Monday, June 1, 2026

            ਕਾਵਿ-ਪੁਸਤਕ ‘ਤੇਰੀ ਰੰਗਸ਼ਾਲਾ’ ਦੇ ਦ੍ਰਿਸ਼ਟੀਗਤ ਪਾਸਾਰ

ਸੁਰਜੀਤ ਕੈਨੇਡਾ ਦੀ ਪੰਜਾਬੀ ਕਵਿਤਾ ਦੀ ਇੱਕ ਨਾਮਵਰ ਸ਼ਾਇਰਾ ਹੈ ਜਿਸਨੇ ਆਪਣੀ ਮਹੱਤਵਪੂਰਨ ਕਾਵਿ-ਸਿਰਜਣਾ ਰਾਹੀਂ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ ‘ਤੇਰੀ ਰੰਗਸ਼ਾਲਾ’ (2021) ਉਸਦਾ ਨਵ ਪ੍ਰਕਾਸ਼ਿਤ ਚੌਥਾ ਕਾਵਿ ਸੰਗ੍ਰਹਿ ਹੈ ਇਸ ਤੋਂ ਪਹਿਲਾਂ ਉਸਦੇ ਤਿੰਨ ਕਾਵਿ ਸੰਗ੍ਰਹਿ ਸ਼ਿਕਸਤ ਰੰਗ (2005), ਹੇ ਸਖੀ (2011) ਅਤੇ ਵਿਸਮਾਦ (2015) ਪ੍ਰਕਾਸ਼ਿਤ ਹੋ ਚੁੱਕੇ ਹਨ ਜੇਕਰ ਸੁਰਜੀਤ ਦੀ ਪੂਰਵਲੀ ਕਵਿਤਾ ਦੀ ਗੱਲ ਕੀਤੀ ਜਾਵੇ ਤਾਂ ਇਹ ਕਵਿਤਾ ਆਪਣੀ ਨਿਰੰਤਰਤਾ ਅਤੇ ਗਤੀਸ਼ੀਲਤਾ ਦੇ ਇੱਕ ਸਥਿਰ ਪੈਟਰਨ ਵਿੱਚ ਚਲਦੀ ਹੋਈ ਸ਼ਬਦ ਸੰਵੇਦਨਾ ਦਾ ਇੱਕ ਵਿਲੱਖਣ ਸੰਸਾਰ ਸਿਰਜਦੀ ਹੈ ਇਸ ਵਿੱਚ ਵੱਖਰੇ ਵੱਖਰੇ ਕਾਲਖੰਡ ਵੱਖਰੇ ਵੱਖਰੇ ਦ੍ਰਿਸ਼ਟੀਗਤ ਬਿੰਦੂਆਂ ਦੇ ਰੂਪ ਵਿੱਚ ਦ੍ਰਿਸ਼ਟੀਗੋਚਰ ਹੁੰਦੇ ਹਨ ਇਹ ਕਵਿਤਾ ਜਿੱਥੇ ਇੱਕੋ ਵੇਲੇ ਮਨੁੱਖ ਦੇ ਪਦਾਰਥਕ ਜਗਤ ਦੇ ਤਾਣੇ-ਬਾਣੇ ਅਤੇ ਹੋਂਦਮੂਲਕ ਸਵਾਲਾਂ ਦੇ ਰੂਬਰੂ ਹੁੰਦੀ ਹੈ, ਉਸਦੇ ਨਾਲ ਹੀ ਉਸਦੇ ਅਧਿਆਤਮਕ ਜਗਤ ਅਤੇ ਅੰਤਰੀਵੀ ਜਗਿਆਸਾ ਨਾਲ ਸਬੰਧਿਤ ਸਵਾਲਾਂ ਨਾਲ ਵੀ ਸੰਵਾਦ ਰਚਾਉਂਦੀ ਹੈ ਅਸਲ ਵਿੱਚ ਇਹ ਕਵਿਤਾ ਮਨੁੱਖ ਦੇ ਆਲੇ ਦੁਆਲੇ ਦੇ ਪਦਾਰਥਕ ਜਗਤ ਅਤੇ ਰੂਹਾਨੀ ਸੰਸਾਰ ਵਿਚਲੇ ਦਵੰਦ ਨੂੰ ਸੰਬੋਧਿਤ ਹੁੰਦੀ ਹੋਈ, ਇਸ ਧਰਤੀ ਤੇ ਮਾਨਵੀ ਜੀਵਨ ਦੇ ਵੱਖ-ਵੱਖ ਪਸਾਰਾਂ ਨੂੰ ਛੋਹਣ ਦਾ ਯਤਨ ਕਰਦੀ ਹੈ ਇਨ੍ਹਾਂ ਸਭ ਵਰਤਾਰਿਆਂ ਪਿੱਛੇ ਕਵੀ ਦੇ ਅਵਚੇਤਨ ਵਿੱਚ ਪਏ ਸਮਾਜਿਕ-ਸਭਿਆਚਾਰਕ ਟੈਬੂਜ਼ ਅਤੇ ਸੰਸਕਾਰ ਕਾਰਜਸ਼ੀਲ ਹੁੰਦੇ ਹਨਜਿਹੜੇ ਕਿ ਅੱਗੇ ਉਸਦੀ ਸਾਹਿਤ ਸਿਰਜਣਾ ਤੇ ਗਹਿਰਾ ਪ੍ਰਭਾਵ ਪਾਉਂਦੇ ਹਨ ਇਹ ਵਰਤਾਰਾ ਸੁਰਜੀਤ ਦੀ ਕਵਿਤਾ ਵਿੱਚ ਵੀ ਪ੍ਰਬਲ ਰੂਪ ਵਿੱਚ ਵੇਖਣ ਨੂੰ ਮਿਲਦਾ ਹੈ ਉਸਦੀ ਕਵਿਤਾ ਵਿੱਚ ਦੇਸ-ਪ੍ਰਦੇਸ ਦਾ ਵਿਸ਼ਾਲ ਧਰਾਤਲ ਮਿਸ਼ਰਤ ਰੂਪ ਵਿੱਚ ਪ੍ਰਵਾਹਿਤ ਹੋ ਕੇ ਵਿਸ਼ਾਲ ਅਰਥ ਗ੍ਰਹਿਣ ਕਰ ਲੈਂਦਾ ਹੈ ਉਦੋਂ ਇਹ ਕਵਿਤਾ ਪਰਵਾਸੀ ਤੋਂ ਮੂਲਵਾਸੀ ਦੇ ਅੰਤਰੀਵੀ ਸੰਸਾਰ ਤੱਕ ਪਹੁੰਚ ਬਣਾਉਂਦੀ ਹੋਈ ਆਪਣੀ ਵਿਲੱਖਣ ਦ੍ਰਿਸ਼ਟੀ ਦਾ ਪ੍ਰਗਟਾਵਾ ਕਰਦੀ ਹੈ ਭਾਵੇਂ ਕਿ ਇਸ ਵਿੱਚ ਪੱਛਮੀ ਮੁਲਕਾਂ ਦੀ ਬਹੁਲਤਾ ਤੇ ਥੁੜ੍ਹਾਂ ਦਾ ਕਾਵਿ-ਸੰਵਾਦ ਵੀ ਨਾਲ ਨਾਲ ਚਲਦਾਰਹਿੰਦਾ ਹੈ ਪਰ ਇਹ ਕਵਿਤਾ ਮਨੁੱਖ ਦੇ ਭੌਤਿਕ ਚੌਗਿਰਦੇ ਨਾਲੋਂ ਉਸਦੇ ਸੂਖ਼ਮ ਸੰਸਾਰ ਵਿੱਚੋਂ ਉੱਭਰਦੇ ਭਾਵਾਂ ਤੇ ਵਿਚਾਰਾਂ ਤੇ ਵਧੇਰੇ ਫੋਕਸ ਕਰਦੀ ਹੈ ਇਹ ਤੱਥ ਇਸ ਕਵਿਤਾ ਨੂੰ ਇਕ ਵਿਸਮਾਦੀ ਝਲਕਾਰਾ ਵੀ ਪ੍ਰਦਾਨ ਕਰਦਾ ਹੈ

        ਸੁਰਜੀਤ ਦੀ ਕਵਿਤਾ ਦਾ ਇਹ ਹਾਸਿਲ ਹੈ ਕਿ ਇਹ ਕਵਿਤਾ ਆਪਣੇ ਚੇਤਨ-ਅਵਚੇਤਨ ਦੇ ਬਣੇ ਬਣਾਏ ਸੀਮਾਗਤ ਦਾਇਰਿਆਂ ਨਾਲ ਸੰਘਰਸ਼ ਕਰਦੀ ਹੋਈਇਨ੍ਹਾਂ ਦੀ ਕਾਲਗਤ ਸੀਮਾ ਤੋਂ ਪਾਰ ਜਾਣਾ ਲੋਚਦੀ ਹੈ ਇਸ ਤਰ੍ਹਾਂ ਉਸਦਾ ਕਾਵਿ-ਪ੍ਰਵਚਨ ਇਨ੍ਹਾਂ ਕਾਲਗਤ ਇਕਾਈਆਂ ਤੇ ਸੀਮਾਗਤ ਦਾਇਰਿਆਂ ਦੇ ਆਰ ਪਾਰ ਫ਼ੈਲਦਾ ਹੋਇਆ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਉਸਦੀ ਵੱਖਰੀ ਪਛਾਣ ਸਥਾਪਿਤ ਕਰਦਾ ਹੈ ਇਸੇ ਪ੍ਰਸੰਗ ਵਿੱਚ ਜੇਕਰ ਉਸਦੀ ਨਵ-ਪ੍ਰਕਾਸ਼ਿਤ ਕਾਵਿ ਪੁਸਤਕ ‘ਤੇਰੀ ਰੰਗਸ਼ਾਲਾ’ ਦੀ ਗੱਲ ਕੀਤੀ ਜਾਵੇ ਤਾਂ ਇਹ ਕਾਵਿ ਪੁਸਤਕ ਪਾਠ ਤੇ ਪ੍ਰਵਚਨ ਪੱਖੋਂ ਇੱਕ ਵੱਖਰੀ ਦ੍ਰਿਸ਼ਟੀ ਦੀ ਧਾਰਨੀ ਹੈ ਇਸ ਕਵਿਤਾ ਵਿੱਚੋਂ ਮਨੁੱਖੀ ਜੀਵਨ ਦਾ ਇੱਕ ਵਿਸ਼ਾਲ ਪਸਾਰਾ ਦ੍ਰਿਸ਼ਟੀਗੋਚਰ ਹੁੰਦਾ ਹੈ, ਜਿਹੜਾ ਕਿ ਵੱਖ ਵੱਖ ਕਾਵਿਕ ਇਕਾਈਆਂ ਦੀ ਨਿਰੰਤਰਤਾ ਵਿੱਚ ਚਲਦਾ ਹੋਇਆ ਵਿਚਾਰਧਾਰਾ ਪੱਖੋਂ ਇੱਕ ਸਾਂਝੇ ਸੂਤਰ ਦਾ ਪ੍ਰਗਟਾਵਾ ਕਰਦਾ ਹੈ ਇਹ ਦ੍ਰਿਸ਼ਟੀ ਅਤੇ ਸ਼ਾਬਦਿਕ ਸੰਗਠਨ ਹੀ ਇਸ ਕਵਿਤਾ ਦੀ ਸ਼ਕਤੀਸ਼ਾਲੀ ਆਧਾਰਸ਼ਿਲਾ ਵੱਜੋਂ ਉੱਭਰ ਕੇ ਸਾਹਮਣੇ ਆਉਂਦਾ ਹੈਇਹ ਕਵਿਤਾ ਮਾਨਵੀ ਜੀਵਨ ਦੇ ਨਿੱਜਮੂਲਕ ਪਸਾਰਾਂ ਵਿੱਚ ਉਤਰਨ ਦੀ ਥਾਂ ਤੇ ਉਸਦੀ ਹੋਂਦ ਦੇ ਵਿਰਾਟ ਅਤੇ ਵਿਸ਼ਵ ਵਿਆਪੀ ਪਸਾਰਾਂ ਤੇ ਫ਼ੋਕਸ ਕਰਦੀ ਹੈ, ਜਿੱਥੋਂ ਇਹ ਕਾਵਿ-ਪ੍ਰਵਚਨ ਇਕ ਸਾਰਥਿਕ ਦਿਸ਼ਾ ਅਖ਼ਤਿਆਰ ਕਰਦਾ ਹੋਇਆਕਾਵਿ ਸਿਰਜਣਾ ਦੇ ਨਵੇਂ ਦਿਸਹੱਦਿਆਂ ਵਿੱਚ ਪ੍ਰਵੇਸ਼ ਕਰਦਾ ਹੈ ਇਸ ਕਵਿਤਾ ਦੀ ਸ਼ਕਤੀ ਅਤੇ ਸਮਰੱਥਾ ਵੀ ਇਸੇ ਗੱਲ ਵਿੱਚ ਪਈ ਹੋਈ ਹੈਇਹ ਕਾਵਿ ਪੁਸਤਕ ਆਪਣੇ ਬਹੁਪਸਾਰਾਂ ਅਤੇ ਵਿਸ਼ਵ ਵਿਆਪੀ ਦ੍ਰਿਸ਼ਟੀ ਕਾਰਨ ਕਵਿਤਾ ਦੇ ਖੇਤਰ ਵਿੱਚ ਵਿਸ਼ੇਸ਼ ਮਹੱਤਵ ਦੀ ਧਾਰਨੀ ਹੈ ਇਹ ਕਵਿਤਾ ਮਾਨਵੀ ਜੀਵਨ ਦੇ ਵਿਸ਼ਾਲ ਪਸਾਰੇ ਅਤੇ ਜਟਿਲ ਤੰਦਾਂ ਨੂੰ ਹੱਥ ਪਾਉਂਦੀ ਹੋਈ ਸਮਕਾਲ ਨਾਲ ਪ੍ਰਵਚਨੀ ਸੁਰ ਬਣਾਉਣ ਦਾ ਯਤਨ ਕਰਦੀ ਹੈ ਇਸ ਕਵਿਤਾ ਦਾ ਇਹ ਹਾਸਿਲ ਹੈ ਕਿ ਇਹ ਕਵਿਤਾ ਪਰਵਾਸ ਅਤੇ ਪਰਵਾਸੀ ਜੀਵਨ ਨਾਲ ਸਬੰਧਿਤ ਵਰਤਾਰਿਆਂ ਨੂੰ ਨਕਾਰਾਤਮਕ ਦ੍ਰਿਸ਼ਟੀ ਤੋਂ ਨਹੀਂ ਵੇਖਦੀ ਸਗੋਂ ਇਨ੍ਹਾਂ ਪਿੱਛੇ ਕਾਰਜਸ਼ੀਲ ਸਮਾਜਿਕ-ਸੱਭਿਆਚਾਰਕ ਅਤੇ ਆਰਥਿਕ ਸੰਦਰਭਾਂ ਨੂੰ ਵੀ ਅਗਰਭੂਮੀ ਵਿੱਚ ਲਿਆਉਣ ਦਾ ਯਤਨ ਕਰਦੀ ਹੈ ਇਸ ਪੁਸਤਕ ਦਾ ਸਿਰਲੇਖ ਆਪਣੇ ਧੁਨੀਆਤਮਕ ਪੈਟਰਨ ਰਾਹੀਂ ਇਸ ਪੁਸਤਕ ਦੇ ਸ਼ਬਦ-ਸੰਸਾਰ ਵੱਲ ਭਾਵਪੂਰਤ ਇਸ਼ਾਰਾ ਕਰ ਦਿੰਦਾ ਹੈ  ਇਸਦੇ ਨਾਲ ਹੀ ਰੰਗਸ਼ਾਲਾ ਦਾ ਬਹੁਅਰਥੀ ਚਿਹਨ ਇਸ ਕਵਿਤਾ ਦੇ ਸਾਹਿਤਕ-ਸੰਗਠਨ ਵਿੱਚ ਬਹੁਭਾਂਤੀ ਕਟਾਖਸ਼ੀ ਸੁਰਾਂ ਦੇ ਰੂਪ ਵਿੱਚ ਵੀ ਵਿਦਮਾਨ ਰਹਿੰਦਾ ਹੈ, ਜਿਹੜਾ ਕਿ ਇਸ ਕਵਿਤਾ ਨੂੰ ਇੱਕ ਵੱਖਰੀ ਤਾਸੀਰ ਪ੍ਰਦਾਨ ਕਰਦਾ ਹੈ ਇਸ ਕਵਿਤਾ ਦੀ ਸੁਰਤੀ ਦੇਸ ਤੋਂ ਪ੍ਰਦੇਸ ਅਤੇ ਪ੍ਰਦੇਸ ਤੋਂ ਦੇਸ ਵੱਲ ਪੈਂਡੂਲਮ ਬੋਬ ਵਾਂਗ ਕਾਰਜਸ਼ੀਲ ਰਹਿੰਦੀ ਹੈ, ਜਿਹੜੀ ਕਿ ਇਕ ਅਰਥਪੂਰਨ ਵਿਸ਼ਵ ਵਿਆਪੀ ਦ੍ਰਿਸ਼ਟੀ ਵਿੱਚ ਪਰਿਵਰਤਿਤ ਹੋ ਕੇ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੁੰਦੀ ਹੈ ਸੁਰਜੀਤ ਆਪਣੀ ਗੱਲ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਦਿਨ-ਬ-ਦਿਨ ਸੁੰਗੜ ਰਹੀ ਮਾਨਵੀ ਹੋਂਦ ਤੋਂ ਸ਼ੁਰੂ ਕਰਦੀ ਹੈ ਤੇ ਇਸਨੂੰ ਇੱਕ ਮਹੱਤਵਪੂਰਨ ਹੋਂਦਮੂਲਕ ਪ੍ਰਸ਼ਨ ਦੇ ਰੂਪ ਵਿੱਚ ਉਭਾਰਦੀ ਹੋਈ ਮਾਨਵੀ ਚੇਤਨਾ ਦੇ ਵੱਖ-ਵੱਖ ਪਸਾਰਾਂ ਰਾਹੀਂ ਦ੍ਰਿਸ਼ਟੀਗੋਚਰ ਕਰਨ ਦਾ ਯਤਨ ਕਰਦੀਹੈ:-

