Friday, March 9, 2012
Nivedita Sharma
ਮੈਂ ਬਾਵਰੀ ਹੋਈ ਹਾਂ ਰਾਜਨ
ਮੈਂ ਬਾਵਰੀ ਹੋਈ !!
ਸਿੱਲੀਆਂ ਥੇਹਾਂ ਰੁੱਖੇ ਮੇਲੇ
ਵਸਦੇ ਬੁੱਚੜ ਉੱਜੜ ਬੇਲੇ
ਕੁੱਝ ਨਾ ਟੋਹਿਆ ਕੁੱਝ ਨਾ ਛੋਹਿਆ
ਕੱਚੀ ਸੱਧਰ ਬੋਈ
ਮੈਂ ਬਾਵਰੀ ਹੋਈ................ !!
ਹੰਝ ਗਲੋਟੇ ਮੇਰੇ ਜਿੰਮੇ
ਪੋਟਿਆਂ ਵਿੱਚੋਂ ਟਪ-ਟਪ ਸਿੱਮੇ
ਦੇ ਪੀੜਾਂ ਹੱਥ ਵਿਪੰਚੀ
ਬੋਦੇ ਮੁੰਨੇ ਪਾਟੀ ਲੋਈ
ਮੈਂ ਬਾਵਰੀ ਹੋਈ ...............!!
ਸੁੱਕੇ ਬੁੱਲ ਉਮਰਾਂ ਤਿਰਹਾਈਆਂ
ਕੱਕੀਆਂ ਧੁੱਪਾਂ ਪੱਲੇ ਆਈਆਂ
ਰੁੱਖ ਬੁਢੜਾ ਸੀਨੇ ਚਾਈ
ਹਰ ਲਹਿੰਦੀ ਚਿੱਪਰ ਢੋਈ
ਮੈਂ ਬਾਵਰੀ ਹੋਈ ...............!!
ਕਿੱਕਰ ਕੰਟੀਂ ਲੁਕੀਆਂ ਲੁਕੀਆਂ
ਜਖਮੀ 'ਵਾਵਾਂ ਕਿਤੇਓਂ ਢੁਕੀਆਂ
ਤੰਦੋ ਤੰਦ ਰੂਹ ਹੀਰਾਂ ਦੀ
ਗੱਲ ਸੁਣਦੀ ਸੁਣਦੀ ਰੋਈ
ਮੈਂ ਬਾਵਰੀ ਹੋਈ ..................!!
ਨਾ ਮੈਂ ਦੁਰਗਾ ਚੰਡੀ ਕਾਲੀ
ਕਿਸੇ ਨਾ ਰੱਖੀ ਕਿਸੇ ਨਾ ਪਾਲੀ
ਕੰਜਰੀ ਠਾਕਰ ਚੇਲੇ ਦੀ
ਗਲ ਮਾਲਾ ਇਸ਼ਕ਼ ਪਿਰੋਈ
ਮੈਂ ਬਾਵਰੀ ਹੋਈ ..................!!
ਮੋਏ ਸੁੱਤੇ ਹਾਣੋ ਹਾਣੀ
ਵਾਹਵਾ ਚਾਦਰ ਚਿੱਟੀ ਤਾਣੀ
ਚਹੁੰ ਪਲਾਂ ਦੀ ਤੌੜੀ
ਕੰਬੀ ਡੁਲ੍ਹੀ ਥਿਬੀ ਚੋਈ
ਮੈਂ ਬਾਵਰੀ ਹੋਈ ................!!
ਬੂਹੇ ਬੂਹੇ ਵੱਜਦੀ ਰੋਵਾਂ
ਕੰਤ ਲੱਭਾਂ 'ਤੇ ਛੁੱਟੜ ਹੋਵਾਂ
ਆਪੇ ਦੇਹਲੀ ਆਪੇ ਗਾਚੀ
ਬਦ-ਰੂਹ ਥੀਵਾਂ ਸੋਈ
ਮੈਂ ਬਾਵਰੀ ਹੋਈ ...............!!
ਵਣਜ ਲਗਾਵਾਂ ਪਾਰ ਹੋ ਜਾਵਾਂ
ਦੇਹਾਂ ਵਿਛੀਆਂ ਮੇਰੀਆਂ ਰਾਹਵਾਂ
ਫਿਰਾਂ ਕਸੁੰਭੀ ਹਾਸਾ ਲੈ ਕੇ
ਤੋਹਮਤ ਛਾਤੀ ਵਿੱਚ ਲਕੋਈ
ਮੈਂ ਬਾਵਰੀ ਹੋਈ .................!!
ਵਕ਼ਤਾਂ ਵੇਚੀ ਹਲਾਤਾਂ ਲੁੱਟੀ
ਨਿੱਕੀ ਉਮਰੇ ਲੇਖਾਂ ਕੁੱਟੀ
ਇੱਕ ਪਲ ਜੋਗਣ ਇੱਕ ਪਲ ਰਾਣੀ
ਮੱਥੇ 'ਤੋਂ ਲਕੀਰਾਂ ਧੋਈ
ਮੈਂ ਬਾਵਰੀ ਹੋਈ ..................!!
ਕੰਨਾਂ ਦੇ ਵਿੱਚ ਸਿੱਕਾ ਢਲਿਆ
ਚੇਤਿਆਂ ਦੇ ਵਿੱਚ ਰਹੀਆਂ ਚੀਕਾਂ
ਨੈਣੀਂ ਪੱਟੀ ਬੰਨੀ ਰੱਖਦੀ
ਤਾਮਸ ਤਾਮਸ ਕਰਦੀ ਮੋਈ
ਮੈਂ ਬਾਵਰੀ ਹੋਈ .................!!
ਲੱਖ ਸਖਤ ਪਰ ਪੱਥਰ ਨਈਓਂ
ਨਈਓਂ ਪੱਥਰ ਪੱਥਰ ਨਈਓਂ
ਬੁੱਤ ਕਦੀ ਨਾ ਹੋਣਾ ਚਾਹਾਂ
ਅਰਜ਼ ਸੁਣੇ ਤੇ ਬਹੁੜੇ ਕੋਈ
ਮੈਂ ਬਾਵਰੀ ਹੋਈ..................!!
ਮੇਰਾ ਅਕਸ ਰੰਗ ਤੇ ਕਾਗਜ਼
ਕਾਗਜ਼ ਕਲਮ ਕਲਮ ਤੇ ਕਾਗਜ਼
ਇਧਰ ਉਧਰ ਨਿੱਕਲੀ ਅੰਦਰੋਂ
ਢੂੰਡਣ ਚੱਲੀ ਖੁਦ ਖੋਈ
ਮੈਂ ਬਾਵਰੀ ਹੋਈ................ !!
ਨਿਵੇਦਿਤਾ. .
8th March. 2012
By: Nivedita Sharma
Subscribe to:
Post Comments (Atom)
No comments:
Post a Comment