Thursday, October 30, 2014

ਜਤਿੰਦਰ ਕੌਰ ਰੰਧਾਵਾ ਦੀ ਇਕ ਕਵਿਤਾ











ਵਿਸਮਾਦ

ਮੈਂ ਰਾਹਾਂ ਤੱਕਦੀ ਸਾਂ, ਚੰਣਨ ਦੇ ਉਹਲੇ ਜੀ
ਰੀਝਾਂ ਪਲਦੀਆਂ ਸਨ, ਚਿਤ ਵਿਚ ਹੋਲੇ ਹੋਲੇ ਜੀ
ਮੇਰੀਆਂ ਸਧਰਾਂ ਫਲ ਗਈਆਂ, ਫੁਲ ਝੋਲੀ ਧਰ ਗਈਆਂ
ਮੇਰੀ ਰੁਤ ਦੇ ਹਾਣ ਜਿਹਾ ਮੱਥੇ ਸੂਰਜ ਜੜ ਗਈਆਂ

ਮੈਂ ਕਲੀਆਂ ਚੁਣਦੀ ਸਾਂ, ਕੁੱਛ ਹਾਰ ਪਿਰੋਂਦੀ ਸਾਂ
ਆਪਣੀਆਂ ਲਾਡਲੀਆਂ ਦੇ ਖ਼ਾਤਰ ਮੈਂ ਅੰਬਰ ਸਿਉਂਦੀ ਸਾਂ
ਅੰਬਰ ਝਾਲਰ ਲਾਈ ਸੀ ਧਰਤੀ ਮੈਂ ਖ਼ੂਬ ਸਜਾਈ ਸੀ

ਨੀ ਮੈਂ ਤਾਰੇ ਮੜਦੀ ਸਾਂ,ਉਤੇ ਚੰਨ ਵੀ ਜੜਦੀ ਸਾਂ
ਇਹਨਾਂ ਸੋਹਣੀਆਂ ਪਰੀਆਂ ਲਈ, ਕੁਛ ਸੁਫਨੇ ਘੜਦੀ ਸਾਂ
ਇਹਨਾਂ ਪਰ ਹੁਣ ਖੋਲੇ ਨੇ,ਪਰ ਪਹਿਲਾਂ ਤੋਲੇ ਨੇ
ਉਡਾਰੀ ਜਦ ਲਾਉਣਗੀਆਂ, ਸਰ ਇਹ ਅੰਬਰ ਕਰ ਅਾਉਣਗੀਆਂ

ਰੁੱਤ ਰਿਮ ਝਿਮ ਆਈ ਹੈ, ਕਲੀਆਂ ਛਹਿਬਰ ਲਾਈ ਹੈ
ਰੰਗ ਦੂਣ ਸਵਾਏ ਨੇ, ਮੇਰੇ ਖੇੜੇ ਮੁੜ ਅਾਏ ਨੇ
ਕੀ ਹੋਇਆ ਜੇ ਰੁਤ ਕੁਛ ਢਲ ਗਈ ਏ
ਇਹ ਤਾਂ ਹੋਰ ਵੀ ਫਲ਼ ਗਈ ਏ

ਇਹ ਤਾਂ ਰੰਗ ਬਰੰਗੇ ਨੀ, ਕੁਛ ਲਾਲ ਕੁਛ ਪੀਲੇ ਨੇ
ਪੱਤਰੇ ਮੇਰੇ ਚਾਂਵਾਂ ਦੇ, ਬਹੁਤ ਚਮਕੀਲੇ ਨੇ
ਇਹ ਉਡਦੇ ਫਿਰਦੇ ਨੇ, ਚਾਅ ਦੂਣ ਸਵਾਇਆ ਏ
ਕੇਹਾ ਵਿਸਮਾਦ ਕੁੜੇ , ਮੇਰੀ ਰੂਹ ਤੇ ਛਾਇਆ ਏ

ਮੈਂ ਤਾਂ ਰੁੱਤ ਇਕ ਮੰਗੀ ਸੀ,ਇਹ ਰੁੱਤਾਂ ਦਾ ਮੇਲਾ ਏ
ਜੋ ਵੀ ਹੈ ਅੜੀਉ, ਇਹ ਬਹੁਤ ਅਲਬੇਲਾ ਏ
ਇਹਨਾਂ ਛਾਵੇਂ ਬੈਠੀ ਹਾਂ, ਇਹੀ ਸੁਖਾਂ ਮੰਗਦੀ ਹਾਂ
ਜਿਥੇ ਵੀ ਵਸੋ ਨੀ, ਬਸ ਖੇੜੇ ਵੰਡੋਂ ਨੀਂ

ਰੁਤਾਂ ਫੇਰ ਵੀ ਆਵਣਗੀਆਂ, ਇੰਝ ਸੁਹਲੇ ਗਾਵਣਗੀਆਂ
ਤੂੰਸੀ ਡੋਲ ਨਾ ਜਾਣਾਂ ਜੀ ਬਸ ਸਦਾ ਮੁਸਕਾਣਾਂ ਜੀ
ਤੁਸੀਂ ਸਿਰਜਣਹਾਰੀਆਂ ਹੋ, ਤੁਸੀਂ ਸਿਰਜੀ ਜਾਣਾ ਜੀ
ਬਸ ਸਿਰਜੀ ਜਾਣਾ ਜੀ ।

1 comment:

  1. ਖੂਬਸੂਰਤ ਅਹਿਸਾਸਾਂ ਅਤੇ ਸ਼ਬਦਾਂ ਨਾਲ ਪਰੋਈ ਕਵਿਤਾ !

    ReplyDelete