ਕੁਝ ਪਲ ਦੀਪ ਕੁਲਦੀਪ ਨਾਲ
ਸੁਰਜੀਤ, ਟੋਰਾਂਟੋ
ਮਿੱਠ-ਬੋਲੜੀ,
ਹਲੀਮੀ ਨਾਲ ਭਰੀ ਹੋਈ ਤੇ ਸਾਦਗੀ ਦਾ ਮੁਜੱਸਮਾ ਕੁਲਦੀਪ ਕੌਰ ਉਰਫ਼ ਦੀਪ ਕੁਲਦੀਪ ਇਕ ਬਹੁਤ ਪਿਆਰੀ
ਸ਼ਖਸੀਅਤ ਦੀ ਮਾਲਕ ਹੈ। ਬਰੈਂਪਟਨ ਨਿਵਾਸੀ ਦੀਪ ਕੁਲਦੀਪ ਨੂੰ ਮੈਂ ਕੁਝ ਵਰ੍ਹਿਆਂ ਤੋਂ ਜਾਣਦੀ ਹਾਂ।
ਉਹ ਅਕਸਰ ਸਾਹਿਤਕ ਮੀਟਿੰਗਾਂ ਵਿਚ ਮਿਲ ਪੈਂਦੀ ਹੈ। ਜਦੋਂ ਮੈਂ ਪਹਿਲੀ ਵਾਰ ਉਸਦੀ ਕਵਿਤਾ ਸੁਣੀ
ਤਾਂ ਮੈਂ ਉਸਦੀ ਕਾਇਲ ਹੋ ਗਈ,
ਤੂੰ ਮੁਕੰਮਲ ਹੀ
ਮਿਲੀਂ ਕਦੇ ਜਦ ਵੀ ਮਿਲੇਂ
ਬਹੁਤ ਨੇ ਫਿਰ ਦੋ
ਹੀ ਘੜੀਆਂ ਸੰਗ ਤੇਰੇ ਮਾਣੀਆਂ
ਉਸਦਾ ਰੂਹਾਨੀਅਤ ਵੱਲ ਝੁਕਾਅ ਵੀ ਮੈਨੂੰ ਉਸਦੇ ਨੇੜੇ ਲੈ ਜਾਂਦਾ
ਹੈ। ਉਹ ਰੇਕੀ ਮਾਸਟਰ ਤੇ ਐਨਰਜੀ ਹੀਲਰ ਵੀ ਹੈ। ਯੋਗ ਅਤੇ ਧਿਆਨ ਦਾ ਗਿਆਨ ਰੱਖਦੀ ਹੈ। ਉਸਨੂੰ
ਸਿਊਣਾ-ਪਿਰੋਣਾ ਵੀ ਆਉਂਦਾ ਹੈ। ਉਸਨੂੰ ਕੰਪਿਊਟਰ ਦਾ ਵੀ ਚੰਗਾ ਗਿਆਨ ਹੈ। ਇੰਨੀਆਂ ਸਾਰੀਆਂ
ਕਲਾਵਾਂ ਦੀ ਮਾਹਿਰ ਕੁਲਦੀਪ ਨਾਲ ਕੁਝ ਗੱਲਾਂ ਕਰਨ ਦਾ ਸਬੱਬ ਬਣਿਆ ਹੈ। ਆਓ ਉਸ ਨਾਲ ਕੁਝ ਕੁ
ਗੱਲਾਂ ਸਾਂਝੀਆਂ ਕਰਦੇ ਹਾਂ।
1.
ਕੁਲਦੀਪ ਜੀ ਤੁਸੀਂ ਕਵਿਤਾ ਕਦੋਂ ਤੇ ਕਿਵੇਂ
ਲਿਖਣੀ ਸ਼ੁਰੂ ਕੀਤੀ ਇਹ ਜਾਨਣ ਤੋਂ ਪਹਿਲਾਂ ਪਾਠਕ ਤੁਹਾਡੇ ਪਰਿਵਾਰਕ ਪਿਛੋਕੜ ਅਤੇ ਬਚਪਨ ਬਾਰੇ ਜਾਨਣਾ ਚਾਹੁਣਗੇ।
ਦੀਪ
ਕੁਲਦੀਪ- ਸੁਰਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਦੀ
ਅਤੇ ਕਾਵਿ ਲੋਕ ਦੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਆਪਣੇ ਬਾਰੇ ਕੁਝ ਕਹਿਣ ਦਾ ਮੌਕਾ ਦਿੱਤਾ। ਮੇਰਾ ਪੇਕਾ ਪਿੰਡ ਧਮੋਟ, ਜਿਲ੍ਹਾ ਲੁਧਿਆਣਾ ਹੈ ਪਰ ਮੇਰਾ ਬਚਪਨ ਮੰਡੀ ਗੋਬਿੰਦਗੜ੍ਹ ਵਿੱਚ ਬੀਤਿਆ ਜਿੱਥੇ ਮੇਰੇ ਪਾਪਾ ਨੌਕਰੀ ਕਰਦੇ ਸਨ। ਸੋ ਪਿੰਡ ਤੇ ਸ਼ਹਿਰ ਦੋਨਾਂ ਵਿੱਚ ਬਿਤਾਏ ਬਚਪਨ ਦੇ ਦਿਨ ਮੇਰੀਆਂ ਯਾਦਾਂ ਦਾ ਹਿੱਸਾ ਹਨ। ਮੈਂ ਘਰ ’ਚ ਸਭ ਤੋਂ ਵੱਡੀ ਅਤੇ ਖਾਨਦਾਨ ਦੀ ਪਹਿਲੀ ਧੀ ਸੀ। ਪਰਿਵਾਰ ਦੇ ਬਾਕੀ ਮੁੰਡਿਆਂ ਨਾਲ ਪਲਣ ਕਰਕੇ ਲਾਜ਼ਮੀ ਹੈ ਕਿ ਮੇਰਾ ਬਚਪਨ ਵੀ ਪਰਿਵਾਰ ਦੇ ਬਾਕੀ ਮੁੰਡਿਆਂ ਵਾਂਗ ਹੀ ਬੀਤਿਆ। ਮੇਰੀ ਜ਼ਿੰਦਗੀ ਵਿੱਚ ਮੇਰੇ ਪਾਪਾ ਦਾ ਅਹਿਮ ਰੋਲ ਹੈ ਜਿਹਨਾਂ ਨੇ ਹਰ ਕਦਮ ਤੇ ਮੇਰੀ ਯੋਗ ਅਗਵਾਈ ਕੀਤੀ।
2. ਫੇਰ ਤਾਂ ਬਹੁਤ
ਖੁਸ਼ਕਿਸਮਤ ਹੋ ਤੁਸੀਂ! ਸੋ ਆਪਣੇ ਪਰਿਵਾਰ ਦੀ ਇਸ ਲਾਡਲੀ ਧੀ ਨੇ ਆਪਣੀ ਪੜ੍ਹਾਈ ਕਿੱਥੋਂ ਕੀਤੀ? ਕੋਈ
ਨੌਕਰੀ ਵਗੈਰਾ ਕੀਤੀ ਹੋਵੇ ਤਾਂ ਦੱਸੋ।
ਦੀਪ ਕੁਲਦੀਪ – ਸੁਰਜੀਤ ਜੀ ਅਸਲ ਵਿਚ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਵੀ ਮੈਂ ਆਪਣੇ ਪਾਪਾ ਦੀ ਲਾਡਲੀ ਰਹੀ। ਪਲੱਸ ਟੂ ਕਰਕੇ ਈ ਟੀ ਟੀ ਕੀਤੀ ਅਤੇ ਨਾਲ ਹੀ ਨੌਕਰੀ ਮਿਲ ਗਈ। ਫਿਰ ਬੀ.ਏ. ਕਰਕੇ ਨੌਕਰੀ ਦੇ ਦਰਮਿਆਨ ਹੀ ਐਮ.ਏ. ਅੰਗਰੇਜ਼ੀ, ਐਮ.ਏ. ਪੰਜਾਬੀ ਅਤੇ ਐਮ.ਐਡ ਕੀਤੀ। ਪਹਿਲੀ ਨੌਕਰੀ ਬਤੌਰ ਈ.ਟੀ.ਟੀ. ਟੀਚਰ ਕੀਤੀ। ਪ੍ਰਮੋਸ਼ਨ ਉਪਰੰਤ ਲਗਭਗ ਸਤਾਈ ਸਾਲ ਬਤੌਰ ਐਸ.ਐਸ. ਮਿਸਟ੍ਰੈਸ ਸਰਕਾਰੀ ਨੌਕਰੀ ਕੀਤੀ। ਨੌਕਰੀ ਦੌਰਾਨ ਵਿਭਾਗ ਵੱਲੋਂ ਚਲਾਈਆਂ ਵੱਖ ਵੱਖ ਸਕੀਮਾਂ ਵਿੱਚ ਵੀ ਵੱਧ-ਚੜ੍ਹ ਕੇ ਭਾਗ ਲਿਆ।
3. ਸੋ ਨੌਕਰੀ ਤੋਂ
ਰਿਟਾਇਰ ਹੋਣ ਤੋਂ ਬਾਅਦ ਤੁਸੀਂ ਕੈਨੇਡਾ ਆ ਗਏ?