ਸਫ਼ਰ ’ਤੇ ਹਾਂ

ਕਈ ਵੇਰੀ ਉਡੀ ਵੀ

ਕਈ ਵੇਰ ਤੁਰੀ ਵੀ

ਪੈਂਡਾ ਲੰਮਾ ਸੀ

ਕਈ ਵਾਰ ਝੁਰੀ ਵੀ!

 

ਚੇਤਨਾ ਦੂਰ ਨਿਕਲ ਆਈ

ਬਹੁਤ ਦੂਰ

ਸ਼ਾਇਦ ਜਿੱਥੇ ਕੁਝ ਵੀ ਨਹੀਂ ਹੁੰਦਾ

ਉੱਥੇ!

ਜਿੱਥੇ ਕੋਈ ਆਵਾਜ਼ ਨਹੀਂ

                                         ਕੋਈ ਆਕਾਰ ਨਹੀਂ  

ਸਿਰਫ਼ ਧਰਤੀ ਤੇ ਆਸਮਾਨ

ਇਕ ਸ਼ੂਨਯ ’ਚ ਫ਼ੈਲ ਰਹੇ! 1

        ਇਸ ਤਰ੍ਹਾਂ ਇਹ ਕਵਿਤਾ ਆਪਣੀ ਗੱਲ ਨਿੱਜ ਤੋਂ ਸ਼ੁਰੂ ਕਰਦੀ ਹੋਈ, ਆਪਣੇ ਆਲੇ ਦੁਆਲੇ ਦੇ ਮਹੱਤਵਪੂਰਨ ਸਰੋਕਾਰਾਂ ਨਾਲ ਸੰਵਾਦ ਰਚਾਉਣ ਲਗਦੀ ਹੈ ਇੱਥੇ ਸ਼ਾਇਰਾ ਆਪਣੇ ਨਿੱਜ ਦੇ ਦਰਸ਼ਨੀ ਪਸਾਰਾਂ ਤੀਕ ਆਪਣੀ ਗਹਿਰੀ ਪਹੁੰਚ ਬਣਾਉਂਦੀ ਹੋਈਇਨ੍ਹਾਂ ਦੀ ਕਸੌਟੀ ਤੇ ਆਪਣੇ ਆਲੇ ਦੁਆਲੇ ਨੂੰ ਸਮਝਣ ਤੇ ਪ੍ਰੀਭਾਸ਼ਤ ਕਰਨ ਲਈ ਯਤਨਸ਼ੀਲ ਹੈ ਉਹ ਕਵਿਤਾ ਦੀਆਂ ਸਿਰਜਾਣਤਮਕ ਅਤੇ ਵਿਧਾਗਤ ਬੰਦਸ਼ਾਂ ਨੂੰ ਨਾਰੀ ਸੰਸਾਰ ਦੇ ਇਤਿਹਾਸਕ ਘਟਨਾਕ੍ਰਮ, ਮਿਥਿਹਾਸ ਅਤੇ ਪਰੰਪਰਾਗਤ ਮੁੱਲ ਵਿਧਾਨ ਦੀ ਸ਼ੋਸ਼ਣੀ ਪ੍ਰਥਾ ਦਾ ਦਰਜਾ ਦਿੰਦੀ ਹੋਈ, ਇਨ੍ਹਾਂ ਪ੍ਰਤੀ ਆਪਣੀ ਨਾਬਰੀ ਅਤੇ ਤਿੱਖਾ ਪ੍ਰਤੀਕਰਮ ਜ਼ਾਹਰ ਕਰਦੀ ਹੈ ਉਦੋਂ ਉਸਦਾ ਕਾਵਿ ਸੰਵਾਦ ਨਾਰੀ ਸੰਸਾਰ ਦੇ ਹੋਂਦਮੂਲਕ ਪ੍ਰਸੰਗਾਂ ਵਿੱਚ ਗਤੀਸ਼ੀਲਤਾ ਗ੍ਰਹਿਣ ਕਰਦਾ ਹੋਇਆਇਸ ਕਵਿਤਾ ਨੂੰ ਇੱਕ ਨਵੀਂ ਦਿਸ਼ਾ ਪ੍ਰਦਾਨ ਕਰਦਾ ਹੈ ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਸੁਰਜੀਤ ਆਧੁਨਿਕ ਨਾਰੀ ਦਾ ਚਿਤਰਣ ਕਰਦੀ ਹੋਈਉਸ ਨੂੰ ਸੰਕੀਰਨ, ਪਰੰਪਰਾਵਾਦੀ ਅਤੇ ਮਰਦਾਵੀਂ ਸੱਤਾ ਦੇ ਪੁੜਾਂ ਵਿੱਚ ਪਿਸ ਰਹੇ ਸ਼ੋਸ਼ਣੀ ਕਿਰਦਾਰ ਵੱਜੋਂ ਨਹੀਂ ਚਿਤਵਦੀ ਸਗੋਂ ਉਸਦੇ ਹੋਂਦਮੂਲਕ ਸੰਸਾਰ ਦੀ ਸਿਖਰਲੀ ਪਰਵਾਜ਼ ਦੀ ਹਾਮੀ ਭਰਦੀ ਹੋਈ, ਉਸਦੀ ਹੋਂਦ ਅਤੇ ਹਸਤੀ ਨੂੰ ਨਵੀਂ ਗਤੀ ਵੀ ਪ੍ਰਦਾਨ ਕਰਦੀ ਹੈ ਉਸਦੀ ਕਾਵਿ ਨਾਇਕਾ ਹਰ ਕਿਸਮ ਦੇ ਦਾਇਰਿਆਂ, ਚੌਖਟਿਆਂ ਅਤੇ ਬੰਦਿਸ਼ਾਂ ਤੇ ਅੰਕੁਸ਼ ਲਾਉਂਦੀ ਹੋਈ ਨਵੇਂ ਨਕਸ਼ਾਂ ਦੀ ਧਾਰਨੀ ਬਣਕੇ ਸਾਡੇ ਸਾਹਮਣੇ ਆਉਂਦੀ ਹੈ ਇਹ ਨਵਾਂ ਨਜ਼ਰੀਆ ਜਿੱਥੇ ਉਸਦੀ ਸਖ਼ਸ਼ੀ ਬੁਲੰਦੀ ਨੂੰ ਉਭਾਰਦਾ ਹੈ, ਉਸਦੇ ਨਾਲ ਹੀ ਕਵਿਤਾ ਦੇ ਖੇਤਰ ਵਿੱਚ ਇਕ ਕੀਰਤੀਮਾਨ ਵੀ ਸਥਾਪਿਤ ਕਰਦਾ ਹੈ ਇਸ ਸੰਦਰਭ ਵਿੱਚ ਉਸਦੀ ਕਵਿਤਾ ‘ਮੈਂ ਖੁੱਲ੍ਹੀ ਕਵਿਤਾ ਲਿਖਦੀ ਹਾਂ’ ਵਿਚਾਰੀ ਜਾ ਸਕਦੀ ਹੈ ਇਹ ਕਵਿਤਾ ਜਿੱਥੇ ਸ਼ਾਇਰਾ ਦੀ ਇਕ ਨਵੀਂ ਸਾਹਿਤਕ ਉਡਾਨ ਵੱਲ ਇਸ਼ਾਰਾ ਕਰਦੀ ਹੈ, ਉਸਦੇ ਨਾਲ ਹੀ ਉਸਦੇ ਮਨ ਵਿੱਚ ਉੱਸਰ ਰਹੀ ਇੱਕ ਨਵੀਂ ਦੁਨੀਆਂ ਦੇ ਦੀਦਾਰ ਵੀ ਕਰਾਉਂਦੀ ਹੈ ਇੱਥੇ ਕਵਿਤਾ ਦੀ ਆਵਾਰਗੀ ਨਾਰੀ ਦੀ ਸੁਤੰਤਰ ਹੋਂਦ ਅਤੇ ਸਖ਼ਸ਼ੀ ਆਜ਼ਾਦੀ ਦੇ ਰੂਪ ਵਿੱਚ ਦ੍ਰਿਸ਼ਟਮਾਨ ਹੁੰਦੀ ਹੋਈ ਸਿਰਜਣਾ ਦੇ ਨਵੇਂ ਦਿਸਹੱਦਿਆਂ ਵਿੱਚ ਪ੍ਰਵੇਸ਼ ਕਰਦੀ ਹੈ:-

ਕਿਵੇਂ ਬੰਨ੍ਹਾਂ ਖ਼ਿਆਲਾਂ ਦੇ ਵੇਗ ਨੂੰ

ਕਿਸੇ ਤੋਲ ਅੰਦਰ

ਕਿਸੇ ਬਹਿਰ ਅੰਦਰ!

ਮੈਨੂੰ ਕਵਿਤਾ ਦੀ ਆਵਾਰਗੀ ਚੰਗੀ ਲਗਦੀ ਐ

ਕਿਵੇਂ ਨਾਪਾਂ ਤੋਲਾਂ ਕਵਿਤਾ ਨੂੰ

ਕਵਿਤਾ ਵੀ ਤਾਂ ਹੁੰਦੀ ਏ

ਕੁਦਰਤ ਵਰਗੀ ਖੁੱਲ੍ਹੀ ਤੇ ਖੂਬਸੂਰਤ! 2

 

ਕਿਉਂ ਮੇਰੀ ਉਡਾਣ ’ਚ ਇੰਨੀ ਬੇਵਸੀ!

ਕਿਉਂ ਇਕ ਵੀ ਚੁੰਗੀ ਮੈਂਥੋਂ ਭਰੀ ਨਾ ਗਈ?

ਉਕਾਬ ਜਿਹੀ ਇਕ ਉਡਾਣ ਦੀ

ਕਰਤਾ ਹੋਣ ਦਾ ਕਰਮ ਕਦ ਕਰੋਗੇ?

ਮੇਰੀ ਪਰਵਾਜ਼ ਵਿਚ

ਤਾਰਿਆਂ ਜੜੇ ਅਸਮਾਨ ਦੀਆਂ

ਖਿੜਕੀਆਂ ਕਦ ਭਰੋਗੇ?

