Wednesday, October 26, 2011

ਨੀਰੂ ਅਸੀਮ - ਕੈਨੇਡਾ











ਕੁੜੀ

ਉਸ ਕੁੜੀ ਨੂੰ ਕਿਹਾ
ਤੂੰ ਚਿੜੀ, ਤੂੰ ਹਵਾ
ਕੁੜੀ ਉੱਡਦੀ ਰਹੀ
ਤੇ ਸਮਝਦੀ ਰਹੀ
ਉਹ ਚਿੜੀ ਉਹ ਹਵਾ

ਉਸ ਕੁੜੀ ਨੂੰ ਕਿਹਾ
ਤੂੰ ਤਾਂ ਅਬਲਾ ਬੜੀ
ਕੁੜੀ ਹੈਰਾਨ ਸੀ
ਫਿਰ ਵੀ ਚੁਪ ਹੀ ਰਹੀ
ਮੰਨ ਗਈ ਭੋਲੇ ਭਾਅ
ਲਗ ਪਈ ਉਡੀਕਣ
ਸੁਰਖ ਚਾਨਣ ਦੇ ਰਾਹ

ਉਸ ਕੁੜੀ ਨੂੰ ਕਿਹਾ
ਜਾਗ ਐ ਦੁਰਗਾ ਮਾਂ !
ਕੁੜੀ ਨੇ ਜ਼ਿੰਦਗੀ ਨੂੰ
ਮੋਰਚਾ ਬਣਾ ਲਿਆ
ਪੈਰ ਪੈਰ ਤੇ
ਲੜਾਈ ਦਾ
ਬਿਗਲ ਵਜਾ ਲਿਆ
ਤੇ ਕੁੜੀ ਲੜਦੀ ਰਹੀ
ਮੁੱਕਦੀ ਰਹੀ
ਮਰਦੀ ਰਹੀ

ਫਿਰ ਕੁੜੀ ਨੇ ਕਿਹਾ
ਮੈਂ ਸਹਿਜ ਰੂਹ ਹਾਂ
ਮੈਂ ਸਹਿਜ ਪ੍ਰਾਣ ਹਾਂ
ਮੈਂ ਕੋਈ ਹੋਰ ਨਾ

ਨਾ ਮੇਰੇ ਵਾਸਤੇ
ਕੋਈ ਵੱਖਰੇ ਨਿਜ਼ਾਮ
ਨਾ ਮੇਰੇ ਹੋਰ ਨਾਮ
ਨਾ ਨਿਆਰੇ ਪੈਗਾਮ
ਮੈਂ ਉਹੀ ਹਾਂ ਜੋ ਹਾਂ

ਮੈਂ ਜੁਗਾਂ ਤੋਂ ਜੁਗਾਂ ਤੀਕ
ਇਕ ਸਿਲਸਿਲਾ

ਮੈਂ ਸਹਿਜ ਰੂਹ ਹਾਂ
ਮੈਂ ਸਹਿਜ ਪ੍ਰਾਣ ਹਾਂ
ਫਿਰ ਕੁੜੀ ਨੇ ਕਿਹਾ
ਮੈਂ ਕੋਈ ਹੋਰ ਨਾ...

3 comments:

  1. ਵਾਹ! ਮੈਡਮ ਬਹੁਤ ਖੂਬ ਲਿਖਿਆ ਪਰ ਜੇ ਦੁਰਗਾ ਦੀ ਥਾਂ ਝਾਂਸੀ ਦੀ ਰਾਣੀ ਹੁੰਦਾ ਤਾਂ ਹੋਰ ਵੀ ਚਾਰ ਚੰਨ ਲੱਗ ਜਾਣੇ ਸੀ...


    ਉਸ ਕੁੜੀ ਨੂੰ ਕਿਹਾ
    ਜਾਗ ਐ ਦੁਰਗਾ ਮਾਂ !

    ਕੁੜੀ ਨੇ ਜ਼ਿੰਦਗੀ ਨੂੰ
    ਮੋਰਚਾ ਬਣਾ ਲਿਆ
    ਪੈਰ ਪੈਰ ਤੇ
    ਲੜਾਈ ਦਾ
    ਬਿਗਲ ਵਜਾ ਲਿਆ
    ਤੇ ਕੁੜੀ ਲੜਦੀ ਰਹੀ
    ਮੁੱਕਦੀ ਰਹੀ
    ਮਰਦੀ ਰਹੀ

    ReplyDelete
  2. ਮੈਂ ਜੁਗਾਂ ਤੋਂ ਜੁਗਾਂ ਤੀਕ
    ਇਕ ਸਿਲਸਿਲਾ

    ਮੈਂ ਸਹਿਜ ਰੂਹ ਹਾਂ
    ਮੈਂ ਸਹਿਜ ਪ੍ਰਾਣ ਹਾਂ
    ਫਿਰ ਕੁੜੀ ਨੇ ਕਿਹਾ
    ਮੈਂ ਕੋਈ ਹੋਰ ਨਾ...

    ਜਿਉਂ ਜਿਉਂ ਕਵਿਤਾ ਦੇ ਪੈਰ ਅੱਗੇ ਵੱਧਦੇ ਜਾਂਦੇ ਹਨ, ਉਸ ਅੰਦਰਲੀ ਕਵਿਤਾ ਦਾ ਰੰਗ ਵੱਧ ਉਘੜਦਾ ਜਾਂਦਾ ਹੈ; ਸਿਰਜਣਹਾਰੀ ਦੀਆਂ ਕਾਵਿ ਸ਼ਕਤੀਆਂ ਦਾ ਵਾਅ ਵਿਰੋਲਾ ਅੰਤ ਵਿੱਚ ਸ਼ਾਂਤ ਤੇ ਸੰਤੁਸ਼ਟ ਹੋ ਕੂਕ ਉਠਦਾ ਹੈ " ਮੈਂ ਸਹਿਜ ਰੂਹ ਹਾਂ- ਮੈਂ ਸਹਿਜ ਪ੍ਰਾਣ ਹਾਂ...ਮੈਂ ਕੋਈ ਹੋਰ ਨਾ" ਅਤਿ ਦਾ ਸਰੋਦੀ ਨਿਰਣਾ ਹੈ ਅੰਤਲੀਆਂ ਫ਼ੁਲ ਪੰਕਤੀਆਂ ਅੰਦਰ।

    ReplyDelete
  3. एक खूबसूरत कविता… बधाई !

    ReplyDelete