ਦੀਪ ਕੁਲਦੀਪ – ਨਹੀਂ ਸੁਰਜੀਤ ਜੀ ਅਜੇ ਮੈਂ ਰਿਟਾਇਰ ਤਾਂ ਹੋਈ ਨਹੀਂ ਸੀ। ਜਿਵੇਂ ਕਿ ਤੁਸੀਂ ਜਾਣਦੇ ਹੋ ਮੇਰਾ ਇਕੋ ਇਕ ਬੇਟਾ ਹੈ। ਉਸਨੂੰ ਮੈਂ ਪਲੱਸ ਟੂ ਕਰ ਲੈਣ ਤੋਂ ਬਾਅਦ ਅਗਲੇਰੀ ਪੜ੍ਹਾਈ ਲਈ ਕੈਨੇਡਾ ਭੇਜ ਦਿੱਤਾ। ਉਸਦੀ ਪੀ.ਆਰ. ਤੋਂ ਬਾਅਦ ਆਪ ਵੀ ਸਵੈ ਇੱਛਿਤ ਰਿਟਾਇਰਮੈਂਟ ਲੈਣ ਲਈ ਸੋਚ ਲਿਆ ਅਤੇ ਕੈਨੇਡਾ ਆ ਗਈ।
4. ਕੁਲਦੀਪ ਜੀ ਫੇਰ ਤੁਸੀਂ ਕਵਿਤਾ ਵੱਲ ਕਦੋਂ ਅਤੇ ਕਿਵੇਂ ਰੁਚਿਤ ਹੋਏ? ਇਸਦੀ ਪ੍ਰੇਰਨਾ ਕਿੱਥੋਂ ਮਿਲੀ?
ਦੀਪ
ਕੁਲਦੀਪ - ਬਚਪਨ ਤੋਂ ਹੀ ਦੇਖਦੀ ਸੀ ਕਿ ਮੇਰੇ ਘਰ ਸਾਹਿਤ ਪੜ੍ਹਨ ਦਾ ਬਹੁਤ ਰੁਝਾਨ ਸੀ। ਹਰ ਵੇਲੇ ਮੰਮੀ ਅਤੇ ਪਾਪਾ ਨੂੰ ਕੁਝ ਨਾ ਕੁਝ ਪੜ੍ਹਦੇ ਦੇਖਦੀ ਸੀ ਸੋ ਪੜ੍ਹਨ ਵਿੱਚ ਰੁਚੀ ਬਣਦੀ ਗਈ। ਪਲੱਸ ਵੰਨ ਵਿੱਚ ਪੜ੍ਹਦਿਆਂ ਸ਼੍ਰੋਮਣੀ ਸਾਹਿਤਕਾਰ ਸ. ਸੁਰਜੀਤ ਸਿੰਘ ਮਰਜਾਰਾ ਮੇਰੇ ਅਧਿਆਪਕ ਸਨ। ਪਲੱਸ ਟੂ ਦੇ ਵਿਿਦਆਰਥੀਆਂ ਲਈ ਲਿਖੇ ਮੇਰੇ ਭਾਸ਼ਣ ਦੇ ਗਜ਼ਲ ਬਣ ਜਾਣ ਤੇ ਮਿਲੀ ਸ਼ਾਬਾਸ਼ ਤੋਂ ਪਤਾ ਲੱਗਿਆ ਕਿ ਲਿਖਣ ਦੀ ਚੇਟਕ ਤਾਂ ਲੱਗ ਚੁੱਕੀ ਹੈ। ਉਹ ਮੇਰੀ ਪਹਿਲੀ ਗਜ਼ਲ ਸੀ ਫਿਰ ਡਾਇਟ ਦੇ ਪ੍ਰੋਗਰਾਮਾਂ ਵਿੱਚ ਵੀ ਹਾਜ਼ਰੀ ਲੱਗਦੀ ਰਹੀ ਅਤੇ ਲਿਖਣ ਕਲਾ ਨੂੰ ਬੂਰ ਪੈਂਦਾ ਰਿਹਾ ਅਤੇ ਲਗਾਤਾਰ ਜਾਰੀ ਹੈ।
5. ਕਵਿਤਾ ਤੋਂ ਇਲਾਵਾ ਕੁਝ ਹੋਰ ਵੀ ਲਿਖਦੇ ਹੋ ਜਾਂ ਕੋਈ ਹੋਰ ਸਾਹਿਤਕ ਰੁਚੀ ਹੋਵੇ?
