
ਸਮੇਂ ਨੂੰ ਖੰਭ ਲਾਉ
ਇਕ ਹਨੇਰੀ ਦੁਪਿਹਰੇ
ਮੈਂ ਨਿਕਲ ਟੁਰੀ ਹਾਂ
ਸਮੇਂ ਦੇ ਸ਼ਾਹਰਾਹ ਵਲ ਜਾਂਦੀ
ਇਕ ਨਿੱਕੀ ਪਗਡੰਡੀ ਤੇ
ਜੋ ਵਲ ਵਲੇਵੇਂ ਖਾਂਦੀ, ਮੇਰੇ ਨੈਣਾਂ ਸਾਹਵੇਂ
ਹੌਲੀ ਹੌਲੀ ਉਜਾਗਰ ਹੁੰਦੀ ਹੈ
ਜਿਵੇਂ ਧਾਗੇ ਦੀ ਅੱਟੀ
ਜਾਂ ਲਿਪਟਿਆ ਹੋਇਆ ਰਿਬਨ ।
ਦੂਰ ਤਕ ਸਾਹਮਣੇ ਵਿਛੀ ਰੇਤ ਵਿਚ
ਲਹਿਰਾਂ ਉਠਦੀਆਂ ਹਨ
ਜਿਵੇਂ ਸਾਗਰ ਦੀ ਹਿੱਕ, ਧੜਕਦੀ ਹੋਵੇ ।
ਅੱਜ ਵੀ ਤਾਂ
ਸਮੇਂ ਦੇ ਵਿਸ਼ਾਲ ਸਾਗਰ ਦੀ ਇਕ ਅਮਰ ਕਣੀ
ਲਹਿਰਾਂ ਵਿਚ ਪੇਲਦੀ ਹੈ
ਤੇ ਦੂਰ ਝਮਕਦੀਆਂ, ਕਹਿਕਸ਼ਾਵਾਂ ਵਲ
ਮਲਕੜੇ ਹੀ,ਮੇਰੀ ਬੇੜੀ ਨੂੰ ਠੇਲਦੀ ਹੈ ।
ਠਹਿਰੋ ! ਠਹਿਰੋ ਮਾਝੀਓ,ਰਤਾ ਉਡੀਕੋ
ਸਾਡੀ ਧਰਤ, ਅਜੇ ਬਾਂਝ ਨਹੀਂ ਹੋਈ
ਅਬੋਲ ਤੇ ਗੁੰਗੀ, ਉਹ, ਸਾਨੂੰ ਵਾਪਸ ਬੁਲਾ ਰਹੀ ਹੈ
ਜਜ਼ਬੇ ਨਾਲ ਲਬਰੇਜ਼, ਕਿਰਦੇ ਹੰਝੂਆਂ ਨਾਲ
ਆਪਣੀਆਂ ਪ੍ਰਾਪਤੀਆਂ ਦੀ ਕਥਾ ਸੁੰਨ ਨੂੰ ਸੁਣਾ ਰਹੀ ਹੈ ।
ਭਲਿਉ ਸਮੇਂ ਨੂੰ ਖੰਭ ਨਾ ਲਾਉ
ਕਿ ਉਹ ਸਦਾ ਲਈ ਉਡ ਜਾਏ ।
ਨੋਟ:-'ਵੰਨਗੀ' ਵਿਚੋਂ (ਸੰਪਾਦਕ ਸ ਸਵਰਨ)
No comments:
Post a Comment