ਜਤਿੰਦਰ ਢਿੱਲੋਂ ਰੰਧਾਵਾ ਨਾਲ ਕੁਝ ਗੱਲਾਂ
ਸੁਰਜੀਤ, ਟੋਰਾਂਟੋ
ਅੱਜ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਜਤਿੰਦਰ ਢਿੱਲੋਂ
ਰੰਧਾਵਾ ਨਾਲ। ਜਤਿੰਦਰ ਕਾਫੀ ਅਰਸੇ ਤੋਂ ਬਰੈਂਪਟਨ ਵਿਚ ਰਹਿ ਰਹੀ ਹੈ। ਕਿੱਤੇ ਵੱਜੋਂ ਉਹ ਇਕ
ਅਧਿਆਪਕ ਹੈ ਅਤੇ ਕਵਿਤਾ ਲਿਖਦੀ ਹੈ। ਕਈ ਸਾਹਿਤਕ ਸੰਸਥਾਵਾਂ ਦੀ ਉਹ ਅਗਵਾਈ ਕਰਦੀ ਰਹੀ ਹੈ ਅਤੇ
ਅੱਜਕੱਲ ਇੱਥੋਂ ਦੀ ਸਾਹਿਤਕ ਸੰਸਥਾ ਪੰਜਾਬੀ ਕਲਮਾਂ ਦੇ ਕਾਫਲੇ ਦੀ ਕੋਆਰਡੀਨੇਟਰ ਹੈ। ਪੇਸ਼ ਹੈ ਉਸ
ਨਾਲ ਸੰਖੇਪ ਜਿਹੀ ਗੱਲਬਾਤ।
1. ਜਤਿੰਦਰ ਜੀ ਸਭ ਤੋਂ ਪਹਿਲਾਂ ਪਰਿਵਾਰਿਕ ਪਿਛੋਕੜ, ਮੁੱਢਲੀ ਤੇ ਉਚੇਰੀ ਵਿਦਿਆ ਬਾਰੇ ਆਪਣੇ
ਪਾਠਕਾਂ ਨਾਲ ਸਾਂਝ ਪੁਆਓ।
ਮੇਰਾ ਜਨਮ ਹਰਿਆਣਾ ਵਿਚ ਹੋਇਆ ਤੇ ਮੇਰੀ ਮੁੱਢਲੀ ਸਿੱਖਿਆ ਵੀ ਹਰਿਆਣੇ ਤੋਂ ਹੀ ਹੈl ਮੇਰੀ ਮੁੱਢਲੀ ਵਿਦਿਆ (ਮੈਟ੍ਰਿਕ ਅਤੇ
ਬੀ- ਏ) ਤੱਕ ਦੀ ਮੇਰੇ ਸ਼ਹਿਰ ਟੋਹਾਣਾ ਤੋਂ ਅਤੇ
ਉਚੇਰੀ ਵਿਦਿਆ ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਹਾਸਿਲ ਕੀਤੀ l ਜਿਥੇ ਮੈਂ ਐਮ.ਏ. ਐਮ. ਫਿਲ. ਅਤੇ ਪੀਐਚ. ਡੀ. ਦੀ ਡਿਗਰੀ
ਹਾਸਲ ਕੀਤੀ l
2. ਤੁਸੀਂ ਦੱਸਿਆ ਕਿ ਤੁਸੀਂ ਹਰਿਆਣੇ ਦੇ ਜੰਮ-ਪਲ ਹੋ ਫਿਰ
ਪੰਜਾਬੀ ਸਾਹਿਤ ਨਾਲ ਜੁੜਨ ਦਾ ਸਬੱਬ ਕਿਵੇਂ ਬਣਿਆ?
ਹਰਿਆਣਾ ਦਾ ਨਾਮ ਲੈਣ ਤੋਂ ਤੁਹਾਨੂੰ ਇਹ ਲੱਗ ਸਕਦਾ ਹੈ ਕਿ ਮੈਂ ਜੇ ਹਰਿਆਣਾ ਵਿਚ
ਜੰਮੀ-ਪਲੀ ਹਾਂ ਤੇ ਸ਼ਇਦ ਮੇਰੀ ਪਹਿਲੀ ਭਾਸ਼ਾ ਹਿੰਦੀ ਜਾਂ
ਹਰਿਆਣਵੀ ਹੋਵੇਗੀ ਪਰ ਨਹੀਂ ਮੇਰੀ ਮਾਂ ਬੋਲੀ ਪੰਜਾਬੀ ਸੀ ਤੇ ਘਰ ਵਿਚ ਵੀ ਮਾਹੌਲ ਬਿਲਕੁਲ ਪੰਜਾਬੀ ਸੀ ਅਤੇ ਅਸੀਂ ਹਮੇਸ਼ਾ ਪੰਜਾਬੀ ਹੀ ਬੋਲਦੇ ਹਾਂl ਪੰਜਾਬੀ
ਤੋਂ ਅਸੀਂ ਕਦੇ ਦੂਰ ਨਹੀਂ ਹੋਏl ਹਾਂ, ਘਰ ਤੋਂ ਬਾਹਰ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਸਾਡੀ ਜਿੰਦਗੀ ਦਾ ਹਿੱਸਾ ਬੇਸ਼ੱਕ ਰਹੀਆਂl ਪੰਜਾਬੀ ਬੋਲਣੀ, ਲਿਖਣੀ, ਪੜ੍ਹਨੀ ਅਤੇ ਪੰਜਾਬੀ ਵਿਰਸਾ ਮੇਰੀ ਜਿੰਦਗੀ ਵਿਚ ਸਦਾ ਸ਼ਾਮਿਲ ਰਿਹਾ l
3. ਤੁਸੀਂ ਕਵਿਤਾ
ਲਿਖਦੇ ਹੋ, ਪੰਜਾਬੀ ਦੇ ਕਿਹੜੇ ਕਿਹੜੇ ਕਵੀਆਂ ਨੂੰ ਤੁਸੀਂ ਪੜ੍ਹਿਆ ਹੈ ਅਤੇ ਤੁਹਾਨੂੰ ਕਿਹੜਾ ਕਵੀ
ਸਭ ਤੋਂ ਵਧੀਆ ਲੱਗਦਾ ਹੈ?