ਦੀਪ ਕੁਲਦੀਪ - ਮੈਂ ਅਜੇ ਤੱਕ ਕਵਿਤਾ ਹੀ ਲਿਖੀ ਹੈ। ਕਵਿਤਾ ਖੁੱਲ਼ੀ ਵੀ ਲਿਖੀ ਹੈ ਅਤੇ ਗਜ਼ਲ ਵੀ ਜੋ ਕਿ ਕਈ ਪੰਜਾਬੀ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪ ਚੁੱਕੀਆਂ ਹਨ। ਹਾਲੇ ਤੱਕ ਤਾਂ ਬੱਸ ਇਹੀ ਹੈ ਬਾਕੀ ਕੱਲ ਰੱਬ ਜਾਣੇ। ਹਾਂ
ਸੱਚ ਤੁਸੀ ਹੋਰ ਕਿਸੇ ਸਾਹਿਤਕ ਰੁਚੀ ਬਾਰੇ ਪੁੱਛਿਆ ਹੈ ਤਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ
ਆਪਣਾ ਯੂ ਟਿਊਬ ਚੈਨਲ ਹੈ ਜਿਸ ’ਤੇ ਮੈਂ ਬਹੁਤ ਸਾਰੀਆਂ ਪੰਜਾਬੀ ਕਹਾਣੀਆਂ ਬੋਲ ਕੇ ਪਾਈਆਂ ਹਨ।
ਤੁਹਾਨੂੰ ਯਾਦ ਹੋਵੇਗਾ ਤੁਹਾਡੀ ਵੀ ਇਕ ਕਹਾਣੀ ਪੜ੍ਹੀ ਸੀ ਜੋ ਮੇਰੇ ਚੈਨਲ ‘ਕਲਮਾਂ ਦੇ ਰੂ-ਬ-ਰੂ
’ਤੇ ਪਈ ਹੈ। ਹੁਣੇ ਜਿਹੇ ਮੈਂ ਦਲੀਪ ਕੌਰ ਟਿਵਾਣਾ ਦੀ ਸਵੈ ਜੀਵਨੀ ‘ਨੰਗੇ ਪੈਰਾਂ ਦਾ ਸਫ਼ਰ’ ਪਾਈ
ਹੈ ਤੁਸੀਂ ਵੀ ਜਰੂਰ ਸੁਣਨਾ।
6. ਹਾਂ ਜੀ, ਜਰੂਰ! ਕਵਿਤਾ ਅਤੇ ਦੀਪ ਕੁਲਦੀਪ ਦਾ ਆਪਸ ਵਿਚ ਕੀ ਸੰਬੰਧ ਹੈ?
ਦੀਪ ਕੁਲਦੀਪ - ਦੀਪ ਕੁਲਦੀਪ ਅਤੇ ਕਵਿਤਾ ਇੱਕ ਹੀ ਨੇ। ਕਦੇ ਦੀਪ ਕਵਿਤਾ ਹੁੰਦੀ ਹੈ ਅਤੇ ਕਦੇ ਕਵਿਤਾ ਦੀਪ। ਮੈਂ ਕਵਿਤਾ ਨੂੰ ਹੀ ਜਿਊਂਦੀ ਹਾਂ। ਕਵਿਤਾ ਮੇਰੇ ਅੰਦਰ ਦਾ ਕਦੇ ਸਾਈਡ ਪੋਜ਼ ਹੈ ਅਤੇ ਕਦੇ ਰੀਅਰ ਵਿਊ ਇਮੇਜ। ਕਵਿਤਾ ਮੇਰੇ ਅੰਦਰਲੇ ਬ੍ਰਹਿਮੰਡ ਦੇ ਪਸਾਰੇ ਦਾ ਹੀ ਰੂਪ ਹੈ। ਇਸੇ ਲਈ ਕਈ ਵਾਰੀ ਮੈਂ ਕਹਾਣੀ ਲਿਖਣ ਦੀ ਕੋਸ਼ਿਸ਼ ਕਰਦੀ ਹਾਂ ਤੇ ਕਵਿਤਾ ਲਿਖ ਕੇ ਉੱਠ ਜਾਂਦੀ ਹਾਂ।
7. ਬਹੁਤ ਖੂਬ! ਤੁਸੀਂ
ਰੂਹਾਨੀਅਤ ਵੱਲ ਵੀ ਰੁਚਿਤ ਹੋ ਅਤੇ ਹੋਰ ਵੀ ਬਹੁਤ ਸਾਰੀਆਂ ਕਲਾਵਾਂ ਦੇ ਮਾਹਿਰ ਹੋ ਕਵਿਤਾ ਵਿਚ
ਤੁਸੀ ਕਿਹੜੇ ਵਿਸ਼ਿਆਂ ਨੂੰ ਪ੍ਰਮੁੱਖਤਾ ਦਿੱਤੀ ਹੈ?
