Sunday, February 16, 2025

Interview of a poet Neeta Balwinder Johar

 

           ਨੀਟਾ ਬਲਵਿੰਦਰ ਜੌਹਰ ਨਾਲ ਇਕ ਮਿਲਣੀ

                                                                   ਮੁਲਾਕਾਤੀ ਸੁਰਜੀਤ (ਟੋਰਾਂਟੋ)

ਨੀਟਾ ਬਲਵਿੰਦਰ ਜੌਹਰ ‘ਜੀ. ਟੀ. ਏ.’(Greater Toronto Area) ਦੀ ਇਕ ਮੰਨੀ ਪ੍ਰਮੰਨੀ ਕਵਿੱਤਰੀ ਹੈ। ਅਕਸਰ ਉਸਨੂੰ ਵੱਡੇ ਕਲਾਕਾਰਾਂ ਦੀਆਂ ਸਟੇਜਾਂ ਹੋਸਟ ਕਰਦਿਆਂ ਵੇਖਿਆ ਜਾਂਦਾ ਸੀ। ਉਹ ਜਿੰਨੀਂ ਖੂਬਸੂਰਤ ਕਵਿਤਾ ਲਿਖਦੀ ਹੈ ਉੱਨੀ ਖੂਬਸੂਰਤੀ ਨਾਲ ਉਸਦਾ ਉਚਾਰਣ ਵੀ ਕਰਦੀ ਹੈ। ਉਸਦੀ ਕਵਿਤਾ ਦਾ ਪ੍ਰਭਾਵ ਅਜਿਹਾ ਹੈ ਕਿ ਲੋਕ ਸੋਸ਼ਲ-ਪਾਰਟੀਆਂ ਵਿਚ ਵੀ ਉਸ ਤੋਂ ਕਵਿਤਾ ਸੁਨਣ ਦੀ ਫਰਮਾਇਸ਼ ਕਰ ਦਿੰਦੇ ਹਨ। ਦੁਭਾਸ਼ੀਏ ਦਾ ਕੰਮ ਕਰਨ ਕਰਕੇ ਉਸ ਕੋਲ ਭਾਸ਼ਾ ਦੀ ਅਮੀਰੀ ਹੈ ਅਤੇ ਇਕ ਵਿਆਪਕ ਅਦਾਰੇ ਵਿਚ ਕੰਮ ਕਰਨ ਦਾ ਵਿਸ਼ਾਲ ਤਜਰਬਾ ਹੈ। ਉਸ ਨਾਲ ਕੁਝ ਗੱਲਾਂ ਕਰਨ ਦਾ ਸਬੱਬ ਬਣਿਆ ਹੈ ਜੋ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਖੁਸ਼ੀ ਲੈ ਰਹੀ ਹਾਂ।

1. ਨੀਟਾ ਜੀ ਆਪਣੀ ਗੱਲਬਾਤ ਤੁਹਾਡੇ ਪਰਿਵਾਰਿਕ ਪਿਛੋਕੜ ਤੋਂ ਕਰੀਏ? ਕਿਹੋ ਜਿਹਾ ਸੀ ਤੁਹਾਡਾ ਬਚਪਨ?

 

ਸੁਰਜੀਤ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਲਈ ਇਹ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਤੁਸੀਂ ਮੇਰੇ ਨਾਲ ਗੱਲ-ਬਾਤ ਕਰਨ ਲਈ ਆਖਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।

ਮੇਰੇ ਮਾਤਾ ਪਿਤਾ ਪਿਛੋਂ ਰਾਵਲਪਿੰਡੀ ਤੋਂ ਆਏ ਹਨ ਤੇ 1947 ਦੇ  ਰੌਲਿਆਂ ਮਗਰੋਂ ਉਹ ਅਮ੍ਰਿਤਸਰ ਆ ਵਸੇ ਸਨ, ਮੇਰੀ ਪੈਦਾਇਸ਼ ਅਮ੍ਰਿਤਸਰ ਦੀ ਹੈ, ਉਸ ਤੋਂ ਬਾਦ ਮੇਰੇ ਘਰ ਦੇ ਲੁਧਿਆਣੇ ਸ਼ਿਫਟ ਕਰ ਗਏ ਸਨ। ਮੇਰਾ ਬਚਪਨ ਲੁਧਿਆਣੇ ਹੀ ਗੁਜ਼ਰਿਆ ਹੈ। ਮੈਂ ਆਪਣੇ ਘਰ ਵਿਚ ਸਾਰੇ ਭੈਣਾਂ ਭਰਾਵਾਂ ਤੋਂ ਵੱਡੀ ਹਾਂ ਤੇ ਬੜੀ ਲਾਡਲੀ ਵੀ ਹਾਂ। ਮੇਰਾ ਬਚਪਨ  ਬਹੁਤ ਵਧੀਆ ਤੇ ਖੁਸ਼ਨੁਮਾ ਸੀ। ਅਸੀਂ ਸਾਂਝੇ ਪਰਿਵਾਰ ਵਿਚ ਰਹਿੰਦੇ ਸਾਂ, ਜਿਸ ਵਿਚ ਮੇਰੇ ਮਾਤਾ-ਪਿਤਾ, ਭੈਣ-ਭਰਾ, ਚਾਚਾ-ਚਾਚੀ ਤੇ ਉਹਨਾਂ ਦੇ ਬੱਚੇ ਤੇ ਦਾਦੀ ਜੀ ਸਨ।