ਹਾਂ, ਮੈਂ ਕਵਿਤਾ
ਲਿਖ਼ਦੀ ਹਾਂ, ਇਹ ਕਵਿਤਾ ਲਿਖਣੀ
ਕਦੋਂ ਸ਼ੁਰੂ ਕੀਤੀ ਤੇ ਕਿਵੇਂ ਸ਼ੁਰੂ ਹੋਈ। ਇਸ ਬਾਰੇ ਕੋਈ
ਪੱਕਾ ਸਮਾਂ ਜਾਂ ਤਰੀਖ਼ ਨਹੀਂ ਹੈl ਮੈਂ ਵਰ੍ਹਿਆਂ ਤੋਂ ਲਿਖ ਰਹੀ ਹਾਂ, ਕਾਫੀ ਕੁਛ ਛੱਪ ਗਿਆ ਹੈ ਕੁਛ ਲਿਖਿਆ ਪਿਆ ਹੈ ਜੋ ਅਜੇ ਛੱਪਿਆ ਨਹੀਂ ਤੇ ਬਹੁਤ ਕੁਛ ਐਸਾ ਹੈ ਜੋ ਅਜੇ ਕਹਿਣਾ ਹੈ ਜੋ ਮੇਰੇ ਦਿਲ
ਵਿਚ ਹੀ ਹੈ ਬਸ ਸ਼ਬਦ ਰੂਪੀ ਜਾਮੇ ਦੀ ਉਡੀਕ ਵਿਚ ਹੈ ਤੇ ਛੇਤੀ ਹੀ ਤੁਹਾਡੇ ਰੂ-ਬ-ਰੂ ਹੋਵੇਗਾl ਜਿਵੇਂ
ਮੈਂ ਪਹਿਲਾਂ ਵੀ ਕਿਹਾ ਹੈ, ਪੰਜਾਬੀ ਸਾਹਿਤ
ਪੜ੍ਹਨ ਦੀ ਚੇਟਕ ਬਚਪਨ ਵਿਚ ਹੀ ਸੀ ਮੈਂ ਲਗਭਗ ਸਾਰੇ ਹੀ ਸਿਰਮੌਰ ਪੰਜਾਬੀ
ਕਵੀਆਂ ਨੂੰ ਪੜ੍ਹਿਆ ਹੈ ਜਿਹਨਾਂ ਵਿਚ ਲਹਿੰਦੇ ਤੇ ਚੜ੍ਹਦੇ ਦੋਹਾਂ ਪੰਜਾਬਾਂ ਦੇ ਕਵੀ
ਹਨ ਅਤੇ ਮੈਂ ਸਾਰਿਆਂ ਨੂੰ ਹੀ ਬਹੁਤ ਪਿਆਰ ਤੇ ਸਤਿਕਾਰ ਕਰਦੀ ਹਾਂl ਸਭ ਦਾ ਹੀ ਆਪੋ
ਆਪਣਾ ਖ਼ਿਆਲ ਹੈ ਤੇ ਉਡਾਰੀ ਹੈl ਇਹ ਸਾਰੇ ਹੀ ਕਮਾਲ ਦਾ ਲਿਖਦੇ ਹਨ, ਮੇਰੀ ਪ੍ਰੇਰਨਾ ਦੇ ਸਰੋਤ ਹਨ ਅਤੇ ਇਹਨਾਂ ਅੱਗੇ
ਮੇਰਾ ਸਿਰ ਝੁਕਦਾ ਹੈl ਹੁਣ ਕੈਨੇਡਾ ਵਿਚ
ਰਹਿੰਦਿਆਂ ਵੀ ਮੈਨੂੰ ਇਕ ਲੰਬਾ ਸਮਾਂ ਹੋ ਗਿਆ ਹੈ, ਇੱਥੇ ਕੈਨੇਡਾ, ਅਮਰੀਕਾ ਅਤੇ
ਇੰਗਲੈਂਡ ਵਿਚ ਵੀ ਵਧੀਆ ਮਿਆਰੀ ਕਵਿਤਾ ਅਤੇ ਗ਼ਜ਼ਲ ਲਿਖੀ
ਜਾ ਰਹੀ ਹੈl ਇਹ ਸਾਰੇ ਹੀ ਵਧੀਆ ਲਿਖ ਰਹੇ ਹਨ ਤੇ ਇਹਨਾਂ ਦੀਆਂ
ਕਵਿਤਾਵਾਂ ਵਿਚ ਵੀ ਮੌਲਿਕਤਾ ਤੇ ਨਵਾਂਪਣ ਹੈl ਕਿਸੇ ਇਕ ਦਾ ਨਾਮ ਲੈਣਾ ਦੂਸਰਿਆਂ ਨਾਲ
ਵਿਤਕਰਾ ਕਰਨਾ ਹੋਵੇਗਾ ਸੋ ਇਹੀ ਕਹਾਂਗੀ ਕੇ ਮੇਰੇ ਲਈ ਸਭ ਖਾਸ ਹਨl
4. ਤੁਸੀਂ ਬਹੁ-ਵਿਧਾਵੀ ਲੇਖਕ ਹੋ। ਕਵਿਤਾ, ਆਲੋਚਨਾ ਅਤੇ
ਕਹਾਣੀਆਂ ਦੀ ਕਿਤਾਬ ਛਪਵਾ ਚੁੱਕੇ ਹੋ, ਇਨ੍ਹਾਂ ਪੁਸਤਕਾਂ ਬਾਰੇ ਕੁਛ ਚਾਨਣਾ ਪਾਓ।
ਮੈਂ ਸਾਰੀਆਂ ਵਿਧਾਵਾਂ ਵਿਚ ਹੀ ਲਿਖਣ ਦਾ ਪਰਿਆਸ ਕੀਤਾ ਹੈ l ਇਸ ਦਾ ਕਾਰਣ ਇਹ
ਵੀ ਹੈ ਕਿ ਮੈਂ ਪੰਜਾਬੀ ਸਾਹਿਤ ਵਿਚ ਉਚੇਰੀ ਵਿਦਿਆ ਹਾਸਿਲ ਕਰਦਿਆਂ ਵੱਖੋ ਵੱਖਰੀਆਂ ਵਿਧਾਵਾਂ ਦਾ
ਅਧਿਅਨ ਕੀਤਾ ਹੈl ਮੇਰੀ ਐਮ. ਫਿਲ.