ਦੀਪ ਕੁਲਦੀਪ - ਮੁਖ ਤੌਰ ਤੇ ਮੈਂ ਆਪਣੇ ਮਨ ਦੇ ਪ੍ਰਗਟਾਅ ਨੂੰ ਹੀ ਕਵਿਤਾ ਰੂਪ ’ਚ ਲਿਿਖਆ ਹੈ। ਮਨੁੱਖ ਦੇ ਅੰਦਰ ਦੀ ਭਟਕਣ, ਅੰਤਰ ਮਨ ਦਾ ਪਸਾਰਾ ਅਤੇ ਉਹ ਸਾਰਾ ਕੁਝ ਜੋ ਸਚੇਤ ਰੂਪ ਚ ਬੋਲਿਆ ਜਾਣਾ ਸੰਭਵ ਨਹੀਂ ਹੁੰਦਾ ਉਹ
ਕਵਿਤਾ ਦੇ ਬੋਲ ਬਣ ਜਾਂਦਾ ਹੈ। ਕੁਝ ਘਟਨਾਵਾਂ ਜਿਹਨਾਂ ਨੇ ਮਨ ਤੇ ਗਹਿਰਾ ਅਸਰ ਪਾਇਆ ਜਿਵੇਂ ਦਿੱਲੀ ਦਾ ਨਿਰਭਿਆ ਕਾਂਡ ਜਾਂ ਸਰਹੱਦ ਤੇ ਮਾਰੇ ਗਏ ਸ਼ਹੀਦਾਂ ਨੂੰ ਵੀ ਮੈਂ ਆਪਣੀਆਂ ਕਵਿਤਾਵਾਂ ਦਾ ਵਿਸ਼ਾ ਬਣਾਇਆ ਹੈ।
ਮੇਰੇ ਹੋਠਾਂ ਨੇ ਮੇਰੀ ਚੁੱਪ ਦਾ ਅਨੁਵਾਦ ਕਰਿਆ
ਏ
ਕੇ ਵੱਸਲਾਂ ਦੀ
ਰੁੱਤੇ ਵੀ ਓਸ ਨੂੰ ਮੈਂ ਯਾਦ ਕਰਿਆ ਏ
ਕਿਸੇ ਰੁੱਖ ਦੀ
ਕਿਸੇ ਟਾਹਣੀ ਤੇ ਕੋਈ ਪੰਛੀ ਚਹਿਕਿਆ
ਤੇ ਫਿਰ ਸੁੰਨੇ
ਪਏ ਜੰਗਲ ਨੂੰ ਵੀ ਆਬਾਦ ਕਰਿਆ ਏ
8. ਹੁਣ ਤੱਕ ਤੁਹਾਡੀਆਂ ਕਿੰਨੀਆਂ ਪੁਸਤਕਾਂ ਛਪ ਚੁੱਕੀਆਂ ਹਨ?
ਦੀਪ ਕੁਲਦੀਪ - ਮੇਰੀਆਂ ਕਵਿਤਾਵਾਂ ਅਤੇ ਗਜ਼ਲਾਂ ਕਈ ਰਸਾਲਿਆਂ ਅਤੇ ਅਖਬਾਰਾਂ ਵਿੱਚ ਛਪਦੀਆਂ ਹਨ। ਹਾਲੇ ਤੱਕ ਮੇਰੀ ਇੱਕ ਹੀ ਕਿਤਾਬ ‘ਧੁੱਪ ਦੀ ਕਾਤਰ’ ਪਬਲਿਸ਼ ਹੋਈ ਹੈ ਜੋ ਕਿ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਛਾਪੀ ਗਈ ਸੀ। ਇਸ ਵਿੱਚ ਸਾਰੀਆਂ ਖੁੱਲ੍ਹੀਆਂ ਕਵਿਤਾਵਾਂ ਹਨ। ਦੇਖੋ ਅਗਲੀ ਕਿਤਾਬ ਕਦੋਂ ਛਪਦੀ ਹੈ।
9. ਤੁਸੀਂ ਕਵਿਤਾ ਅਤੇ ਗ਼ਜ਼ਲ ਦੋਵੇਂ ਲਿਖਦੇ ਹੋ। ਦੋਹਾਂ ਵਿੱਚੋਂ ਕਿਸਨੂੰ
ਜ਼ਿਆਦਾ ਪਸੰਦ ਕਰਦੇ ਹੋ?