ਤੇ ਮੇਰੇ ਵਿਰਾਮ ਨੂੰ ਵਿਸਰਾਮ ਕਦ ਦਿਉਗੇ? 3

        ਸੁਰਜੀਤ ਆਪਣੀ ਗੱਲ ਬਹੁਤ ਹੀ ਮਹੱਤਵਪੂਰਨ ਹੋਂਦਮੂਲਕ ਸਵਾਲਾਂ ਤੋਂ ਸ਼ੁਰੂ ਕਰਦੀ ਹੈ ਤੇ ਇਨ੍ਹਾਂ ਸਵਾਲਾਂ ਨੂੰ ਆਪਣੀ ਕਵਿਤਾ ਦਾ ਸ਼ਕਤੀਸ਼ਾਲੀ ਆਧਾਰ ਬਣਾਉਂਦੀ ਹੋਈ ਮਾਨਵੀ ਜਗਤ ਦੇ ਅਹਿਮ ਪਸਾਰਾਂ ਨੂੰ ਛੁਹਣ ਦਾ ਯਤਨ ਕਰਦੀ ਹੈ ਉਦੋਂ ਉਸਦਾ ਕਾਵਿ-ਪ੍ਰਵਚਨ ਹੋਰ ਵੀ ਅਰਥਪੂਰਨ ਦ੍ਰਿਸ਼ਟੀ ਦਾ ਲਖਾਇਕ ਬਣ ਜਾਂਦਾ ਹੈ ਉਹ ਜਦ ਵੀ ਆਵਾਸ-ਪਰਵਾਸ ਬਾਰੇ ਕੋਈ ਗੱਲ ਕਰਦੀ ਹੈ ਤਾਂ ਇੱਕ ਸਮੱਸਿਆਕਾਰ ਦੇ ਰੂਪ ਵਿੱਚ ਇਸਦੇ ਵਿਰਾਟ ਪਸਾਰਾਂ ਨੂੰ ਛੁਹਣ ਦਾ ਯਤਨ ਕਰਦੀ ਹੈ ਇਹੀ ਕਾਰਨ ਹੈ ਕਿ ਉਹ ਪਰਵਾਸ ਦੇ ਉਨ੍ਹਾਂ ਮਸਲਿਆਂ ਨੂੰ ਹੱਥ ਪਾਉਣ ਦਾ ਯਤਨ ਕਰਦੀ ਹੈ, ਜਿਹੜੇ ਕਿ ਸਮਾਜਿਕ-ਸੱਭਿਆਚਾਰਕ ਅਤੇ ਇਤਿਹਾਸਕ ਪੱਖੋਂ ਵਿਸ਼ੇਸ਼ ਮਹੱਤਤਾ ਰੱਖਦੇ ਹਨ ਇਸਦੇ ਨਾਲ ਹੀ ਉਹ ਪੱਛਮੀ ਮੁਲਕਾਂ ਦੀ ਰਾਜਨੀਤਿਕ ਖਸਲਤ, ਭੋਗਵਾਦੀ ਪ੍ਰਵਿਰਤੀ ਅਤੇ ਸ਼ੋਸ਼ਣੀ ਪ੍ਰਥਾ ਦੇ ਅਮਾਨਵੀ ਵਿਹਾਰ ਅਤੇ ਰਵਾਇਤਾਂ ਨੂੰ ਵੀ ਭਾਵਪੂਰਤ ਢੰਗ ਨਾਲ ਦ੍ਰਿਸ਼ਟੀਗੋਚਰ ਕਰਦੀ ਹੈ ਇਸਦੇ ਨਾਲ ਹੀ ਉਹ ਪੱਛਮੀ ਰਾਜਨੀਤੀ ਦੇ ਹਿੰਸਕ ਵਿਹਾਰ,ਮੂਲਵਾਸ ਅਤੇ ਪਰਵਾਸ ਦੀਆਂ ਦਵੰਦਮਈ ਪ੍ਰਸਥਿਤੀਆਂ ਅਤੇ ਵਰਤਾਰਿਆਂ ਦੇ ਅੰਤਰ ਸੰਵਾਦ ਰਾਹੀਂ ਇੱਥੋਂ ਦੇ ਕਾਲੇ ਇਤਿਹਾਸ ਦੇ ਵਰਕਿਆਂ ਨੂੰ ਵੀ ਫ਼ਰੋਲਣ ਦਾ ਯਤਨ ਕਰਦੀ ਹੈ ਇਹ ਸੰਵਾਦ ਜਿੱਥੇ ਇਸ ਕਵਿਤਾ ਨੂੰ ਵਿਚਾਰਧਾਰਕ ਦ੍ਰਿਸ਼ਟੀ ਪ੍ਰਦਾਨ ਕਰਦਾ ਹੈ, ਉਸਦੇ ਨਾਲ ਹੀ ਸਾਹਿਤ-ਸਿਰਜਣਾ ਦੇ ਮੂਲ ਪ੍ਰਯੋਜਨ ਨਾਲ ਵੀ ਜੋੜਦਾ ਹੈ ਉਪਰੋਕਤ ਧਾਰਨਾਵਾਂ ਦੇ ਪ੍ਰਸੰਗ ਵਿੱਚ ਉਸਦੀ ਕਵਿਤਾ ‘ਲਹੂ ਭਿੱਜਾ ਦਸਤਾਵੇਜ਼’ ਵਿਚਾਰਨਯੋਗ ਹੈ:-

ਮੈਂ ‘ਕੈਮਲੂਪਸ ਇੰਡੀਅਨ ਰੈਜ਼ੀਡੈਸ਼ੀਅਲ ਸਕੂਲ’

ਕੇਵਲ ਲਾਲ ਰੰਗ ਦੀਆਂ ਇੱਟਾਂ ਦੀ ਇਮਾਰਤ

ਨਹੀਂ ਹਾਂ

ਕੈਨੇਡਾ ਦੇ ਇਤਿਹਾਸ ਦਾ ਇਕ

ਲਹੂ-ਭਿੱਜਾ ਦਸਤਾਵੇਜ਼ ਹਾਂ!

ਮੈਂ ਉਨ੍ਹਾਂ ਦਰਦਨਾਕ ਹਾਦਸਿਆਂ ਦਾ

ਚਸ਼ਮਦੀਦ ਗਵਾਹ ਹਾਂ

ਜਿਨ੍ਹਾਂ ਸਦਕਾ ਇਕ ਸਦੀ ਦੇ ਨਾਂ ਤੇ

‘ਖੋਫ਼ਨਾਕ, ਸ਼ਰਮਨਾਕ,ਹੌਲਨਾਕ’ ਵਰਗੇ

ਸ਼ਬਦ ਲਿਖੇ ਗਏ 4

        ਸੁਰਜੀਤ ਦੀ ਕਵਿਤਾ ਇਸ ਪੱਖੋਂ ਵੀ ਬਹੁਤ ਮਹੱਤਵਪੂਰਨ ਹੈ ਕਿ ਇਸ ਵਿੱਚ ਅੰਤਰ ਰਾਸ਼ਟਰੀ ਪਰਵਾਸ ਦਾ ਮਸਲਾ ਬਹੁਤ ਹੀ ਗੰਭੀਰਤਾ ਅਤੇ ਸੰਜੀਦਗੀ ਨਾਲ ਉਠਾਇਆ ਗਿਆ ਹੈ ਉਹ ਹੱਦਾਂ ਸਰਹੱਦਾਂ ਦੇ ਆਰ ਪਾਰ ਹੋ ਰਹੀ ਮਨੁੱਖੀ ਤਸਕਰੀ ਅਤੇ ਇਸ ਪਿੱਛੇ ਨਿਹਿਤ ਕਾਰਨਾਂ ਦੀ ਤਲਾਸ਼ ਕਰਨ ਦਾ ਯਤਨ ਵੀ ਕਰਦੀ ਹੈ ਉਹ ਆਪਣੀ ਕਵਿਤਾ ਵਿੱਚ ਪੱਛਮੀ ਮੁਲਕਾਂ ਦੀ ਚਕਾਚੌਂਧ ਅਤੇ ਤਲਿਸਮ ਨੂੰ ਉਭਾਰਨ ਦੀ ਬਜਾਏ ਇਸ ਜੀਵਨ ਸ਼ੈਲੀ ਦੀ ਚਾਹਤ ਵਿੱਚੋਂ ਉੱਪਜਦੀਆਂ ਦੁਖਾਂਤਕ ਸਥਿਤੀਆਂ ਅਤੇ ਹਾਲਤਾਂ ਨੂੰ ਉਭਾਰਨ ਲਈ ਵਧੇਰੇ ਯਤਨਸ਼ੀਲ ਹੈ ਇਸ ਤਰ੍ਹਾਂ ਉਹ ਆਵਾਸ-ਪਰਵਾਸ ਦੇ ਇਤਿਹਾਸਕ, ਸਮਾਜਿਕ ਅਤੇ ਆਰਥਿਕ ਸੰਦਰਭਾਂ ਨੂੰ ਪਿੱਠਭੂਮੀ ਵਿੱਚ ਰੱਖਦੀ ਹੋਈਇਸਦੀ ਵਰਤਮਾਨ ਸਥਿਤੀ ਅਤੇ ਗਤੀ ਨੂੰ ਸਮਝਣ ਦਾ ਯਤਨ ਕਰਦੀ ਹੈ ਉਸਦੀ ਕਵਿਤਾ ‘ਪਰ ਇੰਝ ਹੋਇਆ’ਵਿਸ਼ਵ ਪੱਧਰ ਤੇ ਧਰਮ,ਰੰਗ, ਨਸਲ ਅਤੇ ਜਾਤੀ ਦੇ ਆਧਾਰ ਤੇ ਘੱਟ ਗਿਣਤੀਆਂ ਦੇ ਹੁੰਦੇ ਨਰਸੰਹਾਰ ਅਤੇ ਘਾਣ ਦਾ ਮਸਲਾ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਉਠਾਉਂਦੀ ਹੈ ਇਸ ਦੇ ਆਰਥਿਕ ਜਾਂ ਰਾਜਨੀਤਕ ਕਾਰਨ ਜੋ ਵੀ ਹੋਣ ਪਰ ਇਸ ਦਾ ਸਭ ਤੋਂ ਵੱਧ ਸ਼ਿਕਾਰ ਬੱਚੇ,ਬੁਢਿਆਂ ਅਤੇ ਔਰਤਾਂ ਨੂੰ ਹੀ ਹੋਣਾ ਪੈਂਦਾ ਹੈ, ਜਿਸਦੇ ਤ੍ਰਾਸਦਿਕ ਵੇਰਵੇ ਇਸ ਕਵਿਤਾ ਵਿੱਚ ਬੜੇ ਗਹਿਰੇਅਤੇ ਪ੍ਰਬਲ ਰੂਪ ਵਿੱਚ ਕਾਰਜਸ਼ੀਲ ਰਹਿੰਦੇ ਹਨ ਪਰਵਾਸ ਸਦੀਆਂ ਤੋਂ ਨਿਰੰਤਰ ਚੱਲਦਾ ਆ ਰਿਹਾ ਇਕ ਅਜਿਹਾ ਵਰਤਾਰਾ ਹੈ, ਜਿਸ ਪਿੱਛੇ ਆਰਥਿਕ ਅਤੇ ਸਮਾਜਿਕ ਕੁਝ ਮੂਲ ਕਾਰਨ ਕਾਰਜਸ਼ੀਲ ਰਹਿੰਦੇ ਹਨ ਭਾਵੇਂ ਕਿ ਵਿਸ਼ਵ ਪ੍ਰਸਥਿਤੀਆਂ ਦੇ ਬਦਲਣ ਨਾਲ ਇਸਦੇ ਸਮਾਜਿਕ ਅਤੇ ਆਰਥਿਕ ਸੰਦਰਭ ਵੀ ਕੁਝ ਬਦਲੇ ਹਨਪਰ ਅੱਜ ਵੀ ਇਹ ਵਰਤਾਰਾ ਨਿਰਵਿਘਨ ਉਸੇ ਰੂਪ ਵਿੱਚ ਉਸੇ ਤਰ੍ਹਾਂ ਜਾਰੀ ਹੈ ਇਸੇ ਸੰਦਰਭ ਵਿੱਚ ਉਹ ਸੀਰੀਆ ਦੀ ਖ਼ਾਨਾਜੰਗੀ ਸਮੇਂ ਹੋਈ ਉਥਲ-ਪੁਥਲ ਦੇ ਗੰਭੀਰ ਸਿੱਟਿਆਂ ਅਤੇ ਤਬਾਹਕੁੰਨ ਮੰਜ਼ਰ ਨੂੰ ਬਹੁਤ ਹੀ ਹੌਲਨਾਕ ਅਤੇ ਦੁਖਾਂਤਕ ਦ੍ਰਿਸ਼ਾਂ ਦੁਆਰਾ ਪ੍ਰਗਟ ਕਰਦੀ ਹੋਈ ਆਪਣੀ ਮਾਨਵਵਾਦੀ ਦ੍ਰਿਸ਼ਟੀ ਅਤੇ ਸਮਾਜਿਕ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਦੀ ਹੈ:-

ਇੰਝ ਨਹੀਂ ਹੋਣਾ ਚਾਹੀਦਾ ਸੀ

ਪਰ ਇੰਝ ਹੋਇਆ

ਹੱਸਦਾ ਵਸਦਾ ਬੰਦਾ

ਬਿਮਾਰ ਲਾਚਾਰ ਹੋ

ਭੁੱਬਾਂ ਮਾਰਕੇ ਰੋਇਆ

ਤੱਟ ’ਤੇ ਰੁਲ਼ਦੀਆਂ ਲਾਵਾਰਸ ਲਾਸ਼ਾਂ ’ਚ

ਤਿੰਨਾਂ ਸਾਲਾਂ ਦੇ ‘ਆਇਲਨ ਕੁਰਡੀ’ ਦੀ ਲਾਸ਼ ਵੇਖ

ਪੱਥਰਾਂ ਤੋਂ ਵੀ ਭਾਵੁਕ ਹੋਣੋ ਰਹਿ ਨਾ ਹੋਇਆ!

ਇੰਝ ਨਹੀਂ ਹੋਣਾ ਚਾਹੀਦਾ ਸੀ

ਪਰ ਇੰਝ ਹੋਇਆ 5  

         ਇਸ ਕਵਿਤਾ ਵਿੱਚ ਜਿੱਥੇ ਸਮਕਾਲੀ ਮਨੁੱਖ ਦੇ ਮਨੋਵਿਗਿਆਨਕ ਸੰਕਟਾਂ ਅਤੇ ਵੰਗਾਰਾਂ ਦਾ ਚਿਤਰਣ ਬਹੁਤ ਹੀ ਸੰਵੇਦਨਸ਼ੀਲ ਢੰਗ ਨਾਲ ਕੀਤਾ ਗਿਆ ਹੈ, ਉਸਦੇ ਨਾਲ ਹੀ ਹੇਟ ਕਰਾਈਮ, ਸਾਈਬਰ ਫ਼ਰਾਡ ਅਤੇ ਵਰਤਮਾਨ ਮਨੁੱਖ ਦੇ ਮਸਨੂਈ ਜੀਵਨ ਢੰਗਾਂ ਦਾ ਚਿਤਰਣ ਵੀ ਬੜੀ ਗਹਿਰ ਗੰਭੀਰ ਸ਼ੈਲੀ ਵਿੱਚ ਕੀਤਾ ਮਿਲਦਾ ਹੈ ਇਸਦੇ ਨਾਲ ਹੀ ਮਨੁੱਖੀ ਜੀਵਨ ਦੇ ਹੋਰ ਵੀ ਬੜੇ ਮਹੱਤਵਪੂਰਨ ਮਸਲੇ ਹਨ, ਜਿਹੜੇ ਕਿ ਇਸ ਕਵਿਤਾ ਰਾਹੀਂ ਸਾਡੇ ਸਾਹਮਣੇ ਦ੍ਰਿਸ਼ਟੀਗੋਚਰ ਹੁੰਦੇ ਹਨ ਸੁਰਜੀਤ ਦੀ ਕਵਿਤਾ ਵਰਤਮਾਨ ਦੌਰ ਦੇ ਦਬਾਵਾਂ,ਤਣਾਵਾਂ ਅਤੇ ਝੋਰਿਆ ਨੂੰ ਬਹੁਤ ਹੀ ਸੰਵੇਦਨਾ ਭਰਪੂਰ ਹਵਾਲਿਆਂ ਅਤੇ ਝਲਕਾਰਿਆਂ ਰਾਹੀਂ ਪੇਸ਼ ਕਰਦੀ ਹੋਈ ਮਨੁੱਖੀ ਮਨ ਤੀਕ ਆਪਣੀ ਪਹੁੰਚ ਬਣਾਉਣ ਲਈ ਯਤਨਸ਼ੀਲ ਹੈ ਇਹ ਕਵਿਤਾ ਜਿਵੇਂ ਜਿਵੇਂ ਆਪਣੀ ਗਤੀਸ਼ੀਲ ਪਹੁੰਚ ਦੁਆਰਾ ਅੱਗੇ ਵਧਦੀ ਜਾਂਦੀ ਹੈ, ਇਸ ਦੀ ਸੁਰ ਹੋਰ ਵੀ ਗਹਿਰੀ ਅਤੇ ਗੰਭੀਰ ਹੁੰਦੀ ਜਾਂਦੀ ਹੈ ਇਸ ਕਵਿਤਾ ਦਾ ਕੈਨਵਸ ਬਹੁਤ ਵਿਸ਼ਾਲ ਹੈ ਇਹ ਮਨੁੱਖ ਦੀ ਆਂਤਰਿਕ ਸੰਵੇਦਨਾ ਦੀਆਂ ਗਹਿਰੀਆਂ ਪਰਤਾਂ ਫ਼ਰੋਲਣ ਤੋਂ ਲੈ ਕੇ ਉਸਦੇ ਸਮਾਜਿਕ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਤੇ ਫੋਕਸ ਕਰਨ ਦਾ ਯਤਨ ਕਰਦੀ ਹੈ ਇਸ ਤਰ੍ਹਾਂ ਇਹ ਕਵਿਤਾ ਸਮਕਾਲ ਦੇ ਦ੍ਰਿਸ਼ਟ- ਅਦ੍ਰਿਸ਼ਟ ਵਰਤਾਰਿਆਂ ਨਾਲ ਸੰਵਾਦ ਰਚਾਉਂਦੀ ਹੋਈ ਚੇਤਨਾ ਦੀ ਸਿਖਰ ਤੇ ਪਹੁੰਚ ਜਾਂਦੀ ਹੈ ਇਸ ਸੰਦਰਭ ਵਿੱਚ ਉਸ ਦੀਆਂ ਕਵਿਤਾਵਾਂ ‘ਲੰਙੜਾ ਘੋੜਾ’, ‘ਮਸਨੂਈ ਦੁਨੀਆਂ’,‘ਪਰ ਇੰਝ ਹੋਇਆ’ ਅਤੇ ‘ਸਟੋਪ ਹੇਟ ਕਰਾਈਮ’ ਵੇਖੀਆਂ ਜਾ ਸਕਦੀਆਂ ਹਨ ਇਹ ਕਵਿਤਾਵਾਂ ਵਿਚਾਰ ਅਤੇ ਭਾਵ ਦੀ ਪੱਧਰ ਤੇ ਇਸ ਕਵਿਤਾ ਨੂੰ ਮਹੱਤਤਾ ਪ੍ਰਦਾਨ ਕਰਦੀਆਂ ਹਨ ਇਨ੍ਹਾਂ ਵਿੱਚੋਂ ਤੇਜ਼ੀ ਨਾਲ ਬਦਲ ਰਹੇ ਮਾਨਵੀ ਜੀਵਨ ਅਤੇ ਦਰਪੇਸ਼ ਵੰਗਾਰਾਂ ਦੀ ਟੋਹ ਮਿਲਦੀ ਹੈ ਇਹ ਸਾਰਾ ਕੁਝ ਸੁਰਜੀਤ ਦੀ ਕਵਿਤਾ ਵਿੱਚ ਕੇਵਲ ਸੰਕੇਤਾਂ ਅਤੇ ਪ੍ਰਤੀਕਾਂ ਰਾਹੀਂ ਹੀ ਸਾਹਮਣੇ ਨਹੀਂ ਆਉਂਦਾ ਸਗੋਂ ਜੀਵਨ ਦੇ ਵਿਹਾਰਕ ਅਮਲ ਰਾਹੀਂ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ:-