2. ਆਪਣੀ ਮੁੱਢਲੀ ਤੇ ਉਚੇਰੀ ਵਿਦਿਆ ਬਾਰੇ ਵੀ ਪਾਠਕਾਂ ਨਾਲ ਸਾਂਝ ਪਾਉ।

 ਮੈਂ ਆਪਣੀ ਮੁੱਢਲੀ ਪੜ੍ਹਾਈ ਲੁਧਿਆਣੇ ‘ਪੋਠੋਹਾਰ ਖਾਲਸਾ ਹਾਇਰ ਸੈਕੰਡਰੀ ਸਕੂਲ’ ਤੋਂ ਕੀਤੀ ਹੈ ਤੇ ਉਸ ਤੋਂ ਬਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਹੋਮ ਸਾਇੰਸ ਦੀ ਪੜ੍ਹਾਈ ਕੀਤੀ ਹੈ।

3. ਤੁਸੀਂ ਹੋਮ ਸਾਇੰਸ ਦੀ ਪੜ੍ਹਾਈ ਕੀਤੀ ਫੇਰ ਪੰਜਾਬੀ ਸਾਹਿਤ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ ਅਤੇ ਕਵਿਤਾ ਕਦੋਂ ਲਿਖਣੀ ਸ਼ੁਰੂ ਕੀਤੀ?

ਪੰਜਾਬੀ ਸਾਹਿਤ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ, ਸਾਡੇ ਘਰ ਵਿਚ ਪ੍ਰੀਤਲੜੀ ਮੈਗਜ਼ੀਨ ਆਉਂਦਾ ਸੀ ਜੋ ਮੈਨੂੰ ਪੜ੍ਹਨਾ ਬਹੁਤ ਹੀ ਚੰਗਾ ਲਗਦਾ। ਲਿਖਣ ਦਾ ਸ਼ੌਕ ਵੀ ਛੋਟੀ ਉਮਰ ਵਿਚ ਹੀ ਜਾਗ ਪਿਆ ਸੀ। ਸਕੂਲ ਤੇ ਕਾਲਜ ਦੇ ਦਿਨਾਂ ਤੋਂ ਹੀ ਕਵਿਤਾ, ਕਵੀ ਦਰਵਾਰ ਤੇ ਰੇਡੀਓ ਮੇਰੇ ਅੰਗ-ਸੰਗ ਰਹੇ। ਉਹਨਾਂ ਦਿਨਾਂ ਵਿਚ ਮੇਰੇ ਮਾਸੜ ਜੀ ਸਰਦਾਰ ਸਾਧੂ ਸਿੰਘ ਜੀ ਗੋਬਿੰਦਪੁਰੀ ਜਲੰਧਰ ਰੇਡੀਓ ਸਟੇਸ਼ਨ ਤੇ ਕੰਮ ਕਰਦੇ ਸਨ ਤੇ ਸ਼ਾਮ ਦਾ ਗੁਰਬਾਣੀ-ਵਿਚਾਰ ਪ੍ਰੋਗ੍ਰਾਮ ਵੀ ਦਿਆ ਕਰਦੇ ਸਨ। ਮੈਂ ਉਹਨਾਂ ਨਾਲ ਕਈ ਵਾਰ ਰੇਡੀਓ ਸਟੇਸ਼ਨ ਵੀ ਗਈ ਹਾਂ ਤੇ ਮੈਨੂੰ ਉਥੋਂ ਦੇ ਯੁਵ-ਮੰਚ ਪ੍ਰੋਗ੍ਰਾਮ ਵਿਚ ਬੋਲਣ ਦਾ ਵੀ ਮੌਕਾ ਮਿਲਿਆ। ਮੈਂ ਯੂਨੀਵਰਸਿਟੀ ਦੇ ਦਿਨਾਂ ਵਿਚ ਅਕਸਰ ਯੂਨੀਵਰਸਿਟੀ ਦੇ ਮੈਗਜੀ਼ਨ ਵਿਚ ਕਵਿਤਾ ਲਿਖਿਆ ਕਰਦੀ ਸੀ।

4. ਬਹੁਤ ਵਧੀਆ ਜੀ, ਹੁਣ ਤੁਸੀਂ ਕਾਫੀ ਸਮੇਂ ਤੋਂ ਕੈਨੇਡਾ ਰਹਿ ਰਹੇ ਹੋ ਫਿਰ ਲੁਧਿਆਣੇ ਤੋਂ ਇੱਥੇ ਕਦੋਂ ਅਤੇ ਕਿਵੇਂ ਆਏ?

ਸੁਰਜੀਤ ਜੀ ਮੈਂ 1976 ਤੋਂ ਕਨੇਡਾ ਵਿਚ ਰਹਿ ਰਹੀ ਹਾਂ। ਕਾਫੀ ਵਰ੍ਹੇ ਮੈਂ ਬਰਾਂਟਫੋਰਡ ਰਹੀ ਹਾਂ ਤੇ ਹੁਣ ਪਿਛਲੇ 20 ਸਾਲ ਤੋਂ ਬਰੈਂਪਟਨ ਵਿਚ ਰਹਿ ਰਹੀ ਹਾਂ। ਇੰਨੇ ਵਰ੍ਹੇ ਕਨੇਡਾ ਵਿਚ ਰਹਿੰਦਿਆਂ ਹੋਇਆਂ ਵੀ ਪੰਜਾਬ ਤੇ ਪੰਜਾਬੀ ਹਮੇਸ਼ਾ ਦਿਲ ਵਿਚ ਵਸਦੀ ਹੈ।

5. ਤੁਹਾਡੀ ਕਵਿਤਾ ਵਿਚ ਔਰਤ ਦੇ ਦਰਦ ਦੀ ਇਕ ਚੀਸ ਸੁਣੀਂਦੀ ਹੈ ਇਸ ਪਿੱਛੇ ਕਿਹੜੀ ਸੋਚ ਕੰਮ ਕਰਦੀ ਹੈ?