ਦਾ ਵਿਸ਼ਾ ਕਹਾਣੀ ਅਤੇ ਪੀ. ਐਚ. ਡੀ. ਦਾ ਵਿਸ਼ਾ
ਕਵਿਤਾ ਅਤੇ ਗੀਤਾਂ ਤੇ ਅਧਾਰਤ ਹੋਣ ਕਾਰਣ ਮੇਰੀ ਜਰੂਰਤ ਸੀ ਕੇ ਵੱਖੋ ਵੱਖਰੀਆਂ ਵਿਧਾਵਾਂ ਦੀਆਂ
ਪੁਸਤਕਾਂ ਪੜ੍ਹਾਂ ਅਤੇ ਸਮਝਾਂ ਇਸੇ ਲਈ ਸ਼ਇਦ ਮੈਂ ਕਹਾਣੀ, ਕਵਿਤਾ ਅਤੇ ਵਾਰਤਕ ਨੂੰ ਸਹਿਜ ਨਾਲ ਲਿਖ
ਲੈਣੀ ਹੈl ਮੇਰੀ ਇਕ ਕਵਿਤਾ ਦੀ ਪੁਸਤਕ ‘ਮੈਂ ਵੇਲ
ਹਾਂ’, ਇਕ ਕਹਾਣੀਆਂ ਦੀ ਪੁਸਤਕ ‘ਬਾਰ੍ਹੀਂ
ਬਰਸੀਂ ਖੱਟਣ ਗਿਆ ਸੀ’, ਪੰਜਾਬੀ ਲੋਕਗੀਤਾਂ ਵਿਚ ਨਾਰੀ ਸੰਵੇਦਨਾ
ਪਾਠਕਾਂ ਦੇ ਰੂ-ਬ-ਰੂ ਹੋ ਚੁਕੀਆਂ ਹਨ l
5. ਤੁਹਾਡੀ ਪਸੰਦੀਦਾ ਵਿਧਾ ਕਿਹੜੀ ਹੈ?
ਮੇਰੀ ਪਸੰਦੀਦਾ ਵਿਧਾ ਤੇ ਕਵਿਤਾ ਹੈ ਕਿਉਂਕਿ ਕਵਿਤਾ ਇਕ ਐਸੀ ਸਾਹਿਤਕ ਰਚਨਾ ਜਾਂ
ਵਿਧਾ ਹੁੰਦੀ ਹੈ ਜਿਸ ਵਿੱਚ ਵਿਲੱਖਣ ਸ਼ੈਲੀ ਅਤੇ ਤਾਲ ਦੀ ਵਰਤੋਂ ਕਰਕੇ ਭਾਵਨਾਵਾਂ ਅਤੇ ਵਿਚਾਰਾਂ
ਦੇ ਪ੍ਰਗਟਾਵੇ ਨੂੰ ਵਿਸ਼ੇਸ਼ ਤੀਬਰਤਾ ਦਿੱਤੀ ਜਾਂਦੀ ਹੈ ਜੋ ਹਿਰਦੇ ਵਿਚ ਸਿੱਧੀ ਲਹਿ ਜਾਂਦੀ ਹੈ
ਪਰ ਕਹਾਣੀ ਵਿਚ ਥੋੜੀ ਜਿਆਦਾ ਖੁੱਲ੍ਹ ਹੈ, ਕਹਾਣੀ ਇਕ
ਆਜ਼ਾਦ ਪੰਛੀ ਵਾਂਗਰ ਹੈ ਤੁਸੀਂ ਆਪਣੀ ਗੱਲ ਵਿਸਤਾਰ ਨਾਲ ਕਹਿ ਸਕਦੇ
ਹੋ ਕੋਈ ਸੁਰ-ਤਾਲ ਅਤੇ ਗਿਣਤੀ ਮਿਣਤੀ ਦਾ ਬੰਧਨ ਨਹੀਂ ਹੈ l
6. ਕਵੀ ਸੰਵੇਦਨਸ਼ੀਲ ਹੁੰਦੇ ਹਨ ਉਨ੍ਹਾਂ ਦਾ ਆਪਣਾ
ਲਿਖਣ-ਢੰਗ ਤੇ ਲਿਖਣ-ਵੇਲਾ ਹੁੰਦਾ ਹੈ, ਤੁਸੀਂ ਵਧੇਰੇ ਕਰਕੇ ਕਿਸ ਵੇਲੇ ਲਿਖਦੇ ਹੋ?
ਜਦੋਂ ਵੀ ਵਿਹਲ ਮਿਲਦੀ ਹੈ ਮੈਂ ਓਦੋਂ ਹੀ ਲਿਖਦੀ ਹਾਂl ਪੇਸ਼ੇ ਤੋਂ ਮੈਂ
ਅਧਿਆਪਕ ਹਾਂ ਤੇ ਲਿਖਣਾ ਮੇਰਾ ਸ਼ੌਂਕ ਹੈl ਮੇਰਾ ਕਿੱਤਾ ਮੇਰਾ ਪੈਸ਼ਨ ਹੈ ਇਕ ਮੇਰਾ
ਫਰਜ਼ ਹੈ, ਮੇਰੀ ਕਿਰਤ ਹੈ ਅਤੇ ਦੂਸਰਾ ਮੇਰਾ ਉਦੇਸ਼ ਹੈl ਮੈਂ ਇਹਨਾਂ ਦੋਹਾਂ ਵਿਚ
ਤਾਲਮੇਲ ਬਣਾ ਕੇ ਜਦੋ ਵੀ ਮੌਕਾ ਮਿਲਦਾ ਹੈ ਲਿਖ਼ਦੀ ਹਾਂ ਤੇ ਪੜ੍ਹਦੀ ਹਾਂl ਮੈਨੂੰ ਲੱਗਦਾ ਹੈ ਜੇ ਮੈਂ ਨਾ ਲਿਖਾਂ ਤੇ ਹੋਰ ਕੀ ਕਰਾਂ? ਜੋ ਕੁਝ ਮੇਰੇ ਅੰਦਰ ਹੈ, ਜੋ ਵੇਖਿਆ ਹੈ, ਜੋ ਸੁਣਿਆ ਹੈ, ਜੋ ਬੋਲਿਆ ਹੈ ਤੇ ਮਾਣਿਆ ਹੈ ਉਸ ਸਾਰੇ ਵਰਤਾਰੇ ਨੂੰ ਸ਼ਬਦਾਂ ਦਾ ਜਾਮਾ ਪਹਿਨਾ ਕੇ ਅੱਖਰ
ਨੂੰ ਸੰਜੋ ਕੇ ਸੁਆਰ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਦੀ ਹਾਂ l
7. ਆਪਣੀ ਕਵਿਤਾ ਦੀ ਸਿਰਜਣ ਪ੍ਰਕ੍ਰਿਆ ਬਾਰੇ ਸਾਨੂੰ ਦੱਸੋ।
ਮੈਨੂੰ ਤਾਂ ਇਹੀ ਲੱਗਦਾ ਹੈ ਕਿ ਜੋ ਜ਼ਿੰਦਗੀ ਵਿਚ ਤੁਹਾਡੇ ਨਾਲ਼ ਵਾਪਰਦਾ ਹੈ, ਤੁਹਾਡੀਆਂ ਖੁਸ਼ੀਆਂ ਤੁਹਾਡੇ ਚਾਅ, ਤੁਹਾਡੇ ਹੰਝੂ, ਤੁਹਾਡੇ ਹਉਕੇ, ਤੁਹਾਡੇ ਅਚੰਭੇ
ਸਮਾਂ ਪੈਣ ’ਤੇ ਤੁਹਾਡੇ ਸਰੀਰ ਵਿਚ, ਤੁਹਾਡੇ ਮਨ ਵਿਚ
ਤੇ ਤੁਹਾਡੇ ਖ਼ੂਨ ਵਿਚ ਆ ਲਹਿੰਦੇ ਹਨ। ਇਹੀ ਤੁਹਾਡੀਆਂ ਰਗਾਂ ਵਿਚ ਵਗਦਾ ਲਹੂ, ਤੁਹਾਡੀਆਂ ਅੱਖਾਂ ਵਿਚੋਂ ਡਿਗਦਾ ਪਾਣੀ, ਤੁਹਾਡੀਆਂ ਖੁਸ਼ੀਆਂ ਖੇੜੇ, ਤੁਹਾਡੇ ਗ਼ਮ, ਤੁਹਾਡੇ ਖ਼ਿਆਲਾਂ ’ਚੋਂ ਉੱਤਰ ਕੇ ਜਦੋਂ ਤੁਹਾਡੀਆਂ ਰਚਨਾਵਾਂ ਵਿਚ ਜਨਮ ਲੈਂਦੇ ਤੇ
ਤੁਹਾਡੇ ਤਜਰਬਿਆਂ ਸੰਗ ਖਹਿੰਦੇ ਜਵਾਨ ਹੁੰਦੇ ਤੇ ਮੌਲ਼ਦੇ ਹਨ ਤੇ ਕਦੀ ਭਾਂਬੜ ਬਣ ਮੱਚਣ ਲੱਗਦੇ ਹਨ।
ਫਿਰ ਕਦੀ ਉਹ ਕਵਿਤਾ ਜਾਂ ਕਹਾਣੀ ਬਣ ਤੁਹਾਡੇ ਜ਼ਿਹਨ ਵਿਚ ਝੁੱਮਰ ਪਾਉਣ ਲੱਗਦੇ
ਹਨ। ਉਹ ਕਦੀ ਸੱਜ ਵਿਆਹੀ ਨਾਰ ਵਾਂਗ ਨਖ਼ਰੇ ਦਿਖਾਉਂਦੇ ਹਨ, ਕਦੇ ਸੰਗਦੇ ਹਨ ਤੇ ਕਦੇ ਬੇਪ੍ਰਵਾਹ ਦਰਿਆ ਹੋ ਕੇ ਕੰਡਿਆਂ ਤੋਂ ਬਾਹਰ ਹੋ ਵੱਗਦੇ ਹਨ।
ਮੇਰੀ ਜਾਚੇ ਇਹੀ ਕਵਿਤਾ ਦੀ ਰਚਣ ਪ੍ਰਕ੍ਰਿਆ ਹੈ l
8. ਅਜੋਕੀ ਪੰਜਾਬੀ ਸਾਹਿਤ-ਆਲੋਚਨਾ ਦਾ ਮੁਹਾਂਦਰਾ ਤੁਹਾਡੀਆਂ ਨਜ਼ਰਾਂ ਵਿਚ ਕਿਸ ਤਰ੍ਹਾ ਦਾ ਹੈ?
