Thursday, June 21, 2012

ਇੱਕ ਚਿੱਠੀ ਪਰਦੇਸਾਂ ਵੱਲ

ਇੱਕ ਚਿੱਠੀ ਪਰਦੇਸਾਂ ਵੱਲ
                                                                ਡਾ: ਗੁਰਮਿੰਦਰ ਸਿੱਧੂ
ਲਿਖਤੁਮ ਸਜ-ਵਿਆਹੀ ਨਾਰ
ਪੜ੍ਹਤੁਮ ਲਾਂਵਾਂ ਦਾ ਸਰਦਾਰ
ਅੱਗੇ ਸਾਰਾ ਹਾਲ-ਹਵਾਲ
ੳਦਾਂ ਤਾਂ ਸਭ ਖੈਰ ਸੁੱਖ
ਪੁੱਛੇਂ ਜੇ ਅੰਦਰਲਾ ਦੁੱਖ
ਤਾਂ ਦਿਲ ਨੂੰ ਸਾਡੇ ਵੱਲ ਕਰ

ਸਾਡਾ ਸਵਾਲ ਹੱਲ ਕਰ



ਸਾਵਣ ਮਨਾਉਣ ਵਾਸਤੇ
ਤੂੰ ਭੇਜੀਆਂ ਜੋ ਥੱਬੀਆਂ
ਸਾਨੂੰ ਨਾ ਚੰਗੀਆਂ ਲੱਗੀਆਂ


ੳ ਦੂਰ ਵਸੇਂਦੇ ਸੱਜਣਾ !
ਸਾਵਣ ਨਾ' ਕੱਲੇ ਭਿੱਜਣਾ
ਇਹ ਤਾਂ ਹੁੰਦੀ ਐ ਰੁੱਤ ਉਹ
ਜਦ ਕਣੀ ਹਥੇਲੀ 'ਤੇ ਗਿਰੇ
ਮਹਿਬੂਬ ਦਾ 'ਨਾਂ' ਲਿਖ ਦਏ

ਬਾਰਿਸ਼ ਦਾ ਜਾਂ ਤੁਪਕਾ ਕੋਈ
ਪਲਕਾਂ ਦੇ ਉਤੇ ਅਟਕ ਜੇ
ਹੋ ਕੇ ਸ਼ਰਾਬ ਲਟਕ ਜੇ

ਸਾਵਣ ਨਾ'ਕੱਲੇ ਝੂਟਣਾ
ਇਹ ਤਾਂ ਉਹ ਮੌਸਮ ਹਾਣੀਆ !
ਵੰਗਾਂ ਦੇ ਜਦ ਸ਼ੀਸ਼ੇ ਵਿਚੋਂ
ਚਿੱਤ-ਚੋਰ ਚਿਹਰਾ ਤੱਕ ਲਏ
ਕਾਇਨਾਤ ਝੂਮਣ ਲੱਗ ਪਏ

ਜਾਂ ਨਦੀ ਬਣੀ ਬੀਹੀ ਦੇ ਵਿੱਚ
ਪਾਰੋਂ ਕੋਈ ਬੇੜੀ ਆ ਤਰੇ
ਤੇਰੇ ਵਰਗਾ ਵਿੱਚੋਂ ੳਤਰੇ

ਸਾਵਣ ਨਾ ਹੁੰਦਾ ਰੁੱਸਣਾ
ਇਹ ਤਾਂ ਉਹ ਸ਼ਗਨ ਢੋਲਣਾ !
ਵਰ੍ਹਿਆਂ ਤੋਂ ਸੁੰਨੀ ਮਾਂਗ ਵਿੱਚ
ਕੋਈ ਸੰਧੂਰ ਧਰ ਦਵੇ
ਬੱਦਲ ਗਵਾਹੀ ਭਰ ਦਵੇ

ਜਾਂ ਗੁੰਮਿਆ ਹਾਸਾ ਕੋਈ
ਦੰਦਾਂ ਦੇ ਉਤੇ ਆ ਬਹੇ
ਵਿਹੜੇ'ਚ ਇਓਂ ਕਿਣਮਿਣ ਲਹੇ

ਸਾਵਣ ਨਾ ਵਿਕਦਾ ਡਾਲਰੀਂ
ਸਾਵਣ ਨਾ ਲੱਭਦਾ ਮੇਲਿਓਂ

ਸਾਵਣ ਮੇਰੇ ਨੈਣਾਂ 'ਚ ਹੈ
ਆ ਦੇਖ ਲੱਗੀਆਂ ਛਹਿਬਰਾਂ
ਸਾਵਣ ਮੇਰੇ ਕੇਸਾਂ 'ਚ ਹੈ
ਗੁੰਦੀਆਂ ਘਟਾਵਾਂ ਕਾਲੀਆਂ
ਸਾਵਣ ਪੰਜੇਬਾਂ ਮੇਰੀਆਂ
ਛਮ-ਛਮ ਰੋਵਣ ਜਿਹੜੀਆਂ
ਸਾਵਣ ਨੇ ਮੇਰੀਆਂ ਚੂੜੀਆਂ
ਸਤ-ਰੰਗੀ ਪੀਂਘੋਂ ਗੂੜ੍ਹੀਆਂ

ਚਾਹੁੰਨੈਂ ਜੇ ਸਾਵਣ ਮਾਨਣਾ
ਚਿੱਠੀ ਦੀ ਪੈੜ ਦੱਬ ਲੈ
ਮੇਰੇ 'ਚੋਂ ਸਾਵਣ ਲੱਭ ਲੈ
ਮੇਰੇ 'ਚੋਂ ਸਾਵਣ ਲੱਭ ਲੈ

1 comment:

  1. tilism ik shabdaan da
    chaanan ne likhiya jiven
    raataan da sihra--

    sijaadaa-nishiin
    is qalam de dehli te
    phull harfaan de
    baqadr-e-haisiyat
    satkaar sehat

    ReplyDelete