ਤੁਸਾਂ ਆਖਿਆ ਹੈ ਕਿ ਮੇਰੀ ਕਵਿਤਾ ਵਿਚ ਔਰਤ ਦੇ ਦਰਦ ਦੀ ਇਕ ਚੀਸ ਸੁਣਾਈ ਦਿੰਦੀ ਹੈ, ਤੁਸਾਂ ਬਿਲਕੁਲ ਸਹੀ ਆਖਿਆ ਹੈ। ਮੈਂ ਔਰਤ ਦੇ ਦਰਦ ਨੂੰ ਬੜੀ ਨੇੜਿਓ ਵੇਖਿਆ ਹੈ, ਆਲੇ ਦੁਆਲੇ ਔਰਤ ਤੇ ਹੋ ਰਹੀਆਂ ਵਧੀਕੀਆਂ ਨੂੰ ਵੀ ਨੇੜਿ ਤੱਕਿਆ ਹੈ। ਮੈਂ ਉਦੋਂ ਦੀ ਗੱਲ ਕਰ ਰਹੀ ਹਾਂ ਜਦੋਂ ਕੁੜੀਆਂ ਨੂੰ ਅਮ੍ਰਿਤਾ ਪ੍ਰੀਤਮ ਦੀ ਕਿਤਾਬ ਤੱਕ ਪੜ੍ਹਨ ਦੀ ਮਨਾਹੀ ਸੀ, ਮੈਨੂੰ ਮਨਾਹੀ ਸੀ ਕਿ ਕਿਤੇ ਮੈਂ ਬਾਗੀ ਨਾ ਹੋ ਜਾਵਾਂ।

6. ਇਹੋ ਜਿਹੇ ਸਮਿਆਂ ਵਿਚ ਤੁਹਾਡੇ ਘਰ ਵਿਚ ਲਿਖਣ-ਪੜ੍ਹਨ ਦਾ ਮਾਹੌਲ ਕਿਹੋ ਜਿਹਾ ਸੀ? ਕੀ ਤੁਹਾਡੇ ਘਰ ਦੇ ਮਾਹੌਲ ਦਾ ਤੁਹਾਡੀ ਲਿਖਤ ਤੇ ਕੋਈ ਪ੍ਰਭਾਵ ਪਿਆ?

ਸਾਡੇ ਘਰ ਦਾ ਮਾਹੌਲ ਬਹੁਤ ਵਧੀਆ ਸੀ। ਸਾਂਝੇ ਪਰਿਵਾਰ ਵਿਚ ਅਸੀਂ ਸਾਰੇ ਭੈਣ ਭਰਾ ਰਲ ਮਿਲ ਕੇ ਪਿਆਰ ਨਾਲ ਰਹਿੰਦੇ। ਲੜਨਾ ਝਗੜਨਾ ਤੇ ਫੇਰ ਮੰਨ ਵੀ ਜਾਣਾ, ਇਹ ਸਭ ਚਲਦਾ ਰਹਿੰਦਾ। ਘਰ ਵਿਚ ਦਾਦੀ ਦੇ ਪਿਆਰ ਦਾ ਸਦਕਾ ਮੈਂ ਅੱਜ ਜੋ ਵੀ ਹਾਂ ਉਸੇ ਦੀਆਂ ਅਸੀਸਾਂ ਤੇ ਹੱਲਾ ਸ਼ੇਰੀ ਕਰਕੇ ਹਾਂ। ਘਰ ਵਿਚ ਮੇਰੇ ਚਾਚਾ-ਚਾਚੀ ਤੇ ਮੇਰੇ ਮੰਮੀ ਅਧਿਆਪਕ ਸਨ ਤੇ ਪਿਤਾ ਜੀ ਦਾ ਆਪਣਾ ਕਾਰੋਬਾਰ ਸੀ। ਘਰ ਵਿਚ ਪੰਜਾਬੀ ਹੀ ਬੋਲੀ ਜਾਂਦੀ, ਮੇਰੀ ਦਾਦੀ ਪੋਠੋਹਾਰ ਦੀ ਹੋਣ ਕਰਕੇ ਕਦੇ ਕਦੇ ਪੋਠੋਹਾਰੀ ਬੋਲਦੀ, ਉਹ ਮੈਨੂੰ ਬਹੁਤ ਚੰਗੀ ਲਗਦੀ, ਮੈਂ ਵੀ ਪੋਠੋਹਾਰੀ ਬੋਲਣੀ ਆਪਣੀ ਦਾਦੀ ਤੋਂ ਸਿੱਖੀ। ਘਰ ਵਿਚ ਪੰਜਾਬੀ ਦੀ ਅਖਬਾਰ ਤੇ ਮੈਗਜ਼ੀਨ ਆਉਂਦੇ ਸਨ, ਜੋ ਮੈਨੂੰ ਪੜ੍ਹਨ ਦਾ ਮੌਕਾ ਮਿਲਦਾ ਤੇ ਜਿਸ ਨਾਲ ਮੈਨੂੰ ਥੋੜਾ-ਥੋੜਾ ਲਿਖਣ ਦੀ ਵੀ ਚੇਟਕ ਲਗ ਗਈ।

7. ਨੀਟਾ ਜੀ ਤੁਸੀਂ ਦੱਸਿਆ ਕਿ ਤੁਹਾਡੇ ਘਰ ਪੰਜਾਬੀ ਦੇ ਕਈ ਰਸਾਲੇ ਆਉਂਦੇ ਸਨ ਸੋ ਤੁਸੀਂ ਕਿਹੜੇ ਕਵੀਆਂ ਤੋਂ ਪ੍ਰਭਾਵਿਤ ਹੋਏ? 