ਅਜੋਕੀ ਪੰਜਾਬੀ ਆਲੋਚਨਾ
ਦਾ ਮੁਹਾਂਦਰਾ ਦੱਸਣਾ ਇਕ ਬਹੁਤ ਅਉਖਾ ਸਵਾਲ ਹੈ ਤੇ
ਜਵਾਬ ਦੇਣਾ ਉਸ ਤੋਂ ਵੀ ਮੁਸ਼ਕਿਲ l ਮੈਨੂੰ ਨਹੀਂ ਲੱਗਦਾ ਕਿ ਮੈਂ ਆਪਣੇ ਛੋਟੇ ਮੂੰਹ ਤੋਂ ਇਸ ਵੱਡੀ ਬਾਤ ਨੂੰ ਕਹਿ ਪਾਊਂਗੀ l ਨਿਰਪੱਖ ਆਲੋਚਨਾ ਪੰਜਾਬੀ
ਸਾਹਿਤ ਲਈ ਇਕ ਬਹੁਤ ਜਰੂਰੀ ਅਤੇ ਵਿਚਾਰਨਯੋਗ ਵਿਸ਼ਾ ਹੈ l
9. ਪੰਜਾਬੀ ਭਾਸ਼ਾ ਤੇ ਸਾਹਿਤ ਦੀਆਂ ਭਵਿੱਖਮੁਖੀ
ਸੰਭਾਵਨਾਵਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਜਾਪਦੀਆਂ ਹਨ?
ਪੰਜਾਬੀ ਭਾਸ਼ਾ ਅਤੇ ਪੰਜਾਬੀ ਸਾਹਿਤ ਦੋ ਵੱਖੋ-ਵੱਖਰੇ ਵਿਸ਼ੇ ਹਨ l ਪੰਜਾਬੀ
ਸਾਹਿਤਕਾਰ ਚੰਗਾ ਸਾਹਿਤ ਲਿੱਖ ਰਹੇ ਨੇ ਨਵੇਂ
ਮੁਹਾਵਰੇ ਸਿਰਜ ਰਹੇ ਹਨ l ਪੱਛਮੀ ਸਾਹਿਤ ਤੋਂ ਵੀ ਪ੍ਰਭਾਵਿਤ ਹਨ ਅਤੇ ਆਪਣੀਆਂ
ਰਚਨਾਵਾਂ ਵਿਚ ਨਵੇਂ ਨਵੇਂ ਪ੍ਰਯੋਗ ਕਰ ਰਹੇ ਹਨ l ਕਹਾਣੀ ਅਤੇ ਗ਼ਜ਼ਲ
ਦੇ ਖੇਤਰ ਵੱਲ ਰੁਝਾਨ ਵੱਧ ਰਹੇ ਹਨ l ਚੰਗੀ ਕਵਿਤਾ ਲਿਖੀ ਜਾ ਰਹੀ ਹੈ ਪਰ ਲੇਖਕ ਆਪਸ ਵਿਚ
ਹੀ ਪੜ੍ਹੀ-ਸੁਣੀ ਜਾ ਰਹੇ ਹਨ ਕਿਉਂਕਿ ਨਵੀ ਪੀੜ੍ਹੀ ਇਸ ਵੱਲ ਆਕਰਸ਼ਿਤ ਨਹੀਂ ਹੋ ਰਹੀ l ਸਕੂਲਾਂ
ਕਾਲਜਾਂ ਵਿਚ ਪੰਜਾਬੀ ਪੜ੍ਹਨ ਦਾ ਰੁਝਾਨ ਘੱਟ ਰਿਹਾ ਹੈ ਤੇ ਪੰਜਾਬੀ ਬੋਲੀ ਵੀ ਘੱਟ ਹੀ ਬੋਲੀ ਜਾ
ਰਹੀ ਹੈ l ਇਸ ਲਈ ਜਮੀਨੀ ਪੱਧਰ ਤੇ ਯਤਨ ਕਾਰਣ ਦੀ ਲੋੜ ਹੈ ਤਾਂ
ਜੋ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਹੋ ਸਕੇ ਤੇ ਨਵੀ ਪੀੜ੍ਹੀ ਨੂੰ ਨਾਲ ਜੋੜ ਕੇ ਚਲਿਆ ਜਾਵੇ l
10. ਤੁਸੀਂ ਆਪਣੀ ਕਾਵਿ-ਕਿਤਾਬ ਦਾ ਨਾਮ ‘ਮੈਂ ਵੇਲ ਹਾਂ’
ਕਿਉਂ ਰੱਖਿਆ?
ਮੇਰੀ ਕਾਵਿ ਪੁਸਤਕ ਦਾ ਨਾਮ "ਮੈਂ ਵੇਲ ਹਾਂ" ਸਿਮਬੋਲਿਕ ਹੈ ਅਤੇ ਮੇਰੀ ਇਕ ਖਾਸ ਕਵਿਤਾ
ਤੇ ਆਧਾਰਿਤ ਹੈ l
ਜਿਸ ਵਿਚ ਔਰਤ ਨੂੰ ਇਕ ਵੇਲ ਦੇ ਰੂਪ ਵਿਚ ਦਰਸ਼ਾਇਆ ਗਿਆ ਹੈ ਜੋ ਖੂਬਸੂਰਤ, ਕੋਮਲ, ਅਤੇ ਨਾਜ਼ੁਕ ਹੋਣ ਦੇ ਬਾਵਜ਼ੂਦ ਵੀ ਆਪਣੇ
ਆਪ ਵਿਚ ਸੰਪੂਰਨ ਅਤੇ ਸ਼ਕਤੀਸ਼ਾਲੀ ਹੈ ਜੋ ਫਿਤਰਤ ਅਤੇ ਮੋਹ ਵੱਸ ਦਰਖ਼ਤ ਨਾਲ ਵਲ਼ੀ ਤਾਂ ਹੋਈ ਹੈ ਪਰ
