ,
ਸੁਣਦੀ ਉੱਠਦੀ ਬਹਿੰਦੀ,
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ।
ਸੁਰਤ ਸੰਭਲੀ ਤਾਂ
ਹੋ ਜਾਂਦੀ ਪਰਾਈ,
ਹੱਥੀਂ ਲਾ ਸ਼ਗਨਾਂ ਦੀ ਮਹਿੰਦੀ,
ਸਹੁਰੇ ਘਰ ਪੈਰ ਰੱਖੇ ਤਾਂ
ਸੱਸ ਪਾਣੀ ਵਾਰ ਕੇ ਪੀਂਦੀ,
ਸੱਸ ਚੋਂ ਮਾਂ, ਸਹੁਰੇ ਚੋਂ ਬਾਪ ਦਾ,
ਸਾਯਾ ਤੱਕਦੀ ਰਹਿੰਦੀ
ਪਰ ਕਿਸਮਤ ਦੇਖੋ
ਇਸ ਧੀ ਦੀ
ਬੇਗਾਨੀ ਧੀ ਹੈ
ਸੱਸ ਹਰਦਮ ਝਿੜਕਦੀ ਰਹਿੰਦੀ,
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ,
ਮਿਲੇ ਪਤੀ ਦਾ ਪਿਆਰ
ਲੈ ਇਹੀ ਅਰਮਾਨ,
ਸਾਰੇ ਦੁੱਖ ਹੈ ਸਹਿੰਦੀ,
ਪਰ ਵਾਰੇ ਕਿਸਮਤ,
ਪਤੀ ਵੀ ਤਾਂ ਪੁੱਤ ਉਸੇ ਮਾਂ ਦਾ,
ਜੋ ਹੋਵੇ ਪੈਦਾ ਵਾਰਿਸ ਉਸ ਦੀ ਕੁੱਖ ਚੋਂ
ਹਰ ਵੇਲੇ ਜਪਦੀ ਉੱਠਦੀ ਬਹਿੰਦੀ
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ,
ਪੁੱਤਰ ਹੋਣ ਜਵਾਨ ਤਾਂ ਬਦਲੇਗੀ ਇਹ ਦੁਨੀਆ,
ਮਾਂ ਪੁੱਤ ਦੇ ਮੂੰਹ ਵੱਲ ਦੇਖਦੀ ਰਹਿੰਦੀ,
ਪੁੱਤਰ ਵਿਆਹੇ ਸ਼ਗਨ ਮਨਾਏ,
ਲਾ ਫਿਰ ਹੱਥਾਂ ਤੇ ਮਹਿੰਦੀ,
ਭੁੱਲ ਗਏ ਦੁੱਖ ਸਾਰੇ ਕੁਛ ਦੇਰ ਲਈ,
ਜੋ ਸੀ ਸਹਿੰਦੀ ਉੱਠਦੀ ਬਹਿੰਦੀ,
ਪਰ ਇਹ ਕੀ!
ਹੋਏ ਉਹ ਘਰ ਪੁੱਤਰਾਂ ਦੇ ਹੁਣ,
ਨੂੰਹ ਹਰ ਵੇਲੇ ਘੂਰਦੀ ਰਹਿੰਦੀ,
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ,
ਦੱਸੋ ਵੇ ਤੁਸੀ ਦੱਸੋ ਲੋਕੋ
ਫਿਰ ਇਸ ਔਰਤ ਦਾ
ਘਰ ਹੋਇਆ ਕਿਹੜਾ,
ਕਿਸ ਲਈ ਸਾਰੀ ਉਮਰ
ਇਹ ਜੁਲਮ ਹੈ ਸਹਿੰਦੀ
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ,
ਧੀ ਸੀ ਤਾਂ ਧਨ ਪਰਾਇਆ,
ਨੂੰਹ ਸੀ ਤਾਂ ਬੇਗਾਨੀ ਧੀ,
ਜੇ ਸੱਸ ਬਣ ਗਈ ਤਾਂ ਵੀ
ਕੋਈ ਸੁਣਵਾਈ ਨ ਪੈਂਦੀ,
ਦੱਸੋ ਵੇ ਤੁਸੀ ਦੱਸੋ ਲੋਕੋ...............
ਕੁੜੀਆਂ ਤਾਂ ਚਿੜੀਆਂ ਦਾ ਚੰਬਾ ,
ਸਾਰੀ ਦੁਨੀਆ ਕਹਿੰਦੀ..

No comments:

Post a Comment