
ਵਕਤ
ਕਿੰਨਾ ਪਾਣੀ ਪੁਲਾਂ ਹੇਠੋਂ ਲੰਘਿਆ
ਕਿੰਨੇ ਮੌਸਮ ਸਿਰ ਦੇ ਉਤੋਂ ਗੁਜ਼ਰ ਗਏ,
ਪਾਣੀਆਂ ਨੂੰ ਰੁਕਣ ਦੀ ਫੁਰਸਤ ਨਹੀਂ
ਮੌਸਮਾਂ ਨੂੰ ਰੁਕਣ ਦੀ ਮੁਹਲਤ ਨਹੀਂ
ਮੇਰੇ ਕੋਲ ਰੁਕਣ ਦੀ ਫੁਰਸਤ ਵੀ ਹੈ
ਮੇਰੇ ਕੋਲ ਖੜਣ ਦੀ ਮੁਹਲਤ ਵੀ ਹੈ ।
ਮੈਂ ਰੁਕੀ ਰਹਾਂਗੀ ਇਥੇ ਹਸ਼ਰ ਤੀਕਰ
ਤੇ ਉਡੀਕਾਂਗੀ ਤੁਸਾਂ ਨੂੰ ਅੰਤ ਤੀਕ,
ਤੁਸੀਂ ਹਲਕੇ ਫੁਲ ਧਰਤੀ ਗਾਹ ਲਵੋ
ਜੋ ਵੀ ਮਿਲਦਾ ਹੈ ਉਹ ਬੋਝੇ ਪਾ ਲਵੋ
ਮੈਂ ਨਦੀ ਕੰਢੇ ਹੀ ਬੈਠੀ ਰਹਾਂਗੀ
ਬਿਰਖ ਹੋਵਾਂਗੀ ਜਾਂ ਕੱਲਰ ਬਣਾਂਗੀ
ਮੋਮ ਬਣ ਪਿਘਲਾਂ ਜਾਂ ਪੱਥਰ ਹੋਵਾਂਗੀ
ਮੈਂ ਹਰੇਕ ਪੀੜ ਉਤੇ ਰੋਵਾਂਗੀ
ਤੁਸੀਂ ਕਰੋ ਕੋਰੇ ਖੋਟੇ ਸਿੱਕਿਆਂ ਦਾ ਵਣਜ
ਮੈਂ ਤਾਂ ਸੋਨੇ ਨੂੰ ਵੀ ਮਿੱਟੀ ਕਰਾਂਗੀ
ਕਦੇ ਤੇ ਮੁੱਕੇਗਾ ਸਫਰ ਤੁਸਾਂ ਦਾ
ਕਦੇ ਤੇ ਮੁੱਕੇਗੀ ਮੇਰੀ ਉਡੀਕ
ਕਦੇ ਤੇ ਮੈਂ ਹੋਵਾਂਗੀ ਹੀ ਸੁਰਖਰੂ
ਓਸ ਦਿਨ ਸ਼ਾਇਦ ਮੈਂ ਕੂਚ ਕਰਾਂਗੀ
ਪਾਣੀਆਂ ਨੂੰ ਪੁਲਾਂ ਹੇਠ ਵਗਣ ਦਿਓ
ਮੌਸਮਾਂ ਨੂੰ ਸਿਰਾਂ ਤੋਂ ਲੰਘਣ ਦਿਓ
ਮੇਰੇ ਕੋਲ ਰੁਕਣ ਦੀ ਫੁਰਸਤ ਵੀ ਹੈ
ਮੇਰੇ ਕੋਲ ਖੜਣ ਦੀ ਮੁਹਲਤ ਵੀ ਹੈ ।
(ਲੋਅ ੧੯੮੦)
No comments:
Post a Comment