ਉਸ ਤੇ ਨਿਰਭਰ ਨਹੀਂ ਹੈ l ਉਸ ਦਾ ਆਪਣਾ ਵਜ਼ੂਦ
ਹੈ l
ਇਹਨਾਂ ਪੰਗਤੀਆਂ ਨਾਲ ਸ਼ਇਦ ਉਸ ਦੇ ਮਾਇਨੇ ਸਪਸ਼ਟ ਹੋ ਜਾਣ l
ਵੇਲ ਹਾਂ,
ਲਿਪਟੀ ਹਾਂ ਤੇਰੇ ਆਸਰੇ ਪਰ ਕਮਜ਼ੋਰ ਨਹੀਂ ਹਾਂ
ਇਹ ਤਾਂ ਮੇਰੀ ਫਿਤਰਤ ਹੈ ਤੈਨੂੰ ਵਡਿਆਉਣ ਦੀ
ਤੈਨੂੰ ਉਚਿਆਉਂਣ ਦੀ, ਤੂੰ ਮੈਨੂੰ ਕਮਜ਼ੋਰ ਸਮਝਨ
ਦੀ ਭੁੱਲ ਨਾ ਕਰੀਂ l
ਮੰਗਦੀ ਹਾਂ ਤੇਰੀ ਛਾਂ ਕੇ ਤੇਰਾ ਗਰੂਰ ਬਣਿਆ ਰਹੇ
ਤੱਕਦੀ ਹਾਂ ਤੇਰਾ ਰਾਹ ਕੇ ਤੇਰਾ ਸਰੂਰ ਬਣਿਆ ਰਹੇ
ਨਿਮਾਣੀ ਹਾਂ ਤੇ ਇਸ ਲਈ ਕੇ ਤੇਰਾ ਮਾਨ ਬਣਿਆ ਰਹੇ
ਪਰ ਤੂੰ ਮੇਰਾ ਅੰਨਦਾਤਾ ਨਹੀਂ, ਤੇ ਨਾਂਹੀ ਮੈਂ ਤੇਰੀ ਚੱਮ ਦੀ ਗੁੱਡੀ
ਮੈਂ ਤਾਂ ਤੇਰੀ ਅੰਨ-ਪੂਰਨਾ ਹਾਂ l
11. ਤੁਹਾਡੇ ਹਿਸਾਬ ਨਾਲ ਨਾਰੀ-ਕਾਵਿ ਵਿਚ ਗਿਣਾਤਮਕ ਅਤੇ
ਗੁਣਾਤਮਕ ਪੱਖੋਂ ਕੀ ਵਾਧਾ
ਹੋਇਆ?
ਪੰਜਾਬੀ ਸਾਹਿਤ ਵਿਚ ਨਾਰੀ ਕਾਵਿ ਦਾ ਇਕ ਅਹਿਮ ਸਥਾਨ ਹੈ , ਨਾਰੀ ਕਾਵਿ ਨੇ ਗੁਣਾਤਮਕ ਅਤੇ ਗਿਣਾਤਮਕ
ਦੋਹਾਂ ਰੂਪਾਂ ਵਿਚ ਹੀ ਵਾਧਾ ਕੀਤਾ ਹੈ l ਸਾਡੇ ਪੰਜਾਬੀ
ਸਾਹਿਤ ਵਿਚ ਨਾਰੀ ਕਾਵਿ ਨੇ ਨਵੇਂ ਦਿਸਹੱਦੇ ਸਿਰਜੇ ਨੇ l ਔਰਤ ਮਨ ਦੀਆਂ
ਵੇਦਨਾ, ਸੰਵੇਦਨਾ, ਅੰਤਰੀਵ ਭਾਵਨਾਵਾ ਅਤੇ ਔਰਤ ਦੇ ਮਨ ਦੀਆਂ
ਗੁੰਝਲਾਂ ਨੂੰ ਜ਼ੁਬਾਨ ਦਿੱਤੀ ਹੈ ਜਿਸ ਨਾਲ ਪੰਜਾਬੀ ਸਾਹਿਤ ਵਿਚ ਗੁਣਾਤਮਕ ਤੌਰ ਤੇ ਵਾਧਾ ਹੋਇਆ ਹੈ
l
ਅੰਮ੍ਰਿਤਾ ਪ੍ਰੀਤਮ, ਮਨਜੀਤ ਟਿਵਾਣਾ,ਸ਼ੀਲਾ ਭਾਟੀਆ, ਪ੍ਰਭਜੋਤ ਕੌਰ, ਨਿਰੁਪਮਾ ਦੱਤ , ਪੀਰੋ ਪ੍ਰੇਮਣ, ਮੋਨਿਜ਼ਾ ਅਲਵੀ, ਸੁਖਵਿੰਦਰ ਅੰਮ੍ਰਿਤ ਅਤੇਸਾਡੇ ਕੈਨੇਡਾ ਦੀ ਸੁਰਜੀਤ ਕੌਰ ਅਤੇ ਹੋਰ ਕਈ ਨਾਰੀ ਕਵਿਤਰੀਆਂ ਨੇ
ਜਿਹਨਾਂ ਦੇ ਨਾਮ ਮੇਰੇ ਜ਼ਿਹਨ ਵਿਚ ਇਸ ਵੇਲੇ ਨਹੀਂ ਆ ਰਹੇ ਅਰਥਭਰਪੂਰ ਰਚਨਾਵਾਂ ਨਾਲ ਪੰਜਾਬੀ
ਸਾਹਿਤ ਦੀ ਝੋਲੀ ਭਰੀ ਹੈ l
12. ਕਵਿਤਾ ਦਾ ਸੰਬੰਧ ਮਨ ਨਾਲ ਹੈ, ਕੀ ਜਗਾ ਬਦਲਣ ਨਾਲ
ਸੋਚ ਵੀ ਬਦਲ ਜਾਂਦੀ ਹੈ? ਕੈਨੇਡਾ ਆ ਕੇ ਤੁਹਾਡੀ ਕਵਿਤਾ ਵਿਚ ਕੀ ਬਦਲਾਓ ਆਇਆ ਮਹਿਸੂਸ ਕਰਦੇ ਹੋ?
