1.ਇਜਾਜ਼ਤ
ਜੇ ਤੂੰ ਮੰਨਦਾਂ ਏ
ਕਿ ਮੈਂ ਤੇਰੇ ਰਾਹਾਂ 'ਚ ਉੱਗਿਆ
ਕੋਈ ਕੰਡਾ ਨਹੀਂ
ਸਗੋਂ ਤੇਰੇ ਪਹਿਲੂ 'ਚ ਮਹਿਫੂਜ਼
ਇੱਕ ਸੁਰਖ਼ ਗੁਲਾਬ ਹਾਂ
ਤਾਂ ਮੈਨੂੰ ਖਿੱੜਣ ਦੀ ਇਜਾਜ਼ਤ ਦੇ
ਮੈਂ ਤੇਰਾ ਗੁਲਸ਼ਨ ਮਹਿਕਾ ਦੇਵਾਂ ਗੀ ...
2.
ਸੰਵਾਦ
ਹਰ ਰੋਜ਼...
ਇੱਕ ਨਵੀਂ ਮੈਂ ਨੂੰ ਮੁਖ਼ਾਤਿਬ ਹੁੰਦੀ ਹਾਂ
ਇੱਕ ਨਵਾਂ ਸੰਵਾਦ ਆਰੰਭ ਕਰਦੀ ਹਾਂ ...
ਕਦੇ ਨਿਰੰਤਰ ਵਗਦੀ ਜਲਧਾਰਾ ਸੰਗ
ਜੋ ਵਕਤ ਦਾ ਇੰਤਜ਼ਾਰ ਨਹੀ ਕਰਦੀ ..
ਕਦੇ ਬਰਫ਼ ਦੀ ਪੀਡੀ ਟਿੱਕੀ ਸੰਗ
ਜੋ ਅੱਗ ਦੀ ਛੋਹ ਨਾਲ ਖੁਰ ਜਾਂਦੀ ..
ਕਦੇ ਆਪਣੀ ਗੂੰਗੀ ਪਰਛਾਈ ਸੰਗ
ਜੋ ਕਾਲੀ ਰਾਤ ਵਿਚ ਗੁੱਲ ਹੋ ਜਾਂਦੀ ..
ਕਦੇ ਭਾਫ ਦੀ ਛਿਨਭੰਗਰੀ ਬੂੰਦ ਸੰਗ
ਜੋ ਪੌਣਾ ਦੇ ਬੁਲ੍ਹੇ ਨਾਲ ਮਿੱਟ ਜਾਂਦੀ ..
ਕਦੇ ਭੰਵਰ ਦੀ ਅਸ਼ਾਂਤ ਫਿਰਕੀ ਸੰਗ
ਜੋ ਆਪਣੀ ਘੁੰਮਣਘੇਰੀ ਤੋਂ ਪਾਰ ਨਾ ਜਾਂਦੀ ..
ਨਿੱਤ
ਖੁਰਦੀ ਹਾਂ
ਡੁੱਬਦੀ ਹਾਂ
ਫੇਰ ਉਭਰਦੀ ਹਾਂ
ਤੇ ਵਹਿੰਦੀ ਜਾਂਦੀ ਹਾਂ
ਨੀਲੇ ਸਾਗਰ ਦੀਆਂ
ਨਟਖੱਟ ਲਹਿਰਾਂ ਸੰਗ
ਨਿਰੰਤਰ ਰਕਸ ਕਰਦੀ...
ਆਪਣੇ ਅਸਤਿੱਤਵ ਦੀ
ਤਲਾਸ਼ ਵਿਚ ..
ਇੱਕ ਰਤਨ ਨੂੰ ਸਿੱਪ ਵਿਚ
ਭਰਨ ਦੀ ਆਸਥਾ ਨਾਲ
ਮੰਜ਼ਲਾਂ ਤੋਂ ਬੇਖ਼ਬਰ ....
3.
