Saturday, March 8, 2014

ਦਾ ਫ਼ੇਮਸ ਫਾਈਵ- ਸੰਘਰਸ਼ ਦੇ ਰਾਹ ਤੇ ਔਰਤ

ਦਾ ਫ਼ੇਮਸ ਫਾਈਵ- ਸੰਘਰਸ਼ ਦੇ ਰਾਹ ਤੇ ਔਰਤ


                                                                                                                                                                                                                               
ਤਕਰੀਬਨ ਸਾਰੀ ਦੁਨੀਆਂ ਵਿਚ ਹੀ ਔਰਤ ਨੇ ਆਪਣੇ ਹੱਕਾਂ ਲਈ ਇਕ ਲੰਬੀ ਲੜਾਈ ਲੜੀ ਹੈ। ਇਤਿਹਾਸ, ਮਿਥਿਹਾਸ ਅਤੇ ਸਾਹਿਤ ਵਿਚ ਇਸਦੀਆਂ ਬਹੁਤ ਸਾਰੀਆਂ ਮਿਸਾਲਾਂ ਮਿਲ ਜਾਂਦੀਆਂ ਹਨ। ਅਮਰੀਕਾ ਅਤੇ ਕੈਨੇਡਾ ਵਰਗੇ ਅਗਾਂਹਵਧੂ ਦੇਸ਼ਾਂ ਵਿਚ ਵੀ ਔਰਤ ਨੂੰ ਮਰਦ ਤੋਂ ਪਿਛਾਂਹ ਰੱਖਿਆ ਜਾਂਦਾ ਹੈ ਪਰ ਔਰਤ ਨੇ ਕਦੇ ਹਾਰ ਨਹੀਂ ਮੰਨੀ। ਉਹ ਆਪਣੇ ਹੱਕਾਂ ਲਈ ਨਿਰੰਤਰ ਜਦੋ-ਜਹਿਦ ਕਰਦੀ ਰਹੀ ਹੈ।
ਮੈਂ ਵੀਂਹਵੀਂ ਸਦੀ ਦੀਆਂ ਕੁਛ ਨਾਰਥ ਅਮਰੀਕਨ ਔਰਤਾਂ ਦੀ ਜਦੋ-ਜਹਿਦ ਦੀ ਗਲ ਛੂਹਣ ਜਾ ਰਹੀ ਹਾਂ। ਚਲੋ, ਗੱਲ ਕਰਦੇ ਹਾਂ ਪ੍ਰਸਿੱਧ ‘ਐਕਟਿਵਿਸਟ’ ਤੇ ‘ਫੈਮੀਨਿਸਟ’ ਰੋਜ਼ਾ ਪਾਰਕਸ ਦੀ। ਉਹ ਐਲਾਬਾਮਾ ਵਿਚ ਪੈਦਾ ਹੋਈ। ਸਾਰੀ ਜਿੰਦਗੀ ਗਰੀਬੀ ਨਾਲ ਘੁਲਦੀ ਰਹੀ ਪਰ ਮਨੁੱਖੀ ਅਧਿਕਾਰਾਂ ਲਈ ਉਸਦੀ ਦੇਣ ਅਦੁੱਤੀ ਤੇ ਬੇਮਿਸਾਲ ਹੈ। ਇਕ ਦਿਨ ਉਹ ਬਸ ਵਿਚ ਸਫ਼ਰ ਕਰ ਰਹੀ ਸੀ ਕਿ ਇਕ ਗੋਰੇ ਯਾਤਰੂ ਨੇ ਉਸ ਨੂੰ ਸੀਟ ਤੋਂ ਉਠ ਜਾਣ ਲਈ ਕਿਹਾ। ਗੱਲ ਇਹ ਸੀ ਕਿ ਉਨ੍ਹਾਂ ਦਿਨਾਂ ਵਿਚ ਕਾਨੂੰਨੀ ਤੌਰ ਤੇ ਬੱਸਾਂ ਵਿਚ ਬੈਠੇ ਕਾਲਿਆਂ ਨੂੰ ਗੋਰੇ ਯਾਤਰੂਆਂ ਲਈ ਸੀਟ ਛੱਡਣੀ ਪੈਂਦੀ ਸੀ। ਰੋਜ਼ਾ ਨੇ ਸੀਟ ਤੋਂ ਉੱਠਣ ਤੋਂ ਇਨਕਾਰ ਕਰ ਦਿਤਾ ਭਾਂਵੇ ਇਸ ਲਈ ਉਸਨੂੰ ਕਾਨੂੰਨੀ ਸਜ਼ਾ ਭੁਗਤਣੀ ਪਈ। ਜੇ ਉਸ ਦਿਨ ਰੋਜ਼ਾ ਬਸ ਵਿਚ ਆਪਣੀ ਸੀਟ ਛਡ ਦਿੰਦੀ ਤਾਂ ਅੱਜ ਪੱਛਮੀਂ ਦੇਸ਼ਾਂ ਵਿਚ ਸਾਡੀ ਸਾਰਿਆਂ ਦੀ ਹਾਲਤ ਉਹੋ ਹੀ ਹੋਣੀ ਸੀ ਜੋ ਉਸ ਵੇਲੇ ਕਾਲਿਆਂ ਦੀ ਸੀ। ਟਿਕਟ ਲੈ ਕੇ ਬਸ ਦੀ ਸੀਟ ਤੇ ਬਹਿਣ ਦੇ ਆਪਣੇ ਅਧਿਕਾਰ ਨੂੰ ਨਾ ਸਮਝਕੇ ਜੇ ਗੋਰਿਆਂ ਨੂੰ ਆਪਣੀ ਸੀਟ ਦੇਣੀ ਰੋਜ਼ਾ ਨੂੰ ਮਨਜ਼ੂਰ ਹੋ ਜਾਂਦੀ ਤਾਂ ਅੱਜ ‘ਅਮਰੀਕਨ ਸਿਵਲ ਰਾਈਟਸ’ ਦਾ ਮੁਹਾਂਦਰਾ ਕੁਛ ਹੋਰ ਹੀ ਹੁੰਦਾ।
ਐਲਿਸ ਵਾਕਰ ਇਕ ਅਫ਼ਰੀਕਨ ‘ਐਕਟਿਵਿਸਟ’ ਤੇ ਸੰਸਾਰ ਪ੍ਰਸਿੱਧ ਔਰਤ ਲੇਖਕ ਹੈ। ਉਸਨੇ ਔਰਤ ਦੇ  ਸੰਘਰਸ਼ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਉਸਨੇ ਇਨਾਮ ਜ਼ਾਫ਼ਤਾ ਨਾਵਲ ‘ਦਾ ਕਲਰ ਪਰਪਲ’ ਲਿਖ ਕੇ ਲਿਤਾੜੀਆਂ ਹੋਈਆਂ ਅਫ਼ਰੀਕਨ ਔਰਤਾਂ ਦੇ ਹੱਕ ਵਿਚ ਆਵਾਜ਼ ਉਠਾਉਣ ਦੀ ਜ਼ੁਰੱਅਤ ਕੀਤੀ। ਇਸ ਨਾਵਲ ਵਿਚ ਉਸਨੇ 1930 ਵਿਚ ਅਮਰੀਕਾ ਦੀ ਜੌਰਜੀਆ ਸਟੇਟ ‘ਚ ਵਸਦੇ ਅਫ਼ਰੀਕਨ ਖੇਤ ਮਜ਼ਦੂਰਾਂ ਦੁਆਰਾ ਆਪਣੀਆਂ ਔਰਤਾਂ ਤੇ ਕੀਤੇ ਜਾਣ ਵਾਲੇ ਸ਼ਰੀਰਕ ਤੇ ਮਾਨਸਿਕ ਸੋਸ਼ਣ ਦੀ ਇਕ ਦਿਲ-ਦਹਿਲਾ ਦੇਣ ਵਾਲੀ ਤਸਵੀਰ ਪੇਸ਼ ਕੀਤੀ ਹੈ। ਬੁਰੀ ਤਰ੍ਹਾਂ ਪਿਸ ਰਹੀਆਂ ਇਹਨਾਂ ਔਰਤਾਂ ਵਿਚੋਂ ਹੀ ਇਕ ਔਰਤ ਸੀਲੀ ਦੂਜੀਆਂ ਔਰਤਾਂ ਨੂੰ ਪ੍ਰੇਰਣਾ ਦਿੰਦੀ ਹੈ। ਇਸ ਪ੍ਰੇਰਣਾ ਸਦਕਾ ਇਹ ਔਰਤਾਂ ਇਕੱਠੀਆਂ ਹੋਕੇ ਆਪਣੇ ਪਤੀਆਂ ਵਲੋਂ ਹੋ ਰਹੇ ਤਸ਼ੱਦਦ ਦੇ ਵਿਰੁੱਧ ਖੜ੍ਹੀਆਂ ਹੋ ਜਾਂਦੀਆਂ ਹਨ। ਉਸ ਵੇਲੇ ਉਹਨਾਂ ਔਰਤਾਂ ਨੂੰ ਮਰਦ ਦੇ ਪੈਰਾਂ ਜਾਂ ਗੋਡਿਆਂ ਵਲ ਵੇਖ ਕੇ ਹੀ ਗੱਲ ਕਰਨ ਦੀ ਇਜਾਜ਼ਤ ਹੁੰਦੀ ਸੀ। ਸੀਲੀ ਦੀ ਹਿੰਮਤ ਨਾਲ ਉਹਨਾਂ ਵਿਚ ਸਵੈਮਾਣ ਤੇ ਭਰੋਸਾ ਭਰ ਜਾਂਦਾ ਹੈ। ਉਹ ‘ਸਿਸਟਰਹੁੱਡ’ ਵਿਚ ਇਕਜੁੱਟ ਹੁੰਦੀਆਂ ਹਨ ਅਤੇ ਆਪਣੇ ਤੇ ਹੋ ਰਹੇ ਤਸ਼ੱਦਦ ਵਿਰੁੱਧ ਲੜ੍ਹਦੀਆਂ ਹਨ, ਕਸੀਦਾਕਾਰੀ ਨਾਲ ਆਰਥਿਕ ਅਜਾ਼ਦੀ ਹਾਸਿਲ ਕਰਦੀਆਂ ਹਨ, ਗਰੀਬੀ, ਲਿੰਗ-ਭੇਦ, ਜੌਨ-ਸੋਸ਼ਣ ਅਤੇ ਜਾਤੀਵਾਦ ਦਾ ਰਲ ਕੇ ਵਿਰੋਧ ਕਰਦੀਆਂ ਹਨ।
1985 ਵਿਚ ਇਸੇ ਨਾਵਲ ਤੇ ਸਟੀਵਨ ਸਪੀਲਬਰਗ ਨੇ ਇਕ ਫਿਲਮ ਬਣਾਈ ਸੀ ਜਿਸਨੇ ਓਸਕਰ ਅਵਾਰਡ ਜਿਤਿੱਆ। ਇਸ ਵਿਚ ਵੂਫ਼ੀ ਗੋਲਡਬਰਗ ਅਤੇ ਓਪਰਾ ਵਿਨਫ਼ਰੇ ਨੇ ਅਦਾਇਗੀ ਕੀਤੀ । ਜੇ ਓਪਰਾ ਵਿਨਫ਼ਰੇ ਦੀ ਗੱਲ ਕਰੀਏ ਤਾਂ ਉੱਹ ਅਜ ਦੇ ਮੀਡੀਏ ਦੀ ਦੁਨੀਆ ਦੀ ਇਕ ਸੁਪ੍ਰਸਿੱਧ ਹਸਤੀ, ਮਾਨਵ-ਪ੍ਰੇਮ ਦੇ ਜਜ਼ਬੇ ਨਾਲ ਭਰਪੂਰ ਸ਼ਖਸੀਅਤ ਅਤੇ ਵੀਹਵੀਂ ਸਦੀ ਦੀ ਸਭ ਤੋਂ ਅਮੀਰ ਅਫ਼ਰੀਕਨ ਅਮਰੀਕਨ ਔਰਤ ਹੈ। ਉਹ ਮਿਸੀਸਿੱਪੀ ਵਿਚ ਇਕ ਬਹੁਤ ਹੀ ਗਰੀਬ ਘਰ ਵਿਚ ਪੈਦਾ ਹੋਈ। ਗਰੀਬੀ ਕਾਰਣ ਬਚਪਨ ਵਿਚ ਉਸ ਨੇ ਦਰ ਦਰ ਦੀਆਂ ਠੋਕਰਾਂ ਖਾਧੀਆਂ। ਨਿੱਕੀ ਉਮਰੇ ਆਪਣੇ ਅਨੇਕਾਂ ਰਿਸ਼ਤੇਦਾਰਾਂ ਤੇ ਹੋਰ ਮਰਦਾਂ ਦੀ ਹਵਸ ਦਾ ਸਿ਼ਕਾਰ ਹੋਈ। ਪੜ੍ਹਾਈ ਅਤੇ ਮਿਹਨਤ ਸਦਕਾ ਅੱਜ ਉਹ ਦੁਨੀਆਂ ਦੀਆਂ ਔਰਤਾਂ ਲਈ ਇਕ ਰੋਲ ਮਾਡਲ ਹੈ। ਉਹਨੂੰ ਉਸਦੀ ਨਾਨੀ ਕਿਹਾ ਕਰਦੀ ਸੀ ਕਿ ‘ਮੇਰੇ ਨਾਲ ਗੋਰਿਆਂ ਦੇ ਕਪੜੇ ਧੋਇਆ ਕਰ ਕਿਉਂਕਿ ਅੰਤ ਵਿਚ ਤੈਨੂੰ ਵੀ ਇਹੋ ਕੰਮ ਕਰਨਾ ਪੈਣਾ ਹੈ।’ ਪਰ ਉਹ ਸਵੈ ਵਿਸ਼ਵਾਸ ਨਾਲ ਕਹਿੰਦੀ ਸੀ ‘ਨਹੀਂ ਮੈਂ ਅਜਿਹਾ ਨਹੀਂ ਕਰੇਗੀ।’ ਸੱਚਮੁਚ ਹੀ  ਅੱਜ ਉਹ ਇਕ ਵੱਡੀ ਐਕਟਰੈਸ, ਟਾਕ ਸ਼ੋਅ ਹੋਸਟ, ਪ੍ਰਡਿਊਸਰ, ਲੇਖਕ ਤੇ ਮੈਗਜ਼ੀਨ ਐਡੀਟਰ ਹੈ। ਉਸਨੇ ਬੱਿਚਆਂ ਦਾ ਜੌਨ ਸੋਸ਼ਣ ਕਰਨ ਵਾਲਿਆਂ ਦੀ ਪਛਾਣ ਕਰਣ ਲਈ ਸ਼ੋਅ ਕੀਤੇ। ਉਸ ਦੁਆਰਾ ਬਣਾਈ ਵੈਬਸਾਈਟ ਰਾਹੀਂ ਕੇਵਲ 48 ਘੰਟਿਆਂ ਵਿਚ ਹੀ ਬੱਚਿਆਂ ਦਾ ਜੌਨ ਸੋਸ਼ਣ ਕਰਣ ਵਾਲੇ ਦੋ ਵਿਅਕਤੀ ਫ਼ੜੇ ਗਏ। ਉਹ ਬਹੁਤ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਜੀਫੇ ਦਿੰਦੀ ਹੈ ਤੇ ਗਰੀਬਾਂ ਦੀ ਮਦਦ ਕਰਦੀ ਹੈ। ਸਾਊਥ ਅਫਰੀਕਾ ਵਿਚ ਉਸਨੇ 450 ਕੁੜੀਆਂ ਲਈ ਇਕ ਬਹੁਤ ਵਧੀਆ ਸਕੂਲ ਖੋਲ੍ਹਿਆ ਹੋਇਆ ਹੈ ਜਿਸ ਵਿਚ ਗਰੀਬ ਘਰਾਂ ਦੀਆਂ ਲਾਇਕ ਕੁੜੀਆਂ ਨੂੰ ਪੜ੍ਹਾ ਕੇ ਅਮਰੀਕਾ ਦੀਆਂ ਯੂਨੀਵਰਸਿਟੀਆਂ ਲਈ ਤਿਆਰ ਕੀਤਾ ਜਾਂਦਾ ਹੈ।
