Friday, September 30, 2011

ਨਵਨੀਤ ਪੰਨੂ - ਕੈਲੇਫ਼ੋਰਨੀਆ











1.
ਲਮਹਾ

ਇਕ ਲਮਹਾ ਮੇਰੇ ਨਸੀਬ ਦੀ ਤਕ਼ਰੀਰ ਹੋ ਗਿਆ ਹੈ
ਕਮਾਨ ਚੋਂ ਛੱਡਿਆ ਗਿਆ ਕੋਈ ਤੀਰ ਹੋ ਗਿਆ ਹੈ

ਹਨੇਰੀ ਇਸ਼ਕ਼ ਦੀ ਚੱਲੀ ਨ ਕੋਈ ਤਰਕਸ਼ ਗਿਆ ਟੰਗਿਆ
ਸ਼ਿਕਾਇਤ ਨ ਕੋਈ ਸ਼ਿਕਵਾ, ਨ ਕੋਈ ਮਾਣ ਹੀ ਟੁੱਟਿਆ
ਗ਼ਮਗੀਨਿਆਂ ਸੰਗੀਨਿਆਂ ਦੀ ਕੋਈ ਗਲ ਹੀ ਨਹੀਂ
ਬਸ ਇਹ ਲਮਹਾ ਚੈਨ ਲੈ ਮੇਰਾ ਫਤੂਰ ਹੋ ਗਿਆ ਹੈ

ਮੇਰਾ ਸੁਕੂਨ ਚੈਨ ਮੈਥੋਂ ਦੂਰ ਹੋ ਗਿਆ ਹੈ!

ਇਹ ਨਿੱਕਾ ਜਿਹਾ ਲਮਹਾ ਕਿਓਂ ਹੋ ਗਿਆ ਸਮੁੰਦਰ
ਮੇਰੇ ਜਜ਼ਬਾਤ ਫੇਰੀ ਪਾ ਰਹੇ ਬਾਹਿਰ ਕਦੇ ਅੰਦਰ
ਨ ਆਗਾਜ਼ ਦੀ ਇਤਲਾਹ, ਨ ਅੰਜਾਮ ਦੀ ਖ਼ਬਰ
ਸ਼ੁਰੁਆਤ ਤੋਂ ਪਹਿਲਾਂ ਵੇਖੋ ਅਖੀਰ ਹੋ ਗਿਆ ਹੈ

ਇਹ ਕੀ ਹੋ ਗਿਆ! ਇਹ ਕੀ ਹੋ ਗਿਆ ਹੈ !!

ਅੱਖੋਂ ਜੋ ਨਹੀਂ ਕਿਰਿਆ ਅਜੇ, ਉਹ ਨੀਰ ਹੋ ਗਿਆ ਹੈ
ਹਰਦਮ ਹਮਰਾਹੀ 'ਹਲ੍ਕ਼ਾ-ਏ-ਨੂਰ' ਹੋ ਗਿਆ ਹੈ
ਮੇਰੇ ਜਹਾਨ, ਦਿਲੋਂ-ਜਾਂ ਵਿਚ ਦਖ਼ਲ ਹੋ ਗਿਆ ਹੈ
ਧੁਰ ਜ਼ਹਨ ਵਿਚ ਨੱਪਿਆ ਕੋਈ 'ਫੋਸਿਲ' ਹੋ ਗਿਆ ਹੈ

ਇਹ ਲਮਹਾ!

ਹੁਣ ਬਸ 'ਮੇਰਾ ਲਮਹਾ' ਹੀ ਹੋ ਗਿਆ ਹੈ
ਨ ਖੁਸਣ, ਨ ਗਵਾਚਣ ਵਾਲੀ ਚੀਜ਼ ਹੋ ਗਿਆ ਹੈ


2.

ਕਵਿਤਾ ਅੱਜ ਕੁਝ ਕਰੀਏ

ਕਵਿਤਾ ਅੱਜ ਕੁਝ ਕਰੀਏ
ਪੌਣਾਂ ਤੇ ਚੜੀਏ ਜਾਂ
ਬੋਹੜਾਂ ਵਲ ਟੁਰੀਏ
ਬਸ ਅੱਜ ਘਰ ਨ ਵੜੀਏ

ਕੀ ਕਿਹਾ? ਬਾਗਾਂ ਨੂੰ ਚਲੀਏ
ਰੰਗਾ ਨਾਲ ਖੇਡੀਏ ਤੇ
ਫੁੱਲਾਂ ਨਾਲ ਖਿੜੀਏ
ਆਪਾਂ ਲਈ ਬਹਾਰਾਂ ਅਜੇ
ਸਲਾਮਤ ਹੀ ਰਹਿਣਾ
ਚਲ ਕੁਝ ਚਿਰ ਲਈ
ਉਜਾੜਾਂ ਨੂੰ ਚਲੀਏ
ਮਸਲੇ ਕਿਸੇ ਫੁਲ ਨੂੰ ਚੁਕੀਏ
ਮੁਰਝਾਏ ਕਿਸੇ ਬੂਟੇ ਨੂੰ ਤਰੀਏ
ਚੁੱਪੀ ਦੇ ਫੈਲਾਅ ਨੂੰ ਡੱਕੀਏ
ਥੋੜੀ ਬਹੁਤ ਬੇਬਸੀ ਹੀ ਟੁੱਕੀਏ