ਸੁਰਜੀਤ ਜੀ, ਮੈਨੂੰ ਅਮ੍ਰਿਤਾ ਪ੍ਰੀਤਮ ਹੋਰਾਂ ਦੀ ਕਵਿਤਾ ਤੇ ਬਾਕੀ ਕਿਤਾਬਾਂ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਜਦ ਮੈਂ ਸਕੂਲ ਵਿਚ ਪੜ੍ਹਦੀ ਸਾਂ, ਉਸ ਵਕਤ ਮੈਨੂੰ ਅਮ੍ਰਿਤਾ ਪ੍ਰੀਤਮ ਦੀ ਕਿਤਾਬ ਪੜ੍ਹਨ ਤੋਂ ਮਨਾਹੀ ਸੀ। ਮੈਂ ਉਹਨਾਂ ਦੀਆਂ ਕਿਤਾਬਾਂ ਚੋਰੀ ਚੋਰੀ ਪੜ੍ਹਦੀ ਤੇ ਕਈ ਵਾਰ ਫੜੇ ਜਾਣ ਤੇ ਝਿੜਕਾਂ ਵੀ ਖਾਧੀਆਂ। ਪਤਾ ਨਹੀਂ ਕਿਉਂ ਕਿਸੇ ਨੇ ਮੇਰੇ ਘਰ ਦਿਆਂ ਦੇ ਦਿਮਾਗ ਵਿਚ ਇਹ ਗੱਲ ਪਾ ਦਿਤੀ ਸੀ ਕਿ ਅਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਪੜ੍ਹਨ ਨਾਲ ਕੁੜੀਆਂ ਵਿਗੜ ਜਾਂਦੀਆਂ ਹਨ ਪਰ ਉਹ ਸ਼ਾਇਦ ਇਹ ਨਹੀਂ ਸਨ ਜਾਣਦੇ ਕਿ ਅਮ੍ਰਿਤਾ ਪ੍ਰੀਤਮ ਦੀਆਂ ਕਿਤਾਬਾਂ ਪੜ੍ਹ ਕੇ ਤਾਂ ਔਰਤ ਦੀ ਚੇਤਨਾ ਜਾਗਦੀ ਹੈ। ਇਸ ਤੋਂ ਇਲਾਵਾ ਮੈਂ ਪ੍ਰੋ: ਮੋਹਨ ਸਿੰਘ, ਕੁਲਵੰਤ ਸਿੰਘ ਵਿਰਕ, ਪ੍ਰੋ ਦਲੀਪ ਸਿੰਘ ਦੀਪ ਹੋਰਾਂ ਨੂੰ ਕਾਫੀ ਪੜ੍ਹਿਆ ਹੈ। ਯੂਨੀਵਰਸਿਟੀ ਦੇ ਦਿਨਾਂ ਦੇ ਦੌਰਾਨ ਮੈਨੂੰ ਇਹਨਾਂ ਨਾਲ ਅਕਸਰ ਮਿਲ ਬੈਠਣ ਦਾ ਮੌਕਾ ਵੀ ਮਿਲਦਾ ਰਿਹਾ।

8. ਖੁਸ਼ਕਿਸਮਤ ਹੋ ਕਿ ਵੱਡੇ ਲੇਖਕਾਂ ਦੀ ਸੋਹਬਤ ਵਿਚ ਤੁਹਾਡੀ ਕਵਿਤਾ ਪਨਪੀ, ਆਪਣੀ ਕਾਵਿ-ਸਿਰਜਣ ਪ੍ਰਕ੍ਰਿਆ ਨਾਲ ਸਾਡੀ ਸਾਂਝ ਪੁਆਓ। ਤੁਸੀਂ ਹੁਣ ਤੱਕ ਕਿੰਨੀਆਂ ਕਾਵਿ-ਪੁਸਤਕਾਂ ਲਿਖ ਚੁੱਕੇ ਹੋ? ਆਪਣੀ ਕੋਈ ਪਸੰਦੀਦਾ ਕਵਿਤਾ ਵੀ ਸਾਡੇ ਨਾਲ ਸਾਂਝੀ ਕਰੋ।

 ਮੈਂ ਜਿ਼ਆਦਾਤਾਰ ਖੁੱਲੀ ਕਵਿਤਾ ਹੀ ਲਿਖਦੀ ਹਾਂ, ਬੰਦਿਸ਼ ਵਿਚ ਕਵਿਤਾ ਮੈਂ ਬਹੁਤ ਘੱਟ ਲਿਖੀ ਹੈ। ਹੁਣ ਤੱਕ ਮੇਰੀ ਇਕ ਕਿਤਾਬ, ਪੰਜਾਬੀ ਕਵਿਤਾਵਾਂ ਦੀ “ਅੰਦਰਲੀ ਪੱਤਝੜ” ਛਪੀ ਹੈ। ਦੂਸਰੀ ਕਿਤਾਬ ਤੇ ਮੈਂ ਕੰਮ ਕਰ ਰਹੀ ਹਾਂ।