ਦੀਪ ਕੁਲਦੀਪ - ਮੈਨੂੰ ਗਜ਼ਲ ਲਿਖਣਾ ਵਧੇਰੇ ਪਸੰਦ ਹੈ। ਪਰ ਕਦੇ ਕਦੇ ਖੁੱਲੀ ਕਵਿਤਾ ਵੱਧ ਸਾਥ ਦੇ ਜਾਂਦੀ ਹੈ ਸੋ ਜਦੋਂ ਜਿਵੇਂ ਮਨ ਕੀਤਾ ਉਵੇਂ ਲਿਖ ਲਈਦਾ। ਆਪੇ ਜੋ ਲਿਿਖਆ ਜਾਵੇ ਕਦੇ ਜੋਰ ਪਾ ਕੇ ਨੀ ਲਿਿਖਆ ਕਈ ਕਈ ਵਾਰੀ ਤਾਂ ਬਹੁਤ ਦੇਰ ਬਾਦ ਲਿਖ ਹੁੰਦਾ।
10. ਕੈਨੇਡਾ ਕਿਹੋ ਜਿਹਾ ਲੱਗਿਆ?
ਦੀਪ ਕੁਲਦੀਪ – ਸੁਰਜੀਤ ਜੀ ਕੈਨੇਡਾ ਦਾ ਪੌਣ-ਪਾਣੀ ਵਧੀਆ ਹੈ। ਇੱਥੋਂ ਦਾ ਰਹਿਣ- ਸਹਿਣ ਵੀ ਵਧੀਆ ਹੈ। ਕੁਦਰਤ ਨਾਲ ਮਿਲਕੇ ਇੱਕ ਮਿੱਕ ਹੋ ਕੇ ਜਿਊਣਾ ਇਸ ਦੇਸ਼ ਦੇ ਹਿੱਸੇ ਆਇਆ ਹੈ। ਮੈਨੂੰ ਇਹ ਦੇਸ਼ ਪਸੰਦ ਆਇਆ।
11. ਅੱਜ ਕੱਲ ਕੈਨੇਡਾ ਵਿਚ ਪੜ੍ਹਨ ਆਏ ਆਪਣੇ ਪੰਜਾਬੀ ਵਿਦਿਆਰਥੀਆਂ ਬਾਰੇ ਜੋ
ਚਰਚਾ ਹੁੰਦੀ ਹੈ ਉਸ ਬਾਰੇ ਤੁਹਾਡਾ ਕੀ ਵਿਚਾਰ ਹੈ?
ਦੀਪ ਕੁਲਦੀਪ - ਕੈਨੇਡਾ ਸੁਪਨਿਆਂ ਦੀ ਧਰਤੀ ਹੈ ਪਰ ਹੈ ਤਾਂ ਧਰਤੀ ਹੀ, ਸੋ ਚੰਗੇ ਦੇ ਨਾਲ ਨਾਲ ਕੁਝ ਬੁਰਾ ਵੀ ਹੈ। ਬਿਨਾਂ ਸ਼ੱਕ ਪੰਜਾਬੀ ਵਿਿਦਆਰਥੀਆਂ ਨੇ ਆਪਣੀ ਮਿਹਨਤ ਨਾਲ ਆਪਣੀ ਧਰਤੀ ਦਾ ਆਪਣੀ ਕੌਮ ਦਾ ਨਾਂ ਰੌਸ਼ਨ ਕੀਤਾ ਹੈ ਪਰ ਪੰਜੇ ਉਂਗਲਾਂ ਇੱਕ ਜਿਹੀਆਂ ਨਹੀਂ ਹੁੰਦੀਆਂ। ਸਾਡੀ ਪਰਵਰਿਸ਼ ਤੈਅ ਕਰਦੀ ਹY ਕਿ ਅਸੀਂ ਸਮਾਜ ਨੂੰ ਕੀ ਦੇਣਾ ਹੈ ਅਤੇ ਇੱਥੋਂ ਕੀ ਲੈ ਜਾਣਾ ਹੈ। ਹਾਲ ਹੀ ਵਿੱਚ ਵਾਪਰੀਆਂ ਕੁਝ ਘਟਨਾਵਾਂ ਚਿੰਤਾਜਨਕ ਹਨ। ਅਸੀਂ ਆਪਣੀਆਂ ਜੜ੍ਹਾਂ ਤੋਂ ਟੁੱਟ ਕੇ ਇੱਥੇ ਨਵੀਆਂ ਜੜ੍ਹਾਂ ਉਗਾਉਣ ਦੀ ਫਿਰਾਕ ਵਿੱਚ ਹਾਂ ਸੋ ਨਵਿਆਂ ਦਾ ਫਰਜ਼ ਬਣਦਾ ਹੈ ਕਿ ਆਪਣੀਆਂ ਕਦਰਾਂ ਕੀਮਤਾਂ ਨੂੰ ਨਾ ਤਿਆਗਣ ਸਗੋਂ ਉਹਨਾਂ ਨੂੰ ਨਾਲ ਲੈ ਕੇ ਇਸ ਸਮਾਜ ਦਾ ਹਿੱਸਾ ਬਣਨ। ਆਪਣੇ ਸਮਾਜ ਦਾ ਸ਼ੀਸ਼ਾ ਬਣਦੇ ਹੋਏ ਨਵੇਂ ਰਾਹ ਦੀ ਤਲਾਸ਼ ਕਰਨ। ਸ਼ੋਸ਼ੇਬਾਜ਼ੀ ਸਾਡਾ ਘਾਣ ਹੀ ਕਰਦੀ ਹੈ ਸੰਵਾਰਦੀ ਕੁਝ ਨਹੀਂ।
12. ਤੁਹਾਨੂੰ ਪੰਜਾਬ ਵਿਚ ਰਚੀ
ਜਾਂਦੀ ਪੰਜਾਬੀ ਕਵਿਤਾ ਅਤੇ ਕੈਨੇਡਾ ਵਿਚ ਰਚੀ ਜਾਂਦੀ ਕਵਿਤਾ ਵਿਚ ਕੀ ਅੰਤਰ ਲੱਗਦਾ ਹੈ?
ਦੀਪ ਕੁਲਦੀਪ – ਸੁਰਜੀਤ ਜੀ ਜਿਵੇਂ ਤੁਸੀਂ ਵੀ ਜਾਣਦੇ ਹੋ ਕਿ ਪੰਜਾਬੀ ਵਿੱਚ ਅੱਜ ਕੱਲ ਵਿਸ਼ਿਆਂ ਦੀ ਵਿਸ਼ਾਲਤਾ ਅਤੇ ਵੰਨਗੀ ਪੱਖੋਂ ਬਾਕਮਾਲ ਕਵਿਤਾ ਰਚੀ ਜਾ ਰਹੀ ਹੈ। ਕੈਨੇਡੀਅਨ ਕਵਿਤਾ ਵੀ ਬਹੁਤ ਸੰਭਾਵਨਾਵਾਂ ਭਰੀ ਹੈ। ਪ੍ਰਵਾਸ ਅਤੇ ਪ੍ਰਵਾਸੀਆਂ ਦੀਆਂ ਮਜਬੂਰੀਆਂ ਕੈਨੇਡੀਅਨ ਕਵਿਤਾ ਨੂੰ ਨਵੇਂ ਪਸਾਰ ਦਿੰਦੀਆਂ ਹਨ। ਆਪਣੀ ਮਿੱਟੀ ਦਾ ਮੋਹ, ਬੱਚਿਆਂ ਦਾ ਕੈਨੇਡੀਅਨ ਰੰਗ ਵਿੱਚ ਰੰਗੇ ਜਾਣ ਕਾਰਨ ਮਾਪਿਆਂ ਦਾ ਦਰਦ, ਪਿੱਛੇ ਛੱਡ ਆਏ ਆਪਣੀਆਂ ਕਦਰਾਂ ਕੀਮਤਾਂ ਗੁਆਚਣ ਦਾ ਭੈਅ ਅਤੇ ਆਵਾਜਾਂ ਮਾਰਦੀ ਮਿੱਟੀ ਕੈਨੇਡੀਅਨ ਕਵਿਤਾ ਦੇ ਉਘੜਵੇਂ ਰੰਗ ਬਣ ਗਏ ਹਨ। ਦੋਹਾਂ ਖਿੱਤਿਆਂ ਦੀ ਕਵਿਤਾ ਆਪਣੇ ਅੰਦਰ ਆਪੋ ਆਪਣੇ ਸਰੋਕਾਰ ਤੇ ਨਵੀਆਂ ਸੰਭਾਵਨਾਵਾਂ ਲਈ ਅੱਗੇ ਅੱਗੇ ਪੁਲਾਂਘਾਂ ਪੁੱਟਦੀ ਜਾ ਰਹੀ ਹੈ।
13. ਅੱਜ ਦੀ ਔਰਤ ਜੋ ਦੇਹਵਾਦੀ ਕਵਿਤਾ ਲਿਖ ਰਹੀ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਹਨ।
