
ਮਰਨ
*****
ਕਹਿੰਦੇ ਨੇ ਮਰਨ ਤੋਂ ਪਹਿਲਾਂ ਬਹੁਤ ਵਿਲਕੀ ਸੀ
ਟੁੱਟਦੇ ਹਫ਼ਦੇ ਸਾਹਾਂ ਦੇ ਅਖੀਰ ਤਕ-
ਉਸ ਆਖਿਆ ਸੀ:
ਮੇਰੀ ਬੇਟੀ ਦਾ ਮੂੰਹ ਵਿਖਾਓ
ਬਜਰ ਬੰਦ ਦਰਵਾਜ਼ੇ ਹਿੱਲੇ ਤਕ ਨਹੀਂ ਸੀ
ਤੇ,ਮਰਨ ਵਾਲੀ ਦੇ ਨਾਲ ਹੀ ਉਹ ਵਿਹੜਾ ਮਰ ਗਿਆ ।
ਉਹ ਖਤ ਜੋ ਮੈਂ ਪੁਰਜਾ ਪੁਰਜਾ ਪਾੜ ਦਿਤਾ ਸੀ
ਉਸ ਦਾ ਮਜ਼ਮੂਨ, ਅਜੇ ਤੱਕ ਮੇਰੇ ਅੰਦਰ ਰੜਕਦੈ
ਉਹ ਦੁਧਾਰਾ ਬੋਲ, ਜੋ ਤੂੰ ਹਵਾ ਵਿਚ ਉਡਾਇਆ ਸੀ
ਉਸ ਦਾ ਵਿਦਰੋਹ ਅਜੇ ਤੱਕ ਮੇਰੇ ਖੂਨ ਵਿਚ ਖੌਲਦੈ
ਏਦੂੰ ਪਹਿਲਾਂ ਵੀ, ਬੀਅ ਪਾਇਆ ਗਿਆ ਸੀ
ਬਹੁਤ ਵਾਰ ਸਾੜੇ ਤੇ ਝੂਠ ਦਾ
ਉਦੋਂ ਪਤਾ ਨਹੀਂ-
ਤੂੰ ਕਿਵੇਂ ਹਾਲੀ ਬਣ ਗਿਆ
ਤੇ ਧਰਤੀ ਨੂੰ ਰੌਂਦ ਕੇ ਸਭ ਸਾਫ ਕਰ ਦਿਤਾ
ਕਦੇ ਤੂੰ ਜੜ ਪੁੱਟੀ ਸੀ, ਅਜ ਤੂੰ ਛਾਵੇਂ ਬੈਠਾ ਏਂ
ਰੂੜੀ ਦੇ ਢੇਰ ਚੁੱਕਣ ਨਾਲ ਧਰਤੀ ਤੋਂ ਬਾਸ ਜਾਂਦੀ ਨਹੀਂ
ਮੋਈ ਮਹਿਕ ਦੀ ਵਾਸ਼ਨਾ ਹੁਣ ਵੀ ਤ੍ਰਬਕ ਉੱਠਦੀ ਏ
ਜੋ ਮਰ ਗਿਆ,ਉਹ ਮੁੱਕ ਗਿਆ
ਪੁਰਖਾਂ ਨੇ ਕਿਹਾ ਸੀ, ਪਰ ਨਹੀਂ -
ਅਨੇਕ ਵਾਰ ਬਹੁਤ ਕੁਝ ਹੁੰਦੈ
ਜ਼ਿੰਦਗੀ ਵਿਚ ਮਰਨ ਵਰਗਾ, ਜੋ ਮਰਦਾ ਨਹੀਂ ।
'ਵੰਨਗੀ' (ਅਕਸ, ਮਈ 1980) ਵਿਚੋਂ
No comments:
Post a Comment