ਹੁਣ ਤੱਕ ਔਰਤ ਇਹ ਸਿੱਧ ਕਰ ਚੁੱਕੀ ਹੈ ਕਿ ਉਹ ਬੰਦੇ ਨਾਲੋਂ ਕਿਸੇ ਗਲੋਂ ਵੀ ਘੱਟ ਨਹੀਂ।  ਕੈਨੇਡਾ ਦੀਆਂ ‘ਦਾ ਫੇਮਸ ਫਾਈਵ’ ਨੇ ਵੀ ਇਹੋ ਜਿਹੀ ਇਕ ਲੜਾਈ ਲੜੀ ਸੀ। ਅੱਜ ਕੈਨੇਡਾ ਵਿਚ ਔਰਤ ਰਾਜਨੀਤੀਕ ਖੇਤਰ ਵਿਚ ਜੋ ਅਧਿਕਾਰ ਮਾਣ ਰਹੀ ਹੈ, ਇਹ ਇਹਨਾਂ ‘ਫੇਮਸ ਫਾਈਵ’ ਦੀ ਹੀ ਦੇਣ ਹੈ।
 ਕੈਨੇਡਾ ਵਿਚ ਵੀ ਔਰਤਾਂ ਹਮੇਸ਼ਾ ਆਜ਼ਾਦ ਨਹੀਂ ਸਨ। ਇਨ੍ਹਾਂ ਦੀ ਗਿਣਤੀ ‘ਪਰਸਨਜ’਼ ਵਿਚ ਨਹੀਂ ਕੀਤੀ ਜਾਂਦੀ ਸੀ। 1927 ਵਿਚ ਪੰਜ ਔਰਤਾਂ- ਐਮਲੀ ਮਰਫ਼ੀ, ਆਇਰਨ ਮਾਰਟਿਨ ਪਰਲਬੀ, ਨੈਨੀ ਮੂਲੀ ਮੈਕਲੰਗ, ਲੂਈਸ ਮਕੀਨੀ ਤੇ ਹੈਨਰੀਅਟਾ ਮਯੂਰ ਨੇ ਇਕੱਠਿਆਂ ਹੋ ਕੇ ਕੈਨੇਡਾ ਦੀ ਸੁਪਰੀਮ ਕੋਰਟ ਤੋਂ ਬ੍ਰਿਟਿਸ਼ ਸੰਵਿਧਾਨ ਵਿਚ ਲਿਖੇ ‘ਕੁਆਲੀਫਾਈਡ ਪਰਸਨਜ਼’ ਦੀ ਪਰਿਭਾਸ਼ਾ ਪੁੱਛੀ। ਉਹਨਾਂ ਦਾ ਮਤਲਬ ਸੀ ਕਿ ਕੀ ‘ਪਰਸਨਜ਼’ ਵਿਚ ਔਰਤਾਂ ਸ਼ਾਮਿਲ ਹੋ ਸਕਦੀਆਂ ਸਨ ਕਿ ਨਹੀ। ਅਸਲ ਵਿਚ ਉਹ ਇਹ ਜਾਨਣਾ ਚਾਹੁੰਦੀਆਂ ਸਨ ਕਿ ਔਰਤਾਂ ਨੂੰ ਸੈਨੇਟ ਦੀ ਨੁਮਾਂਇੰਦਗੀ ਕਰਨ ਦਾ ਅਧਿਕਾਰ ਹੈ ਜਾਂ ਨਹੀਂ।