ਇਹ ਕਵਿਤਾ ਮੇਰੇ ਬਹੁਤ ਦਿਲ ਦੇ ਕਰੀਬ ਹੈ। ਸਾਡੇ ਘਰ ਜਦ ਤੀਜੀ ਭੈਣ ਨੇ ਜਨਮ ਲਿਆ ਤਾਂ ਦਾਦੀ ਹਰ ਰੋਜ਼ ਹੀ ਉਸਨੂੰ ਖਿਡਾਉਂਦਿਆਂ ਆਖਦੀ, ਕਿੰਨਾ ਚੰਗਾ ਹੁੰਦਾ ਜੇ ਪੁੱਤਰ ਬਣ ਕੇ ਆਉਂਦੀਓਂ। ਇਹ ਸੁਣ ਕੇ ਮੈਂ ਬਹੁਤ ਉਦਾਸ ਹੋ ਜਾਂਦੀ। ਇਹ ਗਲ ਮੈਨੂੰ ਬੜੇ ਵਰ੍ਹੇ ਤੰਗ ਕਰਦੀ ਰਹੀ ਤੇ ਇਕ ਦਿਨ ਇਸ ਨੇ ਕਵਿਤਾ ਦਾ ਰੂਪ ਲਿਆ। ਹੁਣ ਮੈਂ ਉਦਾਸ ਨਹੀਂ ਹਾਂ।

 

ਪੀੜਾਂ

ਹੇ ਰਾਮ, ਮੈਨੂੰ ਵੀ ਤੇਰੇ ਵਾਂਗ

ਘਰੋਂ ਬੇਘਰ ਹੋ ਕੇ ਦਰ ਦਰ

ਭਟਕਣਾ ਪਿਆ ਸੀ[

ਇਨਾਂ ਲੰਬਾ ਬਨਵਾਸ

ਪਤਾ ਨਹੀਂ ਕਿਹੜੇ ਕਿਹੜੇ

ਗੁਆਚੇ ਰਿਸ਼ੰਤਿਆਂ ਦੀ ਭਾਲ ਵਿਚ,

ਜਦ ਬਨਵਾਸ ਤੋਂ ਵਾਪਿਸ ਪਰਤੀ

ਨਾ ਮਾਂ ਲੱਭੀ ਨਾ ਬਾਪ,

ਫੇਰ ਮੈਂ ਆਪ ਹੀ ਬਨਵਾਸ ਲੈ ਬੈਠੀ ਸਾਂ

ਪਰਤਣ ਦੇ ਖਿਆਲ ਨੂੰ ਪਰ੍ਹੇ ਕਰ ਕੇ।

 

ਉਮਰੋ ਲੰਬੀਆਂ ਪੀੜਾਂ ਲੈ ਕੇ

ਜੰਮਦੀ ਹੋਵੇਗੀ ਉਹ ਧੀ

ਜਿਸ ਦੇ ਜੰਮਣ ਵੇਲੇ

ਪੁੱਤਰ ਦੀ ਉਮੀਦ ਹੁੰਦੀ ਹੈ ਮਾਂ ਨੂੰ।

 

ਪੀੜ ਕਿ ਝੱਲੀ ਨਹੀਂ ਜਾਂਦੀ

ਸਾਰੇ ਪਾਸੇ ਮੌਤ ਵਰਗੀ ਸੁੰਨ

ਇਹ ਸੋਚ ਕੇ ਅਜ ਵੀ ਮੈਂ ਘਬਰਾਂਦੀ ਆਂ,

 

ਇਹ ਘਰ ਮੇਰਾ ਏ ਕਿ ਨਹੀ?

ਬਸ ਮਹਿਮਾਨ ਹੀ ਹਾਂ ਮੈਂ?

ਪਰ ਕਿਵੇਂ ਭੁਲਾਵਾਂ ਮੈਂ ਮਾਂ?

ਜਦੋਂ ਤੂੰ ਮੇਰਾ ਚੇਹਰਾ ਤਕਦਿਆਂ

ਉਦਾਸ ਹੋ ਕੇ ਆਖਿਆ ਸੀ,

ਮਰ ਜਾਣੀਏੇ – ਕਿੰਨਾ ਚੰਗਾ ਹੁੰਦਾ

ਜੇ ਮੁੰਡਾ ਬਣ ਕੇ ਆਂਦੀE!

 

ਪਿਛਲੇ ਕਮਰੇ ਵਿਚ ਰਖੀਆਂ

ਸ਼ਰਾਬ ਦੀਆਂ ਬੋਤਲਾਂ ਲੁਕੋ ਛਡੀਆਂ ਸਨ

ਮਠਿਆਈ ਵਾਲੇ ਨੂੰ ਦਿਤਾ ਆਰਡਰ ਵੀ ਤੇ

ਕੈਂਸਲ ਕਰ ਦਿਤਾ ਸੀ

ਤੂੰ ਕੁਝ ਵੀ ਨਹੀਂ ਸੀ ਬੋਲੀ

ਦਾਦੀ ਕਿੰਨੇ ਦਿਨ ਸੋਗ ਮਨਾਂਦੀ ਰਹੀ ਸੀ

ਲੈ ਫੇਰ ਆ ਗਿਆ ਪੱਥਰ।

 

ਇਸ ਵਾਰ ਡਾਕਟਰ ਨੇ ਪੂਰੀ ਉਮੀਦ ਦਿਤੀ ਸੀ

ਪੁੱਤਰ ਹੀ ਹੋਵੇਗਾ

ਨਾਲੇ ਤੂੰ ਸੰਤਾਂ ਕੋਲੋਂ ਦਵਾਈ ਵੀ ਤੇ

ਲਈ ਸੀ ਨਾ ਮਾਂ?