ਦੀਪ ਕੁਲਦੀਪ – ਦੇਖੋ, ਹਰ ਦੌਰ ਦੀ ਕਵਿਤਾ ਆਪਣੇ ਅੰਦਰ ਆਪਣੇ ਆਲੇ ਦੁਆਲੇ ਵਾਪਰਦੀਆਂ ਘਟਨਾਵਾਂ ਦੀ ਗਵਾਹ ਬਣਦੀ ਰਹੀ ਹੈ। ਸੋਸ਼ਲ ਮੀਡਿਆ ਦੇ ਇਸ ਦੌਰ ਅੰਦਰ ਜੋ ਅੱਜ ਕੱਲ੍ਹ ਚੱਲ ਰਿਹਾ ਹੈ ਕਵਿਤਾ ਇਸ ਤੋਂ ਅਣਭਿੱਜ ਨਹੀਂ ਰਹੀ। ਕਵਿਤਾ ਹਮੈਸ਼ਾ ਹੀ ਸੁੰਦਰਤਾ ਅਤੇ ਰੋਮਾਂਸ ਵਰਗੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀ ਰਹੀ ਹੈ ਪਰ ਸ਼ਬਦਾਂ ਦਾ ਇੱਕ ਲਿਬਾਸ ਹਮੇਸ਼ਾ ਹੀ ਧਾਰਿਆ ਜਾਂਦਾ ਰਿਹਾ ਹੈ। ਸਮੇਂ ਦੇ ਬਦਲਦਿਆਂ ਇਹ ਲਿਬਾਸ ਵੀ ਉੱਤਰਿਆ ਹੈ। ਮੈਂ ਇਸ ਨੂੰ ਬਹੁਤਾ ਚੰਗਾ ਨਹੀਂ ਮੰਨਦੀ। ਸਰੀਰਕ ਜਰੂਰਤਾਂ ਦੀ ਘਾਟ ਜਾਂ ਲੋੜ ਨੂੰ ਸੁੰਦਰ ਸ਼ਬਦਾਂ ਦੇ ਪਹਿਰਾਵੇ ਵਿੱਚ ਵਧੀਆ ਤਰੀਕੇ ਨਾਲ ਪ੍ਰਗਟਾਇਆ ਜਾ ਸਕਦਾ ਹੈ। ਬਹੁਤ ਕਵੀ ਇਸ ਨੂੰ ਬਹੁਤ ਵਧੀਆ ਤੇ ਸਲੀਕੇ ਨਾਲ ਲਿਖ ਗਏ ਹਨ। ਉਹ ਹੀ ਲਿਖਿਆ ਜਾਵੇ ਜੋ ਸਭ ਨੂੰ ਚੰਗਾ ਲੱਗੇ।
14. ਪਾਠਕਾਂ ਅਤੇ ਅਲੋਚਕਾਂ ਵੱਲੋਂ ਤੁਹਾਨੂੰ ਆਪਣੀ ਕਵਿਤਾ ਦਾ ਕਿਹੋ ਜਿਹਾ ਹੁੰਗਾਰਾ ਮਿਲਦਾ ਹੈ? ਕੀ ਤੁਸੀਂ ਇਸ ਤੋਂ ਸੰਤੁਸ਼ਟ ਹੋ?
ਦੀਪ ਕੁਲਦੀਪ - ਪਾਠਕਾਂ ਅਤੇ ਸਰੋਤਿਆਂ ਵੱਲੋਂ ਮੇਰੀਆਂ ਕਵਿਤਾਵਾਂ ਅਤੇ ਗਜ਼ਲਾਂ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਮੈਂ ਉਹਨਾਂ ਦਾ ਦਿਲੋਂ ਬਹੁਤ ਧੰਨਵਾਦ ਕਰਦੀ ਹਾਂ। ਇਕ ਵਾਰੀ ਫੇਰ ਕਾਵਿ
ਲੋਕ ਦੀ ਧੰਨਵਾਦੀ ਹੈ ਜਿਨ੍ਹਾਂ ਮੈਨੂੰ ਪਾਠਕਾਂ ਦੇ ਰੁ ਬ ਰੂ ਹੋਣ ਦਾ ਮੌਕਾ ਦਿੱਤਾ।
No comments:
Post a Comment