
ਨੂਰ ਦੇ ਖੰਭ
ਮੇਰਾ ਜੀਅ ਕਰਦੈ
ਕਿ ਮੈਂ ਨਜ਼ਮ ਲਿਖਾਂ
ਘਿਸੇ ਪਿਟੇ ਲਫ਼ਜਾਂ ਵਿਚ ਨਹੀਂ
ਸਗੋਂ ਸੱਜਰੇ ਅਣਛੋਹ ਲਫ਼ਜਾਂ ਵਿਚ
ਕਿਸੇ ਅਣਡਿਠ ਜਜੀਰੇ ਦਾ ਬਿਆਨ ਕਰਾਂ
ਅਣਦੇਖੀ ਵਾਦੀ 'ਚ ਵਿਚਰਾਂ
ਤੇ ਅਣਡਿਠ ਦਿਸਹਦੇ ਚੀਰ ਕੇ
ਕਿਸੇ ਨਵੇਂ ਜੰਮੇ ਬੱਚੇ ਵਰਗੇ
ਸੂਰਜ ਨੂੰ ਤੱਕਾਂ
ਅਣਡਿਠ ਪੁਲਾੜਾਂ ਵਿਚ
ਆਜਾਦ ਰੂਹ ਨੂੰ
ਨੂਰ ਦੇ ਖੰਭ ਲਾ ਕੇ ਉਡਾਂ
ਤੇ ਅਣਲਤਾੜੀਆਂ ਪਗਡੰਡੀਆਂ ਉਤੇ ਤੁਰਾਂ
ਜਿਨ੍ਹਾਂ ਦੀ ਮਿੱਟੀ ਨੂੰ
ਕਿਸੇ ਰਾਹੀ ਦੇ ਪੈਰਾਂ ਦੀ ਇੰਤਜਾਰ ਹੋਵੇ ।
2.
ਅਣਜੰਮੀਆਂ ਨਜ਼ਮਾਂ
ਉਨੀਂਦਰੀਆਂ ਰਾਤਾਂ ਨੂੰ ਕਈ ਬਾਰ
ਜਦੋਂ ਨਜ਼ਮ ਕਾਗਜ਼ ਤੇ ਉਤਰਨਾ ਚਾਹੁੰਦੀ ਹੈ
ਮੈਂ ਉਸਨੂੰ ਅੰਦਰ ਹੀ ਅੰਦਰ ਮੋੜ ਦਿੰਦੀ ਹਾਂ
ਉਸ ਮੂਰਖ ਮਾਂ ਵਾਂਗ
ਜੋ ਜੰਮਣ ਪੀੜਾਂ ਤੋਂ ਡਰਦੀ
ਅਣਜੰਮੇ ਬਾਲ ਨੂੰ
ਪੇਟ ਵਿਚ ਹੀ ਰੱਖਣਾ ਚਾਹੇ
ਮੇਰੇ ਖਿਆਲਾਂ ਦੇ ਅਣਜੰਮੇ ਬਾਲ
ਮੇਰੀ ਛਾਤੀ 'ਚ ਪਏ
ਦਮ ਤੋੜਦੇ ਰਹਿੰਦੇ
ਮੋਏ ਗਰਭ ਦੇ ਸੜਣ ਵਾਂਗ
ਦਿਲ ਵਿਚ ਹੀ ਪਏ ਸੜਦੇ ਰਹਿੰਦੇ
ਤੇ ਮੇਰੇ ਮੱਥੇ ਨੂੰ ਇਹ
ਜ਼ਹਿਰ ਵਾਂਗ ਚੜ੍ਹਦੇ ਰਹਿੰਦੇ ਨੇ ।
3.
ਭਟਕਣ
ਮੈਂ ਉਮਰ ਦੀ
ਉਸ ਵਾਦੀ ‘ਚੋਂ ਲੰਘ ਆਈ ਹਾਂ
ਜਿਥੇ ਹਰ ਸੁਬਹ
ਖੁਸ਼ਬੂਆਂ ਦੇ ਸਾਗਰ
ਮੋਢਿਆਂ ‘ਤੇ ਚੁੱਕੀ
ਪੌਣਾਂ ਪ੍ਰਭਾਤ ਫੇਰੀਆਂ ਗਾਉਂਦੀਆਂ ਨੇ
ਹੁਣ ਤਾਂ ਮੈਂ ਉਸ ਸ਼ਹਿਰ ‘ਚੋਂ
ਗੁਜ਼ਰ ਰਹੀਂ ਹਾਂ
ਜਿੱਥੇ ਹਰ ਸ਼ਾਮ, ਗਮ ਦੇ ਬਗੂਲੇ
ਦਿਲ ਨੂੰ ਬਾਹਵਾਂ ‘ਚ ਜਕੜੀ
ਭੂਤਨਿਆਂ ਵਾਂਗ ਨੱਚਦੇ ਨੇ
ਮੈਂ ਕਿਸੇ ਹਰੇ ਭਰੇ
ਕਿੱਤੇ ਦੀ ਤਲਾਸ਼ ਵਿਚ
ਵਕਤ ਦੀ ਸੜਕ ਨਾਪਦੀ
ਭਟਕ ਰਹੀ ਹਾਂ ।
I visited sirjanihari
ReplyDeleteblog. very fresh and fragrent and look like guldasta. Your efforts are great
since I saw some poems which are great.
Keep it up the good work.
regards
Kuljit
ਸੁਰਜੀਤ ਜੀ ,
ReplyDeleteਤੁਹਾਡਾ ਖ਼ਤ ਮਿਲਿਆ ....ਸ਼ੁਕਰੀਆ ......
ਅਮਰਜੀਤ ਕੌਰ ਜੌਹਲ ਜੀ ਦੀਆਂ ਸਾਰੀਆਂ ਹੀ ਨਜ਼ਮਾਂ ਬਹੁਤ ਅਛੀਆਂ ਨੇ ...
ਨਵੇ ਬਲੋਗ ਦੀ ਤੁਹਾਨੂੰ ਬਹੁਤ ਬਹੁਤ ਵਧਾਈ ....!!
ਹਰਕੀਰਤ ਜੀ ਬਹੁਤ ਬਹੁਤ ਸ਼ੁਕਰੀਆ । ਸਿਰਜਨਹਾਰੀ ਨੂੰ ਤੁਹਾਡੀਆਂ ਰਚਨਾਵਾਂ ਦੀ ਉਡੀਕ ਹੈ ।
ReplyDelete