ਇਸ ਸੁਪਨੇ ’ਚੋਂ

ਹੁਣੇ ਹੁਣੇ ਅੱਭੜਵਾਹੇ ਜਾਗੀ ਹਾਂ-

ਵੇਖਿਆ ਕਿ ਲੰਙੜਾ ਘੋੜਾ

ਹੁਣ ਆਪਣੀ ਕੁੱਲ ਦੇ ਵਾਰਿਸਾਂ ਦਾ ਰੱਥ ਖਿੱਚੀ

ਡਿਗਦਾ ਢਹਿੰਦਾ ਪਰਬਤ ਵਲ ਚੜ੍ਹ ਰਿਹੈ

ਤੇ ਮੈਂ ਚੀਸ ਚੀਸ ਹੋਈ

ਇਕ ਹੱਥ ਉੱਪਰ ਨੂੰ ਚੁੱਕੀ

                             ਉਸਨੂੰ ਰੁਕ ਜਾਣ ਲਈ ਪੁਕਾਰ ਰਹੀ ਹਾਂ 6      

        ਇਸ ਤਰ੍ਹਾਂ ਸੁਰਜੀਤ ਦੀ ਕਾਵਿ ਪੁਸਤਕ ‘ਤੇਰੀ ਰੰਗਸ਼ਾਲਾ’ ਜਿੱਥੇ ਆਪਣੇ ਗਹਿਰ-ਗੰਭੀਰ ਸਰੋਕਰਾਂ ਅਤੇ ਵਿਚਾਰਧਾਰਕ ਦ੍ਰਿਸ਼ਟੀ ਕਾਰਨ ਨਵੀਂ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਵਿਸ਼ੇਸ਼ ਤੌਰ ਤੇ ਗੌਲਣਯੋਗ ਹੈ, ਉਸਦੇ ਨਾਲ ਹੀ ਆਪਣੀ ਵਿਸ਼ਾਲ ਦ੍ਰਿਸ਼ਟੀਗਤ ਪਹੁੰਚ ਕਾਰਨ ਵੀ ਵਿਸ਼ੇਸ਼ ਮਹੱਤਤਾ ਦੀ ਧਾਰਨੀ ਹੈ ਇਹ ਕਵਿਤਾ ਸਾਡੇ ਆਲੇ-ਦੁਆਲੇ ਘਟ ਰਹੇ ਵਰਤਾਰਿਆਂ ਨੂੰ ਕੇਵਲ ਇਕ ਪ੍ਰਤੀਕਰਮ ਦੇ ਰੂਪ ਵਿੱਚ ਹੀ ਨਹੀਂ ਚਿੱਤਰਦੀ ਸਗੋਂ ਇਨ੍ਹਾਂ ਨੂੰ ਚੇਤਨ-ਰੂਪ ਵਿੱਚ ਪ੍ਰੀਭਾਸ਼ਤ ਕਰਨ ਦਾ ਯਤਨ ਵੀ ਕਰਦੀ ਹੈ ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਇਹ ਕਵਿਤਾ ਸਾਡੇ ਸਮਾਜ-ਸੱਭਿਆਚਾਰ ਦੇ ਵਡੇਰੇ ਅਤੇ ਗੌਰਵਸ਼ਾਲੀ ਅਕੀਦਿਆਂ ਅਤੇ ਸੰਕਲਪਾਂ ਨਾਲ ਪਰਨਾਈ ਹੋਈ ਹੈ, ਜਿਸ ਵਿੱਚੋਂ ਇਕ ਚੇਤਨ ਅਤੇ ਸੰਘਰਸ਼ੀਲ ਮਨੁੱਖ ਦੇ ਨਕਸ਼ ਉੱਭਰਦੇ ਦਿਖਾਈ ਦਿੰਦੇ ਹਨ ਇਹ ਸੰਵਾਦ ਹੀ ਇਸ ਕਵਿਤਾ ਦੀ ਮੂਲ ਅਧਾਰਸ਼ਿਲਾ ਹੈ, ਜਿਹੜਾ ਕਿ ਇਸ ਕਵਿਤਾ ਨੂੰ ਇੱਕ ਅਨੋਖੀ ਗਤੀ ਪ੍ਰਦਾਨ ਕਰਦਾ ਹੈਜੇਕਰ ਵੇਖਿਆ ਜਾਵੇ ਤਾਂ ਕਵਿਤਾ ਮਨੁੱਖੀ ਜੀਵਨ ਦਾ ਮਹਿਜ਼ ਸਹਿਜ ਚਿਤਰਣ ਹੀ ਨਹੀਂ ਹੁੰਦੀ ਸਗੋਂ ਇਸ ਵਿੱਚ ਮਨੁੱਖੀ ਜੀਵਨ ਦੇ ਗੁੱਝੇ ਰਹੱਸ ਗਹਿਰੀਆਂ ਅੰਤਰਦ੍ਰਿਸ਼ਟੀਆਂ ਦੇ ਰੂਪ ਵਿੱਚ ਵਿਦਮਾਨ ਰਹਿੰਦੇ ਹਨ ਇਸ ਤਰ੍ਹਾਂ ਦੀ ਕਵਿਤਾ ਆਪਣੇ ਆਲੇ ਦੁਆਲੇ ਨੂੰ ਸੰਵੇਦਨਾ ਅਤੇ ਚੇਤਨਾ ਦੀ ਕਸਵੱਟੀ ਤੇ ਪਰਖ਼ਦੀ ਹੋਈ ਇੱਕ ਸੰਗਠਿਤ ਕਾਵਿ-ਸੰਵਾਦ ਵਿੱਚ ਬੰਨਣ ਦਾ ਜੇਰਾ ਕਰਦੀ ਹੈ ਇਹ ਧਾਰਨਾ ਇੰਨ-ਬਿੰਨ ਸੁਰਜੀਤ ਦੀ ਕਵਿਤਾ ਤੇ ਵੀ ਲਾਗੂ ਹੁੰਦੀ ਹੈ ਉਸਦੀ ਪ੍ਰਤੀਬੱਧਤਾ ਤੇ ਵਿਚਾਰਧਾਰਕ ਦ੍ਰਿਸ਼ਟੀ ਇਸ ਕਵਿਤਾ ਨੂੰ ਗਹਿਰੇ ਕਾਵਿਕ ਰੰਗ ਅਤੇ ਪ੍ਰਵਚਨੀ ਤਾਸੀਰ ਪ੍ਰਦਾਨ ਕਰਦੇ ਹਨ ਇਹੀ ਰੰਗ ਇਸ ਕਵਿਤਾ ਨੂੰ ਰੰਗਸ਼ਾਲਾ ਦੇ ਵਿਸ਼ਾਲ ਅਰਥਾਂ ਵੱਜੋਂਸਥਾਪਿਤ ਕਰਦੇ ਹਨ

ਹਵਾਲੇ

1 ਸੁਰਜੀਤ, ਤੇਰੀ ਰੰਗਸ਼ਾਲਾ, ਪੰਨਾ-21

2 ਉਹੀ, ਪੰਨਾ-25

3 ਉਹੀ, ਪੰਨਾ-37

4 ਉਹੀ, ਪੰਨਾ-44

5 ਉਹੀ, ਪੰਨਾ-83

6 ਉਹੀ, ਪੰਨਾ-111

                                                               ਡਾ. ਮੋਹਨ ਸਿਘ ਤਿਆਗੀ

                                                               ਪੰਜਾਬੀ ਸਾਹਿਤ ਅਧਿਐਨ ਵਿਭਾਗ,

ਪੰਜਾਬੀ ਯੂਨੀਵਰਸਿਟੀ ਪਟਿਆਲਾ

                                                                    

No comments:

Post a Comment