1. ਕਵਿਤਾ
ਉਸਨੇ ਕਿਹਾ ਦੇਖਣਾ ਹੈ
ਤੇਰੇ ਜ਼ਬਤ ਦਾ ਅੰਦਾਜ਼ਾ
ਖੁੱਲੇ ਆਮ-
ਸ਼ੋਰ ਸਾਹਾਂ ਦਾ ਉਠੇਗਾ ਹੀ ਕਦੀ,
ਤੇ ਮੈਂ-
ਅੱਖਾਂ ਦੀਆਂ ਕੱਸੀਆ 'ਚ
ਹਿੰਝ ਆਉਣੋ ਹੀ ਰੋਕ ਲਏ
ਘੁੱਟ ਘੁੱਟ ਕਰਕੇ ਪੀ ਲਿਆ
ਉਸਦਾ ਸਿਤਮ
ਸੋਚਿਆ,
ਮੇਰੀ ਹਾਰ ਦਾ ਨੰਗਾ ਨਾਚ
ਦੇਖਣਗੇ ਉਹ ਚਮਕਦੀਆ ਅੱਖਾਂ ਨਾਲ
ਤੇ ਮੈਂ
ਜ਼ਬਤ ਕਰ ਲਿਆ
ਹਰ ਉਹ ਲਫ਼ਜ਼
ਜੋ ਉਨ੍ਹਾਂ ਦੀ ਹਿੱਕੋਂ ਉਠਿਆ
ਤੇ ਜ਼ੁਬਾਨ ਨੇ ਉਗਲਿਆ
ਸੋਚਿਆ ---ਮੈਂ ?
ਮੈਂ ਤਾਂ ਉਹ ਔਰਤ ਹਾਂ
ਜੋ ਧਰਤੀ ਦੀ ਕੁੱਖ ਨੇ ਜਨਮੀ
ਤੇ
ਧਰਤੀ ਦਾ ਸੀਨਾ ਚੀਰ ਹੀ
ਭਸਮ ਹੋ ਗਈ-
ਕੋਈ ਰਾਮ ਵੀ
ਨਹੀਂ ਤੋੜ ਸਕਿਆ
ਸੀਤਾ ਦੇ ਹਠ ਦੀ ਸੀਮਾ
ਜ਼ਬਤ ਉਸਨੇ ਉਦੋਂ ਵੀ ਕੀਤਾ
ਤੇ ਅਜ ਵੀ ਕਰ ਰਹੀ ਹੈ
ਅਪਣੀ ਸੋਚ ਅੰਦਰ
ਘੁਟ ਘੁਟ ਮਰ ਰਹੀ ਹੈ
ਅੱਖਾਂ ਵਿਚ
ਹੰਝੂਆ ਦੀ ਟਪਕ ਹੈ
ਤੇ ਮਸਤਕ 'ਚ
ਤੀਜੇ ਨੇਤਰ ਦੀ ਲੋਅ ।
ਹੋਸ਼ ਦੀ ਸੀਮਾ
ਸੋਚਦੀ ਸਾਂ
ਹੁਣ ਜ਼ਖਮ ਸੁੱਕ ਗਏ ਨੇ
ਨਿਸ਼ਾਨ ਮਿਟੇ ਨਹੀਂ ਤਾਂ
ਮਿਟ ਜਾਣਗੇ ਹੀ
ਤੇ ਹੁਣ ਮੈਂ-
ਹੋਸ਼ ਦੀ ਕੰਨੀ ਫੜ ਤੁਰਨਾ ਸਿਖ ਲਿਆ
ਸੁਰਤ ਤੋਂ ਬੇਸੁਰਤੀ ਤਕ ਦੀ
ਸੀਮਾ ਦੇ ਆਰ ਪਾਰ
ਖੜੋ ਮਰਨਾ ਸਿਖ ਲਿਆ ।
ਗੱਲ ਤਾਂ ਹੋਸ਼ 'ਚ ਰਹਿਣ ਦੀ ਏ
ਸਿਲ ਪੱਥਰ ਦੀ ਮਾਰ ਸਹਿਣ ਦੀ ਏ ।
ਸੋਚਦੀ ਸਾਂ
ਹੁਣ ਮੈਂ ਸਿਰ ਵੀ ਪਟਕਾਂ
ਤਾਂ ਪੱਥਰ ਭੰਨ ਦਿਆਂਗੀ
ਪਰ ਹੋਇਆ ਕੀ-
ਮਾਰ ਵੇਲੇ
ਉਹ ਪੱਥਰ ਨਹੀਂ ਫੁਲ ਸੀ
ਤੇ ਅਹਿਸਾਸ ਹੰਢਾ
ਘਾਇਲ ਹੋ-
ਕਿਣਕਾ ਕਿਣਕਾ ਬਣ ਕਿਰਨਾ ਸਿਖ ਲਿਆ ।
ਉਸ ਵਕਤ ਮੈਂ ਨਹੀਂ-
ਮੇਰੇ ਅੰਦਰਲਾ ਪੱਥਰ
ਡੁਸ ਡੁਸ ਕਰਦਾ ਰੋਇਆ ਸੀ
ਤੇ ਮੈਂ ?
ਹੋਸ਼ੋਂ - ਬੇਹੋਸ਼
ਤੇ ਮੁੜ ਹੋਸ਼ ਦੀ ਸੀਮਾ ਨੂੰ ਭਾਲਣਾ ਸਿਖ ਲਿਆ ।
ਕਵਿਤਾਵਾਂ ਪਸੰਦ ਆਈਆਂ . ਮੁਬਾਰਕਾਂ
ReplyDeleteਬਲਬੀਰ ਕੌਰ ਜੀ....ਜੇ ਮੇਰਾ ਅੰਦਾਜ਼ਾ ਸਹੀ ਹੋਵੇ ਕੀ ਆਪ ਦਾ ਪਿੰਡ ਸੰਘੇੜਾ ਬਰਨਾਲ਼ਾ ਜ਼ਿਲ੍ਹੇ 'ਚ ਪੈਂਦਾ ਹੈ....ਬਰਨਾਲੇ ਦਾ ਗੁਆਂਢੀ.....
ReplyDeleteਮੈਂ ਬਰਨਾਲ਼ੇ ਦੀ ਜੰਮ- ਪਲ ਹਾਂ....
ਤੁਸਾਂ ਦੀਆਂ ਬਹੁਤ ਹੀ ਵਧੀਆ ਲੱਗੀਆਂ....
ਲਿਖਦੇ ਰਹੋ !!!
ਹਰਦੀਪ ਕੌਰ ( ਬਰਨਾਲਾ)