 

ਮੈਂ ਤੇਰੀ ਝੋਲੀ ਵਿਚ ਲੇਟੀ ਤਕ ਰਹੀ ਸਾਂ

ਤੰੂ ਮੇਰੇ ਚੇਹਰੇ ਵਿਚੋਂ ਉਸ ਪੁੱਤਰ ਦਾ

ਚੇਹਰਾ ਲਭਦੀ

ਤੇ ਫੇਰ ਉਦਾਸ ਹੋ ਕੇ ਇਹੋ ਆਖਦੀ

ਮਰ ਜਾਣੀਏ- ਕਿੰਨਾ ਚੰਗਾ ਹੁੰਦਾ

ਜੇ ਮੁੰਡਾ ਬਣ ਕੇ ਆਂਦੀE!

 

9. ਮੈਂ ਵੇਖਿਆ ਹੈ ਕਿ ਤੁਸੀਂ ਵੱਡੇ ਵੱਡੇ ਪੰਜਾਬੀ ਕਲਾਕਾਰਾਂ ਦੀ ਸਟੇਜ ਵੀ ਹੋਸਟ ਕਰਦੇ ਹੋ, ਇਹ ਸਬੱਬ ਕਿਵੇਂ ਬਣਿਆ?

ਮੇਰੇ ਲਈ ਬੜੇ ਮਾਣ ਵਾਲੀ ਗਲ ਹੈ ਕਿ ਮੈਨੂੰ ਪੰਜਾਬੀ ਦੇ ਕਲਾਕਾਰਾਂ ਲਈ ਸਟੇਜ ਹੋਸਟ ਕਰਨ ਦਾ ਮੌਕਾ ਮਿਲਿਆ, ਜਿਵੇਂ ਕਿ ਸਤਿੰਦਰ ਸਰਤਾਜ, ਨੂਰਾਂ ਸਿਸਟਰਜ਼ ਤੇ ਹੋਰ ਕਈ ਕਵੀ ਦਰਬਾਰਾਂ ਤੇ ਮੁਸ਼ਾਇਰੇ ਤੇ ਵੀ ਹੋਸਟ ਕਰਨ ਦਾ ਮੌਕਾ ਮਿਲਿਆ। ਇਹ ਸਬੱਸ ਸਕੂਲ ਤੋਂ ਬਣਿਆ। ਸ੍ਰੀ ਗੁਰੁ ਨਾਨਕ ਦੇਵ ਜੀ ਦੇ 500 ਸਾਲਾ ਪ੍ਰਕਾਸ਼ ਉਤਸਵ ਤੇ ਲੁਧਿਆਣੇ ਵਿਚ ਤਕਰੀਬਨ 32 ਸਕੂਲਾਂ ਦੀ ਭਾਸ਼ਨ ਪ੍ਰਤੀਯੋਗਤਾ ਦਾ ਮੁਕਾਬਲਾ ਸੀ ਤੇ ਮੇਰੇ ਸਕੂਲ ਵਲੋਂ ਮੈਨੂੰ ਬੋਲਣ ਲਈ ਤਿਆਰ ਕੀਤਾ ਗਿਆ। ਮੈਨੂੰ ਅੱਜ ਵੀ ਯਾਦ ਹੈ ਕਿ ਮੈਂ “ਮਿਠੱਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤੱਤ” ਤੇ ਬੋਲਿਆ ਸੀ। ਖੁਸ਼ੀ ਵਾਲੀ ਗਲ ਇਹ ਰਹੀ ਕਿ ਮੈਨੂੰ ਉਸ ਪ੍ਰਤੀਯੋਗਤਾ ਵਿਚੋਂ ਪਹਿਲਾਂ ਇਨਾਮ ਮਿਲਿਆ, ਜਿਸ ਨੇ ਮੇਰਾ ਹੌਸਲਾ ਬਹੁਤ ਵਧਾਇਆ। ਉਸ ਤੋਂ ਬਾਦ ਆਲ ਇੰਡੀਆਂ ਰੇਡੀਓ ਜਲੰਧਰ ਤੋਂ ਵੀ ਬੋਲਣ ਦਾ ਮੌਕਾ ਮਿਲਿਆ। ਇਕ ਵਾਰ ਯੂਨੀਵਰਸਿਟੀ ਦੇ ਦਿਨਾਂ ਦੇ ਦੌਰਾਨ, ਮੈਡਮ ਨਰਿੰਦਰ ਬੀਬਾ ਯੂਨੀਵਰਸਿਟੀ ਆਏ ਸਨ ਤੇ ਉਹਨਾਂ ਦੇ ਸਵਾਗਤ ਵਿਚ ਇਕ ਪ੍ਰੋਗ੍ਰਾਮ ਰੱਖਿਆ ਗਿਆ ਸੀ, ਮੇਰੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਰਹੀ ਜਦੋਂ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਨੇ ਮੈਂਨੂੰ ਸਟੇਜ ਦੀ ਕਾਰਵਾਈ ਕਰਨ ਲਈ ਕਿਹਾ। ਖੁਸ਼ੀ ਦੇ ਨਾਲ ਨਾਲ ਮੈਂ ਘਬਰਾਈ ਵੀ ਹੋਈ ਸਾਂ ਪਰ ਪ੍ਰੋਗ੍ਰਾਮ ਬਹੁਤ ਵਧੀਆ ਰਿਹਾ। ਮੇਰੇ ਵਾਸਤੇ ਉਹ ਇਕ ਯਾਦਗਾਰੀ ਦਿਨ ਹੈ।