ਕਵਿਤਾ ਤਾਂ ਸਾਡੇ ਅੰਦਰ ਹੀ ਹੁੰਦੀ ਹੈ ਬਸ ਵਿਗਸਣ
ਨੂੰ, ਮੌਲਣ ਨੂੰ ਬਹਾਨਾ ਹੀ ਟੋਲਦੀ ਹੁੰਦੀ ਹੈ।
ਇਹ ਤਾਂ ਤੁਹਾਡੇ ਸੰਘਰਸ਼, ਤੁਹਾਡੀਆਂ
ਖੁਸ਼ੀਆਂ, ਤੁਹਾਡੀਆਂ ਪ੍ਰਾਪਤੀਆਂ, ਤੁਹਾਡੀ ਚੁੱਪ ਦੇ ਪਿੱਛੇ ਲੁਕਣ-ਮੀਚੀ ਖੇਡ ਰਹੀ
ਹੁੰਦੀ ਹੈ। ਮੈਂ ਵੀ, ਮੇਰੇ ਅੰਦਰ
ਲੁਕੀ-ਛਿਪੀ ਅਠਖੇਲੀਆਂ ਕਰਦੀ ਇਸੇ ਕਵਿਤਾ ਨੂੰ ਉਘਾੜਿਆ ਹੈ, ਜੋ ਪਤਾ ਨਹੀਂ ਕਦੋਂ ਦੀ ਮੇਰੇ ਅੰਦਰ ਉੱਸਲ-ਵੱਟੇ ਲੈ ਰਹੀ ਸੀ ਜੀਵਿਆ ਹੈ l ਜਗਾਹ
ਬਦਲਣ ਨਾਲ ਤੁਹਾਡੀਆਂ ਕਵੀਤਾਵਾਂ ਦੇ ਵਿਸ਼ੇ ਬਦਲ ਜਾਂਦੇ ਨੇ l ਜਿਵੇਂ ਜਿਵੇਂ
ਤੁਹਾਡਾ ਚੌਗਿਰਦਾ ਬਦਲਦਾ ਹੈ ਤਿਵੇਂ ਤਿਵੇਂ ਤੁਹਾਡੀ ਸੋਚ ਅਤੇ ਤੁਹਾਡੇ ਆਲੇ ਦੁਵਾਲੇ ਦੀਆਂ
ਸਮੱਸਿਆਵਾਂ, ਸੰਘਰਸ਼, ਪ੍ਰਸਥਿਤੀਆਂ ਬਦਲਦੀਆਂ ਹਾਂ l ਕੈਨੇਡਾ
ਇਕ ਰੰਗ ਬਿਰੰਗੇ ਫੁੱਲਾਂ ਵਰਗੇ ਲੋਕਾਂ ਦਾ ਦੇਸ਼ ਹੈ ਜੋ ਪੂਰੇ ਸੰਸਾਰ ਤੋਂ ਆ ਕੇ ਇਥੇ ਵੱਸੇ ਹਨ,ਜਿਹਨਾਂ ਕਰਕੇ
ਮੇਰੀ
ਕਵਿਤਾ ਦਾ ਥੀਮਕ ਪਾਸਾਰ ਵੀ ਗਲੋਬਲੀ ਹੋ ਗਿਆ ਹੈ l
13. ਪੰਜਾਬੀ ਵਿਚ ਬਹੁਤ ਸਾਰੇ ਓਨ ਲਾਈਨ ਮੈਗਜ਼ੀਨ
ਨਿਕਲ ਰਹੇ ਹਨ ਇਨ੍ਹਾਂ ਦੀ ਕੀ ਸਾਰਥਕਤਾ ਹੈ?
ਪੰਜਾਬੀ
ਵਿਚ ਨਿਕਲ ਰਹੇ ਔਨ-ਲਾਈਨ
ਮੈਗਜ਼ੀਨਾਂ ਨਾਲ ਨਵੇਂ ਅਤੇ ਪੁਰਾਣੇ ਸਾਰੇ ਹੀ ਲੇਖਕਾਂ ਨੂੰ ਫਾਇਦਾ ਹੁੰਦਾ ਹੈ, ਉਹਨਾਂ
ਦੀਆਂ
ਰਚਨਾਵਾਂ ਨੂੰ ਲੋਕ ਪੜ੍ਹਦੇ ਹਨ ਅਤੇ ਪੰਜਾਬੀ ਸਾਹਿਤ ਜਿਆਦਾ ਲੋਕਾਂ ਦੀ ਪਹੁੰਚ ਵਿਚ ਆ ਜਾਂਦਾ ਹੈ
ਇਸ ਲਈ ਔਨ-ਲਾਈਨ ਮੈਗਜ਼ੀਨਸ ਨਿਰਸੰਦੇਹ ਪਾਠਕਾਂ ਲਈ ਅਤੇ ਲੇਖਕਾਂ ਦੇ ਹੱਕ ਵਿਚ ਹਨ l
14. ਤੁਸੀਂ ਮੂਲ ਰੂਪ ਵਿਚ ਇਕ ਕਵੀ ਹੋ, ਕਵਿਤਾ ਨਾਲ
ਤੁਹਾਡਾ ਕਿਹੋ ਜਿਹਾ ਰਿਸ਼ਤਾ ਹੈ ਅਤੇ ਕਿਸ ਤਰ੍ਹਾਂ ਦੀ ਕਵਿਤਾ ਤੁਹਾਨੂੰ ਵਧੇਰੇ ਪ੍ਰਭਾਵਿਤ ਕਰਦੀ
ਹੈ?