ਕਿਸਾਨਾਂ ਦੀਆਂ, ਮਜਦੂਰਾਂ ਦੀਆਂ
ਸੰਗ੍ਰਾਮਿਕ ਆਵਾਜ਼ਾਂ ਵਿਚ ਰਲੀਏ
ਭੁੱਖੇ ਲਈ ਚੰਦ ਦਾਣੇ ਬਣ ਜਾਈਏ
ਰੋਂਦਿਆ ਲਈ ਰੁਮਾਲ
ਸਿਖਰ ਦੁਪਹਿਰੇ
ਜੂਨ ਮਹੀਨੇ ਵਿਚ
ਮੁੜਕੋ ਮੁੜ੍ਕੀ ਹੁੰਦੇ
ਕਿਸੇ ਰਿਕ੍ਸ਼ੇਵਾਲੇ ਲਈ
ਸ਼ਰਬਤ ਦਾ ਗਿਲਾਸ ਹੀ ਬਣੀਏ
ਆਪਣੀ ਬੋਲੀ ਭੁਲਦੇ
ਕਿਸੇ ਬੱਚੇ ਦੇ ਮੁੰਹ ਵਿਚੋਂ
ਨਿਕਲੇ ਦੋ ਅਲਫਾਜ਼ ਹੀ ਬਣੀਏ

ਚੱਲ ਮੇਰੀ ਕਵਿਤਾ
ਅੱਜ ਕੁਝ ਤੇ ਖੱਟੀਏ
ਸ਼ਾਵਾ ਮੇਰੀ ਕਵਿਤਾ
ਚੱਲ ਆਪਣਾ ਦਿਨ ਭਰੀਏ
*********************

1 comment:

  1. ਕਿਸਾਨਾਂ ਦੀਆਂ, ਮਜਦੂਰਾਂ ਦੀਆਂ
    ਸੰਗ੍ਰਾਮਿਕ ਆਵਾਜ਼ਾਂ ਵਿਚ ਰਲੀਏ
    ਭੁੱਖੇ ਲਈ ਚੰਦ ਦਾਣੇ ਬਣ ਜਾਈਏ
    ਰੋਂਦਿਆ ਲਈ ਰੁਮਾਲ
    ਸਿਖਰ ਦੁਪਹਿਰੇ
    ਜੂਨ ਮਹੀਨੇ ਵਿਚ
    ਮੁੜਕੋ ਮੁੜ੍ਕੀ ਹੁੰਦੇ
    ਕਿਸੇ ਰਿਕ੍ਸ਼ੇਵਾਲੇ ਲਈ
    ਸ਼ਰਬਤ ਦਾ ਗਿਲਾਸ ਹੀ ਬਣੀਏ
    ਆਪਣੀ ਬੋਲੀ ਭੁਲਦੇ
    ਕਿਸੇ ਬੱਚੇ ਦੇ ਮੁੰਹ ਵਿਚੋਂ
    ਨਿਕਲੇ ਦੋ ਅਲਫਾਜ਼ ਹੀ ਬਣੀਏ
    ........ ਇਹ ਕੁਝ ਬਣ ਜਾਈਏ ਤਾਂ ਕੋਈ ਘਾਟ ਹੀ ਨਾ ਰਹੇ ,ਪਰ ਨਿੱਜ ਸੁਆਰਥ ਇੰਨਾ ਹਾਵੀ ਹੈ ਕਿ ਭੂੱਖੇ ਹੱਥੋਂ ਰੋਟੀ , ਰਿਖਸ਼ੇ ਵਾਲ਼ੇ ਨਾਲ਼ 50 ਪੈਸੇ ਲਈ ਲੜਨਾ ,ਰੋਂਦੇ ਦੀ ਮਜਬੂਰੀ ਤੇ ਹੱਸਣਾ ਸਾਡੀ ਫਿਤਰਤ ਬਣ ਗਈ ਹੈ .ਬਹੁਤ ਸੋਹਣਾ ਸੁਨੇਹਾ ਹੈ ਤੁਹਾਡੀ ਨਜ਼ਮ ਵਿੱਚ

    ReplyDelete