ਬਹੀ-ਖ਼ਾਤਾ
ਵਾਪਸ ਕਰ ਦੇ ਪਰਵਾਜ਼ ਓਹ ਮੇਰੀ
ਜੋ ਤੇਰੇ ਖੰਭਾਂ ਵਿਚ ਮੈਂ ਭਰ ਆਈ ਸਾਂ
ਵਾਪਸ ਕਰ ਦੇ ਖੁਸ਼ਬੂ ਓਹ ਮੇਰੀ
ਜੋ ਤੇਰੀ ਮਿੱਟੀ ਵਿਚ ਮੈਂ ਧਰ ਆਈ ਸਾਂ
ਵਾਪਸ ਕਰ ਦੇ ਖ਼ਾਬ ਓਹ ਮੇਰੇ
ਜੋ ਤੇਰੇ ਨੈਣਾਂ ਵਿਚ ਮੈਂ ਭਰ ਆਈ ਸਾਂ
ਵਾਪਸ ਕਰ ਦੇ ਓਹ ਸੂਰਜ ਮੇਰਾ
ਜੋ ਤੇਰੀ ਰੈਣਾ ਵਿਚ ਮੈਂ ਧਰ ਆਈ ਸਾਂ
ਵਾਪਸ ਕਰ ਦੇ ਓਹ ਸਾਵਨ ਮੇਰਾ
ਜੋ ਤੇਰੇ ਸਾਗਰ ਵਿਚ ਮੈਂ ਭਰ ਆਈ ਸਾਂ
ਵਾਪਸ ਕਰ ਦੇ ਮੁਸਕਾਨ ਓਹ ਮੇਰੀ
ਜੋ ਤੇਰੇ ਹੋਠਾਂ ਵਿਚ ਮੈ ਧਰ ਆਈ ਸਾਂ
ਵਾਪਸ ਕਰ ਦੇ ਰੰਗ ਓਹ ਮੇਰੇ
ਜੋ ਤੇਰੇ ਅੰਬਰ ਵਿਚ ਮੈਂ ਭਰ ਆਈ ਸਾਂ
ਵਾਪਸ ਕਰ ਦੇ ਪਹਿਚਾਣ ਓਹ ਮੇਰੀ
ਜੋ ਤੇਰੀ ਦੇਹਲੀ ਤੇ ਮੈ ਧਰ ਆਈ ਸਾਂ
ਵਾਪਸ ਕਰ ਦੇ .... ਓਹ ਸਭ ਕੁੱਝ ਮੇਰਾ
ਓਹ ਰੁੱਤਾਂ ਧੁੱਪਾਂ, ਰੰਗ ਖੁਸ਼ਬੂਆਂ, ਬਾਰਸ਼ ਤੇ ਪਾਣੀ
ਓਹ ਸਭ ਕੁੱਝ
ਜੋ ਤੈਨੂੰ ਮੈਂ ਉਧਾਰ ਦਿੱਤਾ ਸੀ
ਜਾਂ ਸ਼ਾਇਦ !
ਗਿਰਵੀ ਰਖਿਆ ਸੀ ਤੇਰੇ ਕੋਲ
ਲੈ ਲੈ ਵਾਪਸ .... ਇਹ ਸਭ ਕੁੱਝ ਆਪਣਾ
ਇਹ ਕੰਧਾਂ ਜ਼ੰਜ਼ੀਰਾਂ, ਗੋਲਕ ਗੱਲੇ, ਪਦਾਰਥ ਸਾਰੇ
ਇਹ ਸਭ ਕੁੱਝ
ਜੋ ਤੇਰੇ ਭਾਣੇ, ਤੁੰ ਮੈਨੂੰ ਵਰਦਾਨ ਦਿੱਤਾ ਹੈ
ਜਾਂ ਸ਼ਾਇਦ !
ਅਪਣੀ ਰਹਿਮਤ ਦਾ ਦਾਨ ਦਿੱਤਾ ਹੈ
ਸੰਦੀਪ ਜੀ ਦੀਆਂ ਕਵਿਤਾਵਾਂ ਬਹੁਤ ਹੀ ਡੂੰਘੇ ਅਰਥਾਂ ਵਾਲ਼ੀਆਂ ਹੁੰਦੀਆਂ ਨੇ।
ReplyDeleteਇੱਕ- ਇੱਕ ਅੱਖਰ ਦਿਲ 'ਚ ਉੱਤਰਦਾ ਜਾਂਦਾ ਹੈ ਜਿਓਂ-ਜਿਓਂ ਕਵਿਤਾ ਪੜ੍ਹੀਦੀ ਹੈ। ਇਥੇ ਤਿੰਨੋਂ ਕਵਿਤਾਵਾਂ....ਇਜਾਜ਼ਤ.....ਸੰਵਾਦ .....ਤੇ ਬਹੀ ਖਾਤਾ .... ਬਹੁਤ ਕੁਝ ਕਹਿੰਦੀਆਂ ਨੇ।
ਵਾਪਸ ਕਰ ਦੇ ਪਹਿਚਾਣ ਓਹ ਮੇਰੀ
ਜੋ ਤੇਰੀ ਦੇਹਲੀ ਤੇ ਮੈ ਧਰ ਆਈ ਸਾਂ..........
ਸ਼ਾਲਾ ਇਹ ਕਲਮ ਏਵੇਂ ਹੀ ਲਿਖਦੀ ਰਵੇ।
Very Very beautiful poems Sandip di !
ReplyDelete