1928 ਵਿਚ ਕੈਨੇਡਾ ਦੀ ਸੁਪਰੀਮ ਕੋਰਟ ਨੇ ਇਹ ਫੈ਼ਸਲਾ ਸੁਣਾਇਆ ਕਿ ਔਰਤਾਂ ‘ਪਰਸਨਜ਼’ ਵਿਚ ਸ਼ਾਮਿਲ ਨਹੀਂ ਸਨ। ਇਸ ਫੈਸਲੇ ਦੀ ਆਖਿਰੀ ਸਤਰ ਵਿਚ ਲਿਖਿਆ ਗਿਆ ਸੀ ਕਿ ਔਰਤਾਂ ਨੂੰ ਕੈਨੇਡਾ ਦੀ ਸੈਨੇਟ ਦਾ ਮੈਂਬਰ ਬਨਣ ਦਾ ਅਧਿਕਾਰ ਨਹੀਂ ਹੈ। ਇਸ ਕੇਸ ਨੂੰ ‘ਪਰਸਨਜ਼ ਕੇਸ’ ਦਾ ਨਾਂ ਦਿਤਾ ਗਿਆ। ਪਰ ਇਹ ਔਰਤਾਂ ਹਾਰੀਆਂ ਨਹੀਂ। ਇਨ੍ਹਾਂ ਨੇ ਇਸ ਕੇਸ ਦੀ ਇੰਗਲੈਂਡ ਵਿਚ ਬ੍ਰਿਟਿਸ਼ ਸਰਕਾਰ ਦੀ ‘ਜੂਡੀਸ਼ੀਅਲ ਪ੍ਰੀਵੀ ਕੌਂਸਲ’ ਅੱਗੇ ਪਟੀਸ਼ਨ ਕੀਤੀ। 18 ਅਕਤੂਬਰ 1929 ਨੂੰ ਪਹਿਲੇ ਫੈ਼ਸਲੇ ਨੂੰ ਰੱਦ ਕਰ ਦਿਤਾ ਗਿਆ ਤੇ ‘ਪਰਸਨਜ਼’ ਵਿਚ ਔਰਤਾਂ ਵੀ ਸ਼ਾਮਿਲ ਕੀਤੀਆ ਗਈਆਂ। ਇਸ ਤਰ੍ਹਾਂ ਔਰਤਾਂ ਨੂੰ ਕੇਨੇਡਾ ਦੀ ਸੈਨੇਟ ਦੀਆਂ ਮੈਂਬਰ ਬਨਣ ਦੇ ਅਧਿਕਾਰ ਮਿਲ ਗਏ।
ਇਹ ਪੰਜੇ ਅਲਬਰਟਾ ਦੀਆਂ ਰਹਿਣ ਵਾਲੀਆਂ ਸਨ। ਕੇਸ ਜਿੱਤਣ ਤੋਂ ਬਾਅਦ ਇਨ੍ਹਾਂ ਨੇ ਕੈਨੇਡੀਅਨ ਔਰਤਾਂ ਦੇ ਹੱਕਾਂ ਲਈ ਬਹੁਤ ਸਾਰੇ ਲਾਹੇਵੰਦ ਕੰਮ ਕੀਤੇ। ਕੰਮ ਤੇ ਔਰਤ ਕਾਮਿਆਂ ਲਈ ਸੁਖਾਵਾਂ ਮਹੌਲ, ਸਿਹਤ ਸੰਬੰਧੀ ਸੇਵਾਵਾਂ, ਵਿਆਹੁਤਾ ਔਰਤਾਂ ਦੇ ਅਧਿਕਾਰ, ਬੱਚਿਆਂ ਦੇ ਪਾਲਣ-ਪੋਸ਼ਣ ਦੇ ਅਧਿਕਾਰ, ਰਾਜਨੀਤੀ ਵਿਚ ਹਿੱਸਾ ਲੈਣ ਦੇ ਅਧਿਕਾਰ ਆਦਿ। ਵਿਦਿਅਕ ਅਦਾਰਿਆਂ ਵਿਚ ਵੀ ਔਰਤਾਂ ਦੇ ਹਰ ਮਸਲੇ ਲਈ ਇਨ੍ਹਾਂ ਪੰਜਾਂ ਨੇ ਸਾਰੀ ਜਿ਼ੰਦਗੀ ਲਗਨ ਅਤੇ ਹਿੰਮਤ ਨਾਲ ਅੱਗੇ ਹੋਕੇ ਕੰਮ ਕੀਤਾ। ਔਰਤਾਂ ਨੂੰ ਹੱਕ ਦੁਆਉਣ ਵੇਲੇ ਇਨ੍ਹਾਂ ਰੰਗ ਭੇਦ, ਨਸਲ, ਅਤੇ ਲਿੰਗ ਦੀ ਪਰਵਾਹ ਨਹੀਂ ਕੀਤੀ।