ਕਵਿਤਾ ਕਹਿਣਾ ਐਨਾ
ਸੌਖਾ
ਨਹੀਂ ਹੈ। ਇਹ ਤਾਂ ਜਜ਼ਬਾਤਾਂ ਦੀ , ਵਲਵਲਿਆਂ ਦੀ, ਵਿਸਮਾਦ ਦੀ ਅਤੇ ਸਾਡੇ ਆਲੇ ਦਵਾਲ਼ੇ ਦੇ ਪਸਾਰੇ
ਵਿੱਚਲੇ ਦੁਖਾਂ -ਸੁਖਾਂ ਦੀ ਜਾਦੂਮਈ ਜਿਹੀ ਬਰਸਾਤ
ਹੈ l ਜਦੋਂ ਮਨ
ਪੰਘਰਦਾ ਹੈ, ਅਹਿਸਾਸ ਮੌਲਦੇ
ਹਨ ਤੇ ਸ਼ਬਦਾਂ ਦੀ ਖੇਡ ਆਪ ਮੁਹਾਰੇ ਹੀ ਚੱਲ ਪੈਂਦੀ ਹੈ ਤੇ ਰੂਹ ਵਿਚ ਸੰਗੀਤ ਜਿਹਾ ਵੱਜਣ ਲੱਗਦਾ
ਹੈ, ਸੁਰਤਾਲ ਖੜਕਣ ਲੱਗਦੇ ਹਨ ਤੇ ਫਿਰ ਕਵਿਤਾ ਦਾ
ਜਨਮ ਹੁੰਦਾ ਹੈ l ਮਨ ਹੋਲਾ ਫੁੱਲ ਹੋ ਜਾਂਦਾ ਹੈ l ਮੇਰਾ ਵੀ ਕਵਿਤਾ ਨਾਲ ਕੁਛ ਅਜਿਹਾ ਹੀ ਰਿਸ਼ਤਾ ਹੈ ਪਰ ਮੈਂ ਸਮਝਦੀ ਹਾਂ ਕੇ ਜਦੋਂ ਇਹ ਮੀਂਹ ਧੁਰ ਅੰਦਰ ਲਹਿ ਰਿਹਾ ਹੋਵੇ ਤੇ ਕੁਛ ਐਸਾ ਰਚੋ ਜਿਸ ਦਾ ਕੋਈ ਮਤਲਬ ਹੋਵੇ, ਕੋਈ ਉਦੇਸ਼ ਹੋਵੇ, ਕੋਈ ਚੋਟ ਕਰੇ। ਹਰ ਲਫਜ਼ ਕੁਝ ਇਸ਼ਾਰਾ ਕਰੇ, ਹਰ ਅੱਖਰ ਕੋਈ ਬੁਣਤੀ ਬੁਣੇ, ਹਰ ਸਤਰ ਜਿਵੇਂ
ਕੋਈ ਸਵਾਲ ਕਰ ਰਹੀ ਹੋਵੇ l
ਅੱਜ ਕਲ ਦੇ ਸਮੇਂ ਦੀ ਕਵਿਤਰੀ ਸੁਖਵਿੰਦਰ
ਅੰਮ੍ਰਿਤ ਹੈ ਜਿਸ ਤੋਂ ਮੈਂ ਬਹੁਤ ਪ੍ਰਭਾਵਿਤ ਹਾਂ l
15. ਤੁਸੀਂ ਕਾਫੀ ਸਮੇਂ ਤੋਂ ਕੈਨੇਡਾ ਰਹਿ ਰਹੇ ਹੋ, ਇੱਥੇ
ਆਉਣ ਦਾ ਸਬੱਬ ਕਿਵੇਂ ਬਣਿਆ। ਆਪਣੇ
ਪਰਿਵਾਰ ਬਾਰੇ ਸੰਖੇਪ ਵਿਚ ਦੱਸੋ।
ਮੇਰਾ ਕੈਨੇਡਾ ਆਉਣ ਦਾ ਕੋਈ ਖਾਸ ਮਕਸਦ ਨਹੀਂ ਸੀ l ਮੇਰੇ ਕੋਲ ਚੰਗੀ
ਨੌਕਰੀ ਵੀ ਸੀ, ਘਰ ਬਾਰ ਵੀ ਠੀਕ
ਸੀ, ਬਸ ਦਿਲ ਹੀ ਉਦਾਸ ਸੀ l ਇਥੇ
ਸੁਰਜੀਤ ਪਾਤਰ ਸਾਹਿਬ ਦਾ ਸ਼ੇਰ ਯਾਦ ਆ ਰਿਹਾ ਹੈ :
ਸੁੰਨੇ ਸੁੰਨੇ ਰਾਹਾਂ ਵਿਚ ਕੋਈ ਕੋਈ ਪੈੜ ਹੈ l
ਦਿਲ ਹੀ ਉਦਾਸ ਹੈ ਜੀ , ਬਾਕੀ ਸਬ ਖੈਰ ਹੈ l
ਕਿਤੇ ਜਾਣਾ ਚਾਹੁੰਦੀ
ਸੀ , ਦੂਰ ਬਹੁਤ ਦੂਰ , ਜਿਥੇ ਹਰ ਸ਼ੈਅ ਨਵੀ ਹੋਵੇ, ਫਿਰ ਤੋਂ
ਜਿੰਦਗੀ ਸ਼ੁਰੂ ਕਰਾਂ, ਆਪਣੇ ਦਮ ਤੇ l
ਬਸ ਫਿਰ ਮੈਂ ਕੈਨੇਡਾ ਆ ਗਈ l ਆਪਣੀ ਜਿੰਦਗੀ ਨੂੰ ਨਵੇਂ ਸਿਰੇ ਤੋਂ ਤਰਤੀਬ ਕੀਤਾ
ਤੇ ਹੁਣ ਸਬ ਠੀਕ ਹੈ l
ਮੇਰੇ ਪਰਿਵਾਰ ਵਿਚ ਮੇਰੀਆਂ ਦੋ ਬੇਟੀਆਂ ਹਨ, ਜੋ ਮੇਰੀਆਂ ਹੁਣ ਮੇਰੇ ਵਿਹੜੇ ਦੀਆਂ ਧਰੇਕਾਂ ਬਣ ਗਈਆਂ ਹਾਂ ਤੇ ਮੈਂ ਉਹਨਾਂ ਦੀ ਛਾਂ ਵਿਚ
ਬੈਠੀ ਹਾਂ l ਬਸ ਵਿਸਮਾਦ ਦੀ ਅਵਸਥਾ ਵਿਚ l