 

12. ਤੁਸੀਂ ਮੂਲ ਰੂਪ ਵਿਚ ਇਕ ਕਵੀ ਹੋ ਕਵਿਤਾ ਨਾਲ ਤੁਹਾਡਾ ਕਿਹੋ ਜਿਹਾ ਰਿਸ਼ਤਾ ਹੈ ਅਤੇ ਕਿਸ ਤਰ੍ਹਾਂ ਦੀ ਕਵਿਤਾ ਤੁਹਾਨੂੰ ਵਧੇਰੇ ਪ੍ਰਭਾਵਿਤ ਕਰਦੀ ਹੈ?

 

 ਔਰਤ ਹਾਂ ਔਰਤ ਦੇ ਦਰਦ ਨੂੰ ਵੱਧ ਮਹਿਸੂਸ ਕਰਦੀ ਹਾਂ। ਔਰਤ ਨੂੰ ਕਦੇ ਵੀ ਸਮਾਜ ਨੇ ਖੁੱਲੇ ਦਿਲ ਨਾਲ ਸਵੀਕਾਰਿਆ ਨਹੀਂ, ਆਖਿਆ ਜਰੂਰ ਜਾਂਦਾ ਹੈ ਕਿ ਔਰਤ ਨੂੰ ਪੂਰੇ ਹੱਕ ਹਨ ਪਰ ਉਸਦੇ ਮਨ ਦੀ ਆਵਾਜ਼ ਕਿਸੇ ਨੇ ਕਦੀ ਨੇੜੇ ਹੋ ਕੇ ਸੁਣਨ ਦੀ ਸ਼ਾਇਦ ਕੋਸਿ਼ਸ਼ ਨਹੀਂ ਕੀਤੀ। ਇਹੋ ਜਿਹੀ ਹਾਲਤ ਵਿਚ ਜਦ ਵੀ ਕੁਝ ਕਹਿਣ ਨੂੰ ਜੀ ਕਰਦਾ ਹੋਵੇ ਤੇ ਕੋਈ ਸੁਣਨ ਵਾਲਾ ਵੀ ਨਾ ਹੋਵੇ ਤਾਂ ਉਸ ਵਕਤ ਕਲਮ ਬਹੁਤ ਵੱਡਾ ਸਹਾਰਾ ਬਣਦੀ ਹੈ। ਬਹੁਤ ਸਾਰੀਆਂ ਅਣਕਹੀਆਂ ਗੱਲਾਂ ਮਨ ਤੇ ਭਾਰੂ ਹੁੰਦੀਆਂ ਰਹੀਆਂ ਤੇ ਉਹ ਭਾਵਨਾਵਾਂ ਕਦੇ ਕਦੇ ਕਵਿਤਾਵਾਂ ਵਿਚ ਪਰੋਂਦੀ ਰਹੀ।

13. ਤੁਸੀਂ ਬਹੁਤ ਸਮੇਂ ਤੋਂ ਦੁਭਾ’ਸੀਏ ਦਾ ਕੰਮ ਕਰਦੇ ਹੋ, ਇਹ ਕੰਮ ਤੁਹਾਨੂੰ ਕਿੰਨਾਂ ਕੁ ਔਖਾ ਲੱਗਦਾ

ਹੈ?

ਮੈਂਨੂੰ ਕਿੱਤੇ ਵਜੋਂ ਦੁਭਾਸ਼ੀਏ ਦਾ ਕੰਮ ਕਰਦੇ 30 ਵਰ੍ਹੇ ਤੋਂ ਵੀ ਵੱਧ ਹੋ ਗਏ ਹਨ। ਇਹ ਕੰਮ ਬਹੁਤ ਦਿਲਚਸਪ ਹੈ, ਇਸ ਕੰਮ ਵਿਚ ਹਰ ਰੋਜ਼ ਲਫਜ਼ਾਂ ਦੀ ਫਸਲ ਵਿਚ ਵਾਧਾ ਹੁੰਦਾ ਹੈ, ਨਵੇਂ ਨਵੇਂ ਸ਼ਬਦ ਸੁਣਨ  ਨੂੰ ਮਿਲਦੇ ਹਨ। ਏਸ ਕੰਮ ਦੇ ਨਾਲ ਕਾਨੂੰਨੀ ਸ਼ਬਦਾਵਲੀ ਵਿਚ ਹਰ ਰੋਜ਼ ਨਵਾਂ ਸਿੱਖਣ ਨੂੰ ਮਿਲਦਾ ਹੈ। ਮੈਨੂੰ ਆਪਣਾ ਕੰਮ ਬਹੁਤ ਚੰਗਾ ਲਗਦਾ ਹੈ।

 

 

14. ਕੀ ਤੁਹਾਡੇ ਕਿੱਤੇ ਜਾਂ ਕੈਨੇਡਾ ਦੀ ਜ਼ਿੰਦਗੀ ਨੇ ਤੁਹਾਡੀ ਕਵਿਤਾ ਤੇ ਕੋਈ ਪ੍ਰਭਾਵ ਪਾਇਆ?