 ਅੱਜ ਇਹ ਪੰਜੇ ਔਰਤਾਂ ‘ਦਾ ਫੇਮਸ ਫਾਈਵ’ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੈਨੇਡਾ ਸਰਕਾਰ ਤੋਂ  ਬਹੁਤ ਮਾਣ ਪ੍ਰਾਪਤ ਹੋਇਆ। ਸਰਕਾਰ ਦੁਆਰਾ ਇਨ੍ਹਾਂ ਦੀਆਂ ਜੀਵਨੀਆਂ ਤਿਆਰ ਕਰਵਾਈਆਂ ਗਈਆਂ। ਇਨ੍ਹਾਂ ਦੀ ਤਸਵੀਰ ਪੰਜਾਹਾਂ ਦੇ ਨੋਟ ਤੇ ਛਾਪੀ ਗਈ। ਕੈਨੇਡਾ ਦੀ ਸਰਕਾਰ ਨੇ ਇਨ੍ਹਾਂ ਨੂੰ ਟਰਾਫ਼ੀਆਂ ਦੇ ਕੇ ਵੀ ਸਨਮਾਨਿਤ ਕੀਤਾ। ਇਨ੍ਹਾਂ ਦੇ ਬੁੱਤ ਮਸ਼ਹੂਰ ਬੁੱਤਘਾੜੀ ਬਾਰਬਰਾ ਪੈਟਰਸਨ ਤੋਂਂ ਬਣਵਾ ਕੇ ‘ਪਾਰਲੀਮੈਂਟ ਹਿੱਲ’, ਔਟਵਾ ਅਤੇ ‘ਉਲਿੰਪਕ ਪਲਾਜ਼ਾ’ ਕੈਲਗਰੀ ਵਿਚ ਲਗਵਾਏ ਗਏ ਹਨ। ਇਨ੍ਹਾਂ ਦੀ ਇਸ ਪ੍ਰਾਪਤੀ ਤੇ ਸਾਰੀ ਇਸਤਰੀ ਜਾਤੀ ਨੂੰ ਮਾਣ ਹੈ ।
ਅਜੇ ਵੀ ਔਰਤ ਜਾਤੀ ਦੇ ਸਾਹਮਣੇ ਅਨੇਕਾਂ ਚੁਨੌਤੀਆਂ ਹਨ। ਉਹ ਅੱਜ ਵੀ ਦੂਜੇ ਦਰਜੇ ਦੀ ਸ਼ਹਿਰੀ ਹੈ। ਇਸ ਦਾ ਭਾਵ ਇਹ ਨਹੀਂ ਕਿ ਉਹ ਹਾਰ ਕੇ ਬੈਠ ਜਾਵੇ ਜਾਂ ਰੋਂਦੀ ਰਹੇ ਤੇ ਹਾਰੀ ਹੋਈ ਅਬਲਾ ਦੀਆਂ ਕਥਾਵਾਂ ਲਿਖਦੀ ਰਹੇ। ਸਾਡੀ ਔਰਤ ਨੂੰ ਆਪਣੇ ਅਧਿਕਾਰਾਂ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ। ਕੈਨੇਡਾ ਆਕੇ ਉਸਨੂੰ ਇਕ ਚੰਗੀ ਜਿ਼ੰਦਗੀ ਜੀਉਣ ਦਾ ਮੌਕਾ ਮਿਲਦਾ ਹੈ। ਉਹ ਇਥੋਂ ਦੇ ਸਿਸਟਮ ਨੂੰ ਸਮਝੇ। ਆਪਣੀ ਵਿਦਿਅਕ ਯੋਗਤਾ ਨੂੰ ਵਰਤੋਂ ‘ਚ ਲਿਆਵੇ। ਵੇਖਣ ਵਿਚ ਆਇਆ ਹੈ ਕਿ ਸਾਡੀਆਂ ਬਹੁਤੀਆਂ ਔਰਤਾਂ ਇੱਥੇ ਆਕੇ ਕੇਵਲ ਆਪਣੇ ਪਹਿਰਾਵੇ ਨੁੰ ਹੀ ਕੈਨੇਡੀਅਨ ਬਣਾਉਂਦੀਆਂ ਹਨ ਪਰ ਇਥੇ ਦੀ ਭਾਸ਼ਾ ਨੂੰਸਿੱਖਣ ਦਾ ਕੋਈ ਉਪਰਾਲਾ ਨਹੀਂ ਕਰਦੀਆਂ। ਇਥੇ ਆਕੇ ਇੱਥੋਂ ਦੀ ਭਾਸ਼ਾ ਅਤੇ ਇਥੋਂ ਦੇ ਸਿਸਟਮ ਨੂੰ ਸਿੱਖਣਾ ਬਹੁਤ ਜਰੂਰੀ ਹੈ। ਗਿਆਨ ਤੁਹਾਡੀ ਤਾਕਤ ਹੈ। ਗਿਆਨ ਹਾਸਿਲ ਕਰੋ। ਕੇਵਲ ਪਾਰਟੀਆਂ ਵਿਚ ਹੀ ਨਹੀਂ ਹੋਰ ਸਮਾਜਕ ਸਮਾਗਮਾਂ ਵਿਚ ਵੱਧ ਚੜ੍ਹ ਕੇ ਹਿੱਸਾ ਲਉ। ਆਪਣੇ ਆਲੇ ਦੁਆਲੇ ਦਾ ਗਿਆਨ ਹਾਸਿਲ ਕਰੋ। ਮਾਂ ਹੋਣ ਦੇ ਨਾਤੇ ਘਰ ਵਿਚ ਪੁੱਤਰ ਅਤੇ ਧੀ ਵਿਚ ਫ਼ਰਕ ਨਾ ਕਰੋ। ਆਪਣੇ ਪੁੱਤਰ ਨੂੰ ਇਹੋ ਜਿਹੇ ਸੰਸਕਾਰ ਦੇਵੋ ਕਿ ਉਹ ਵੱਡਾ ਹੋ ਕੇ ਹਰ ਔਰਤ ਦਾ ਸਤਿਕਾਰ ਕਰੇ। ਫਿਰ ਵੇਖਣਾ ਉਹ ਦਿਨ ਦੂਰ ਨਹੀਂ ਜਦੋਂ ਮਰਦ ਅਤੇ ਔਰਤ ਵਿਚ ਕੋਈ ਫਰਕ  ਨਹੀਂ ਹੋਵੇਗਾ। ਪਰਿਵਰਤਨ ਲਿਆਉਣ ਲਈ ਜਰੂਰੀ ਨਹੀਂ ਕਿ ਬਹੁਤ ਵੱਡੀਆਂ ਘਾਲਣਾ ਘਾਲੀਆਂ ਜਾਣ, ਆਪਣੇ ਪਰਿਵਾਰ ਵਿਚ ਨਿੱਕੀਆਂ ਨਿੱਕਆਂ ਗੱਲਾਂ ਦਾ ਧਿਆਨ ਰਖ ਕੇ ਵੀ ਅਗਲੀ ਪੀੜੀ ਦੀ ਸੋਚ ਵਿਚ ਬਦਲਾਉ ਲਿਆਂਦਾ ਜਾਂਦਾ ਹੈ। ਅੋਰਤ ਅਬਲਾ ਨਹੀਂ ਸਬਲਾ ਬਣੇ ਤਾਂ ਅੰਤਰਾਸ਼ਟਰੀ ਮਹਿਲਾ ਦਿਵਸ ਅਨਾਉਣ ਦਾ ਕੋਈ ਲਾਭ ਹੋਵੇਗਾ।
                                                                            ਸੁਰਜੀਤ
                                                                           

No comments:

Post a Comment