ਮੇਰੇ ਕਿੱਤੇ ਨੇ ਤੇ ਕਨੇਡਾ ਦੀ ਜਿ਼ੰਦਗੀ ਨੇ ਮੇਰੀ ਕਵਿਤਾ ਤੇ ਕਾਫੀ ਅਸਰ ਪਾਇਆ ਹੈ। ਜੋ ਕੁਝ ਆਲੇ ਦੁਆਲੇ ਵਾਪਰਦਾ ਹੈ ਜਾਂ ਫਿਰ ਅਕਸਰ ਮੇਰੇ ਕੰਮ ਤੇ ਸੁਣਨ ਤੇ ਵੇਖਣ ਨੂੰ ਮਿਲਦਾ ਹੈ, ਉਹ ਕਾਫੀ ਅਣਸੁਖਾਂਵਾਂ ਹੁੰਦਾ ਹੈ। ਬਹੁਤ ਅਣਜੋੜ ਵਿਆਹਾਂ ਵਿਚ ਖਿਆਲਾਂ ਦਾ ਨਾ ਮਿਲਣਾ ਬਹੁਤੀ ਵਾਰ ਵਖਰੇਵੇਂ ਪੈਦਾ ਕਰ ਦਿੰਦਾ ਹੈ ਤੇ ਕਈ ਵਾਰ ਪਰਿਵਾਰਿਕ ਹਿੰਸਾ ਵੀ ਹੁੰਦੀ ਹੈ ਤੇ ਬਹੁਤ ਸਾਰੀਆਂ ਔਰਤਾਂ ਇਸ ਦਾ ਸਿ਼ਕਾਰ ਹੁੰਦੀਆਂ ਹਨ, ਜੋ ਮੈਨੂੰ ਕੰਮ ਤੇ ਅਕਸਰ ਵੇਖਣ ਨੂੰ ਮਿਲਦੀ ਹੈ। ਪੰਜਾਬੀ ਔਰਤ ਜੋ ਸੋਚ ਕੇ ਕਨੇਡਾ ਆਉਂਦੀ ਹੈ, ਉਹ ਜਦ ਏਥੇ ਨਹੀਂ ਮਿਲਦਾ ਤਾਂ ਉਸਨੂੰ ਇਕ ਖਲਾਅ ਤੇ ਭਟਕਣ ਦਾ ਜੀਵਨ ਜੀਊਣਾ ਪੈਂਦਾ ਹੈ। ਅਜਿਹੇ ਅਹਿਸਾਸ ਮੇਰੀ ਕਵਿਤਾ ਤੇ ਪ੍ਰਭਾਵ ਪਾਉਂਦੇ ਹਨ।

ਅੱਖਰਾਂ ਦੀ ਛਣਕਾਰ, ਸੱਜਣ ਜੀ, ਜੀਅ ਪਈਏ

ਅੱਖਰਾਂ ਦੀ ਤਲਵਾਰ, ਸੱਜਣ ਜੀ, ਮਰ ਜਾਈਏ

17. ਟੋਰਾਂਟੋ ਦਾ ਸਾਹਿਤਕ ਮਾਹੌਲ ਕਿਹੋ ਜਿਹਾ ਲੱਗਦਾ ਹੈ? ਕੀ ਸਾਹਿਤਕ ਸੰਸਥਾਵਾਂ ਸਾਹਿਤ ਦੀ ਬਿਹਤਰੀ ਲਈ ਕੁਝ ਕਰ ਸਕਦੀਆਂ ਹਨ?

ਟੋਰਾਂਟੋ ਦਾ ਸਾਹਿਤਕ ਮਾਹੌਲ ਬਹੁਤ ਵਧੀਆ ਹੈ। ਕਿੰਨਾਂ ਚੰਗਾ ਹੋ ਜਾਵੇ ਜੇ ਸਾਰੀਆਂ ਸਾਹਿਤਕ ਸੰਸਥਾਵਾਂ ਇਕੱਠੀਆਂ ਹੋ ਜਾਣ। ਕਾਂਫੀ ਕੰਮ ਹੋ ਰਿਹਾ ਹੈ, ਹਰ ਹਫਤੇ ਹੀ ਕਿਤੇ ਨਾ ਕਿਤੇ ਕਵੀ ਦਰਬਾਰ ਜਾਂ ਹੋਰ ਸਾਹਿਤਕ ਪ੍ਰੋਗ੍ਰਾਮ ਹੁੰਦੇ ਹਨ। ਉਹਨਾਂ ਪ੍ਰੋਗ੍ਰਾਮਾਂ ਵਿਚ ਬਾਹਰੋ ਆਏ ਲੇਖਕਾਂ ਤੇ ਕਲਾਕਾਰਾਂ ਦਾ ਖਾਸ ਸਵਾਗਤ ਕੀਤਾ ਜਾਂਦਾ ਹੈ, ਇਹ ਬਹੁਤ ਵੀਆ ਗੱਲ ਹੈ।

18. ਕੁਝ ਆਪਣੇ ਵੱਲੋਂ...

ਸੁਰਜੀਤ ਜੀ ਇਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ।

 

No comments:

Post a Comment